Home / ਪੰਜਾਬੀ ਖਬਰਾਂ / ਪੰਜਾਬ ਦੇ ਇਸ ਇਲਾਕੇ ‘ਚ ਆਇਆ ਹੜ੍ਹ!

ਪੰਜਾਬ ਦੇ ਇਸ ਇਲਾਕੇ ‘ਚ ਆਇਆ ਹੜ੍ਹ!

ਸੰਭਾਵਿਤ ਹੜ੍ਹ ਦੀ ਸਥਿਤੀ ਨਾਲ ਪ੍ਰਭਾਵੀ ਢੰਗ ਨਾਲ ਨਜਿੱਠਣ ਲਈ ਜਲੰਧਰ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਭਾਰਤੀ ਫ਼ੌਜ ਦੇ ਸਹਿਯੋਗ ਨਾਲ ਪਾਣੀ ਵਿਚ ਮੌਕ ਡ੍ਰਿੱਲ ਦਾ ਆਯੋਜਨ ਕੀਤਾ ਗਿਆ। ਇਸ ਦੌਰਾਨ ਹੈਲੀਕਾਪਟਰ ਨਾਲ ਪਹੁੰਚੀਆਂ ਰਾਹਤ ਟੀਮਾਂ ਨੇ ਜਿੱਥੇ ਆਪਣੇ ਹੁਨਰ ਦਾ ਪ੍ਰਦਰਸ਼ਨ ਕੀਤਾ, ਉਥੇ ਹੀ ਵੱਖ-ਵੱਖ ਵਿਭਾਗਾਂ ਦੀਆਂ ਟੀਮਾਂ ਨੇ ਬੇੜੀਆਂ ਜ਼ਰੀਏ ਮੋਰਚਾ ਸੰਭਾਲਦੇ ਹੋਏ ਲੋਕਾਂ ਨੂੰ ਬਚਾਇਆ।

ਅਧਿਕਾਰੀਆਂ ਨੇ ਕਿਹਾ ਕਿ ਹੜ੍ਹ ਅਤੇ ਹੰਗਾਮੀ ਸਥਿਤੀ ਵਿਚ ਤੁਰੰਤ ਕਾਰਵਾਈ ਯਕੀਨੀ ਕਰਨ ਦੇ ਮੱਦੇਨਜ਼ਰ ਹੋਈ, ਇਸ ਮੌਕ ਡ੍ਰਿੱਲ ਦਾ ਆਯੋਜਨ ਸਤਲੁਜ ਨਦੀ ਕੰਢੇ ਸਥਿਤ ਪਿੰਡ ਤਲਵੰਡੀ ਕਲਾਂ ਵਿਚ ਕੀਤਾ ਗਿਆ। ਇਸ ਸੁਰੱਖਿਆ ਅਭਿਆਸ ਦੀ ਅਗਵਾਈ ਬ੍ਰਿਗੇਡੀਅਰ ਐੱਸ. ਚੈਟਰਜੀ ਵਾਈ. ਐੱਸ. ਐੱਮ. ਕਮਾਂਡਰ ਵੱਲੋਂ ਕੀਤੀ ਗਈ। ਡਿਪਟੀ ਕਮਿਸ਼ਨਰ ਡਾ. ਹਿਮਾਂਸ਼ੂ ਅਗਰਵਾਲ ਨੇ ਦੱਸਿਆ ਕਿ ਇਸ ਹੜ੍ਹ ਸੁਰੱਖਿਆ ਅਭਿਆਸ ਦਾ ਉਦੇਸ਼ ਤਿਆਰੀਆਂ ਦਾ ਮੁਲਾਂਕਣ ਕਰਨਾ ਅਤੇ ਇਸ ਨਾਲ ਜੁੜੇ ਸਾਰੇ ਵਿਭਾਗਾਂ ਵਿਚਕਾਰ ਬਿਹਤਰ ਤਾਲਮੇਲ ਸਥਾਪਤ ਕਰਨ ਤੋਂ ਪ੍ਰੇਰਿਤ ਹੈ। ਉਨ੍ਹਾਂ ਕਿਹਾ ਕਿ ਇਸ ਤਰ੍ਹਾਂ ਦੇ ਅਭਿਆਸ ਨਾ ਸਿਰਫ਼ ਪ੍ਰਸ਼ਾਸਨਿਕ ਨਜ਼ਰੀਏ ਤੋਂ ਜ਼ਰੂਰੀ ਹੁੰਦੇ ਹਨ, ਸਗੋਂ ਆਮ ਜਨਤਾ ਨੂੰ ਵੀ ਸੰਭਾਵਿਤ ਖ਼ਤਰਿਆਂ ਪ੍ਰਤੀ ਚੌਕਸ ਕਰਨ ਵਿਚ ਅਹਿਮ ਭੂਮਿਕਾ ਨਿਭਾਉਂਦੇ ਹਨ।

