ਦੇਸ਼ ਪੱਧਰੀ ਟ੍ਰੇਡ ਯੂਨੀਅਨਾਂ ਵੱਲੋਂ ਐਲਾਨੀ ਤਿੰਨ ਦਿਨਾਂ ਦੀ ਹੜਤਾਲ ਅੱਜ ਪੰਜਾਬ ਭਰ ਵਿੱਚ ਵੀ ਪ੍ਰਭਾਵਸ਼ਾਲੀ ਰਹੀ, ਜਿਸਦਾ ਸਿੱਧਾ ਅਸਰ ਆਮ ਲੋਕਾਂ ਦੀ ਆਵਾਜਾਈ \‘ਤੇ ਪਇਆ। ਇਸ ਹੜਤਾਲ ਵਿੱਚ ਪੀ.ਆਰ.ਟੀ.ਸੀ. ਪਨਬਸ ਕਾਂਟ੍ਰੈਕਟ ਯੂਨੀਅਨ ਵੱਲੋਂ ਪੰਜਾਬ ਦੇ 27 ਡਿਪੂਆਂ ਵਿੱਚ ਬੱਸਾਂ ਦੀ ਸੇਵਾ ਠੱਪ ਕਰ ਦਿੱਤੀ ਗਈ। ਬਰਨਾਲਾ ਡਿਪੂ ਵਿੱਚ ਜਿੱਥੇ ਆਮ ਦਿਨੀਂ 95 ਬੱਸਾਂ ਚਲਦੀਆਂ ਹਨ, ਉੱਥੇ ਅੱਜ ਸਿਰਫ਼ 15-18 ਬੱਸਾਂ ਹੀ ਸੜਕਾਂ \‘ਤੇ ਦਿਖਾਈ ਦਿੱਤੀਆਂ।
ਯੂਨੀਅਨ ਆਗੂ ਬੂਟਾ ਸਿੰਘ, ਰਣਧੀਰ ਸਿੰਘ ਅਤੇ ਗੁਰਪ੍ਰੀਤ ਸਿੰਘ ਨੇ ਦੱਸਿਆ ਕਿ ਉਹ ਲੰਬੇ ਸਮੇਂ ਤੋਂ ਕੱਚੇ ਕਰਮਚਾਰੀਆਂ ਨੂੰ ਪੱਕਾ ਕਰਨ ਦੀ ਮੰਗ ਨੂੰ ਲੈ ਕੇ ਸੰਘਰਸ਼ ਕਰ ਰਹੇ ਹਨ, ਪਰ ਪੰਜਾਬ ਸਰਕਾਰ ਨੇ ਉਨ੍ਹਾਂ ਨੂੰ ਅਜੇ ਤੱਕ ਕੋਈ ਤਵੱਜੋ ਨਹੀਂ ਦਿੱਤੀ। ਉਨ੍ਹਾਂ ਨੇ ਸੂਬੇ ਦੀ ਆਮ ਆਦਮੀ ਪਾਰਟੀ ਸਰਕਾਰ \‘ਤੇ ਇਲਜ਼ਾਮ ਲਾਇਆ ਕਿ ਨਾ ਤਾਂ ਮੁੱਖ ਮੰਤਰੀ ਉਨ੍ਹਾਂ ਨਾਲ ਮਿਲਣ ਲਈ ਸਮਾਂ ਦੇ ਰਹੇ ਹਨ ਅਤੇ ਨਾ ਹੀ ਉਨ੍ਹਾਂ ਦੀਆਂ ਮੰਗਾਂ \‘ਤੇ ਕੋਈ ਕਾਰਵਾਈ ਕੀਤੀ ਜਾ ਰਹੀ ਹੈ।
ਯੂਨੀਅਨ ਵੱਲੋਂ ਚੇਤਾਵਨੀ ਦਿੱਤੀ ਗਈ ਹੈ ਕਿ ਜੇਕਰ ਅੱਜ ਸਰਕਾਰ ਵੱਲੋਂ ਗੱਲਬਾਤ ਲਈ ਕੋਈ ਮੀਟਿੰਗ ਨਹੀਂ ਬੁਲਾਈ ਗਈ ਤਾਂ ਕੱਲ੍ਹ ਪੰਜਾਬ ਦੇ 27 ਡਿਪੂਆਂ ਦੇ ਕੱਚੇ ਕਰਮਚਾਰੀ ਕਿਸਾਨ ਜਥੇਬੰਦੀਆਂ ਸਮੇਤ ਮੁੱਖ ਮੰਤਰੀ ਦੇ ਘਰ ਦਾ ਘਿਰਾਓ ਕਰਨਗੇ।ਹੜਤਾਲ ਕਾਰਨ ਆਮ ਲੋਕ, ਖਾਸ ਕਰਕੇ ਦਿਹਾਤੀ ਇਲਾਕਿਆਂ ਦੇ ਯਾਤਰੀ, ਬਹੁਤ ਪਰੇਸ਼ਾਨ ਨਜ਼ਰ ਆਏ। ਉਹਨਾਂ ਨੇ ਕਿਹਾ ਕਿ ਸਰਕਾਰੀ ਬੱਸਾਂ ਹੀ ਉਨ੍ਹਾਂ ਲਈ ਆਵਾਜਾਈ ਦਾ ਮੁੱਖ ਸਾਧਨ ਹਨ ਤੇ ਇਹ ਰੁਕਾਵਟ ਉਨ੍ਹਾਂ ਲਈ ਵੱਡੀ ਮੁਸ਼ਕਿਲ ਬਣੀ ਹੋਈ ਹੈ।