ਅਭਿਆਸ ਦੀ ਸ਼ੁਰੂਆਤ ਹੜ੍ਹ ਦੀ ਸਥਿਤੀ ਦਾ ਅਲਰਟ ਜਾਰੀ ਕਰਦੇ ਹੋਏ ਕੀਤੀ ਗਈ, ਜਿਸ ਦੇ ਤੁਰੰਤ ਬਾਅਦ ਵੱਖ-ਵੱਖ ਟੀਮਾਂ ਆਪਣੀ-ਆਪਣੀ ਡਿਊਟੀ ਦੇ ਮੁਤਾਬਕ ਹਰਕਤ ਵਿਚ ਆਈਆਂ। ਪਾਣੀ ਵਿਚ ਫਸੇ ਲੋਕਾਂ ਨੂੰ ਕੱਢਣ ਲਈ ਬੇੜੀਆਂ ਦੀ ਵਰਤੋਂ ਕੀਤੀ ਗਈ ਅਤੇ ਕੁਝ ਗੰਭੀਰ ਸਥਿਤੀਆਂ ਵਿਚ ਏਅਰ ਰੈਸਕਿਊ (ਹੈਲੀਕਾਪਟਰ ਬਚਾਅ) ਦਾ ਵੀ ਪ੍ਰਦਰਸ਼ਨ ਕੀਤਾ ਗਿਆ। ਮੈਡੀਕਲ ਟੀਮਾਂ ਨੇ ਮੁੱਢਲੇ ਇਲਾਜ ਦੀ ਵਿਵਸਥਾ ਸੰਭਾਲੀ। ਉਥੇ ਹੀ ਰਾਹਤ ਕੈਂਪਾਂ ਦੀ ਵੀ ਸਥਾਪਨਾ ਵਿਖਾਈ ਗਈ, ਜਿੱਥੇ ਪ੍ਰਭਾਵਿਤ ਲੋਕਾਂ ਨੂੰ ਤੁਰੰਤ ਸੁਰੱਖਿਅਤ ਥਾਵਾਂ ’ਤੇ ਪਹੁੰਚਾ ਕੇ ਭੋਜਨ, ਪਾਣੀ ਅਤੇ ਸਿਹਤ ਸਹੂਲਤਾਂ ਦਿੱਤੀਆਂ ਜਾਂਦੀਆਂ ਹਨ।


ਇਸ ਡ੍ਰਿੱਲ ਵਿਚ ਜ਼ਿਲ੍ਹਾ ਪ੍ਰਸ਼ਾਸਨ ਤੋਂ ਇਲਾਵਾ ਭਾਰਤੀ ਫ਼ੌਜ, ਐੱਨ. ਡੀ. ਆਰ. ਐੱਫ਼. (ਨੈਸ਼ਨਲ ਡਿਜ਼ਾਸਟਰ ਰਿਸਪਾਂਸ ਫੋਰਸ), ਐੱਸ. ਡੀ. ਆਰ. ਐੱਫ਼. (ਸਟੇਟ ਡਿਜ਼ਾਸਟਰ ਰਿਸਪਾਂਸ ਫੋਰਸ), ਪੰਜਾਬ ਪੁਲਸ, ਹੋਮਗਾਰਡ, ਸਿਹਤ ਵਿਭਾਗ, ਫਾਇਰ ਬ੍ਰਿਗੇਡ ਅਤੇ ਰੈੱਡ ਕਰਾਸ ਸੁਸਾਇਟੀ ਦੀਆਂ ਟੀਮਾਂ ਸ਼ਾਮਲ ਸਨ। ਇਨ੍ਹਾਂ ਸਾਰੇ ਵਿਭਾਗਾਂ ਨੇ ਮਿਲ ਕੇ ਸੰਭਾਵੀ ਹੜ੍ਹ ਦੀ ਸਥਿਤੀ ਵਿਚ ਕੀਤੇ ਜਾਣ ਵਾਲੇ ਰਾਹਤ ਅਤੇ ਬਚਾਅ ਕਾਰਜਾਂ ਦਾ ਵਿਸਥਾਰ ਨਾਲ ਪ੍ਰਦਰਸ਼ਨ ਕੀਤਾ। ਡਿਪਟੀ ਕਮਿਸ਼ਨਰ ਨੇ ਕਿਹਾ ਕਿ ਇਸ ਡ੍ਰਿੱਲ ਰਾਹੀਂ ਇਹ ਵੀ ਵੇਖਿਆ ਗਿਆ ਕਿ ਵਿਭਾਗਾਂ ਵਿਚਕਾਰ ਤਾਲਮੇਲ ਕਿਵੇਂ ਹੈ ਅਤੇ ਅਸਲ ਆਫ਼ਤ ਦੌਰਾਨ ਘੱਟੋ-ਘੱਟ ਸਮੇਂ ਵਿਚ ਵੱਧ ਤੋਂ ਵੱਧ ਕੁਸ਼ਲਤਾ ਨਾਲ ਲੋਕਾਂ ਦੀ ਰੱਖਿਆ ਕਿਵੇਂ ਕੀਤੀ ਜਾ ਸਕਦੀ ਹੈ।

Check Also

ਪੰਜਾਬ ਦੇ ਇਨ੍ਹਾਂ ਜ਼ਿਲ੍ਹਿਆਂ ਲਈ ਅਗਲੇ 5 ਘੰਟੇ ਅਹਿਮ

ਮੌਨਸੂਨ ਨੇ ਉੱਤਰੀ ਭਾਰਤ ਵਿਚ ਰਫ਼ਤਾਰ ਫੜ ਲਈ ਹੈ। ਦਿੱਲੀ, ਹਰਿਆਣਾ, ਪੰਜਾਬ, ਚੰਡੀਗੜ੍ਹ, ਹਿਮਾਚਲ ਪ੍ਰਦੇਸ਼, …