ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਘਰ ਇੱਕ ਵਾਰ ਫਿਰ ਤੋਂ ਬੱਚੇ ਦੀਆਂ ਕਿਲਕਾਰੀਆਂ ਗੂੰਜੀਆਂ ਹਨ। ਸਿੱਧੂ ਮੂਸੇਵਾਲਾ ਦੀ ਮਾਂ ਚਰਨ ਕੌਰ ਨੇ ਦੂਜੇ ਪੁੱਤਰ ਨੂੰ ਜਨਮ ਦਿੱਤਾ ਹੈ। ਇਸ ਗੱਲ ਦੀ ਜਾਣਕਾਰੀ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਨੇ ਖੁਦ ਸੋਸ਼ਲ ਮੀਡੀਆ ‘ਤੇ ਸਾਂਝੀ ਕੀਤੀ ਹੈ।
ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਨੇ ਅੱਜ ਸਵੇਰੇ ਜਾਣਕਾਰੀ ਸਾਂਝੀ ਕਰਦਿਆਂ ਦੱਸਿਆ ਕਿ ਉਹ ਇਕ ਬੱਚੇ ਦਾ ਪਿਤਾ ਬਣ ਗਿਆ ਹੈ ਅਤੇ ਉਸ ਦੀ ਪਤਨੀ ਚਰਨ ਨੇ ਇਕ ਪੁੱਤਰ ਨੂੰ ਜਨਮ ਦਿੱਤਾ ਹੈ। ਬਲਕੌਰ ਨੇ ਇੰਸਟਾਗ੍ਰਾਮ ‘ਤੇ ਆਪਣੀ ਗੋਦੀ ‘ਚ ਬੈਠੇ ਬੱਚੇ ਦੀ ਫੋਟੋ ਸ਼ੇਅਰ ਕਰਦੇ ਹੋਏ ਪੰਜਾਬੀ ‘ਚ ਲਿਖਿਆ, ‘ਸ਼ੁਭਦੀਪ ਨੂੰ ਪਿਆਰ ਕਰਨ ਵਾਲੇ ਲੱਖਾਂ ਲੋਕਾਂ ਦੇ ਆਸ਼ੀਰਵਾਦ ਨਾਲ, ਅਨੰਤ ਪ੍ਰਮਾਤਮਾ ਨੇ ਸ਼ੁਭਦੀਪ ਦੇ ਛੋਟੇ ਭਰਾ ਨੂੰ ਸਾਡੀ ਗੋਦ ਵਿਚ ਪਾਇਆ ਹੈ।
ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਨੇ ਦੱਸਿਆ ਕਿ ਬੱਚਾ ਅਤੇ ਮਾਤਾ ਦੋਵੇਂ ਤੰਦਰੁਸਤ ਹਨ। ਇਸ ਖ਼ੁਸ਼ੀ ਦੀ ਘੜੀ ਵਿਚ ਪਿਤਾ ਬਲਕੌਰ ਸਿੰਘ ਆਪਣੇ ਵੱਡੇ ਪੁੱਤਰ ਸਿੱਧੂ ਮੂਸੇਵਾਲਾ ਨੂੰ ਯਾਦ ਕਰਦੇ ਹੋਏ ਭਾਵੁਕ ਹੋ ਗਏ। ਦੁਨੀਆ ਭਰ ਵਿਚ ਸਿੱਧੂ ਮੂਸੇਵਾਲਾ ਦੇ ਛੋਟੇ ਭਰਾ ਦੇ ਆਉਣ ‘ਤੇ ਖ਼ੁਸ਼ੀ ਮਨਾਈ ਜਾ ਰਹੀ ਹੈ। ਉਨ੍ਹਾਂ ਕਿਹਾ ਮੈਂ ਅਕਾਲ ਪੁਰਖ਼ ਵਾਹਿਗੁਰੂ ਦਾ ਲੱਖ-ਲੱਖ ਸ਼ੁਕਰ ਕਰਦਾ ਅਤੇ ਉਨ੍ਹਾਂ ਕਰੋੜਾਂ ਲੋਕਾਂ ਸਾਰਿਆਂ ਫੈਨਸ ਅਤੇ ਪ੍ਰੈੱਸ ਵਾਲਿਆਂ ਦੀ ਸ਼ੁਕਰਾਨਾ ਕਰਦਾ ਹਾਂ ਜਿਨ੍ਹਾਂ ਨੇ ਸਿੱਧੂ ਲਈ ਅਰਦਾਸਾਂ ਕੀਤੀਆਂ ਹਨ। ਬੱਚੇ ਦੇ ਨਾਂ ਬਾਰੇ ਪੁੱਛਣ ‘ਤੇ ਉਨ੍ਹਾਂ ਦੱਸਿਆ ਕਿ ਇਹ ਸ਼ੁੱਭਦੀਪ ਹੀ ਹੈ।
ਉਨ੍ਹਾਂ ਦੱਸਿਆ ਕਿ ਸਿੱਧੂ ਹਰੇਕ ਪਰਿਵਾਰ ਦਾ ਮੈਂਬਰ, ਹਰ ਮਾਂ ਦਾ ਪੁੱਤਰ ਅਤੇ ਹਰ ਭੈਣ ਦਾ ਭਰਾ ਬਣ ਗਿਆ ਸੀ। ਜਿਸ ਦਿਨ ਸਿੱਧੂ ਨੇ ਦੁਨੀਆ ਨੂੰ ਅਲਵਿਦਾ ਕਿਹਾ ਉਸ ਦਿਨ ਮੈਨੂੰ ਪਤਾ ਲੱਗਾ ਕਿ ਸ਼ੁੱਭਦੀਪ ਦਾ ਕੱਦ ਦੁਨੀਆ ਵਿਚ ਕਿੰਨਾ ਵੱਡਾ ਹੈ। ਸਿੱਧੂ ਮੂਸੇਵਾਲਾ ਨੂੰ ਗਿਆ ਦੋ ਸਾਲ ਹੋ ਗਏ ਹਨ ਅਤੇ ਹਰ ਰੋਜ਼ ਲੱਖਾਂ ਲੋਕਾਂ ਦੇ ਮੈਸੇਜ ਆਉਂਦੇ ਹਨ। ਸ਼ੁੱਭਦੀਪ ਗਰੀਬ ਪਰਿਵਾਰ ਵਿਚ ਰਹਿੰਦਾ ਹੋਇਆ ਬਹੁਤ ਵੱਡੀ ਸੋਚ ਦਾ ਮਾਲਕ ਸੀ। ਜੇਕਰ ਮਾਰਨ ਵਾਲੇ ਸ਼ੁੱਭਦੀਪ ਮੂਸੇਵਾਲਾ ਨੂੰ ਇਕ ਵਾਰ ਵੀ ਮਿਲ ਲੈਂਦੇ ਤਾਂ ਉਸ ਨੂੰ ਮਾਰਦੇ ਨਹੀਂ। ਉਨ੍ਹਾਂ ਬੰਦਿਆਂ ਨੇ ਮਾਰਿਆ ਜਿਹੜੇ ਸ਼ੁੱਭਦੀਪ ਨੂੰ ਕਦੇ ਮਿਲੇ ਵੀ ਨਹੀਂ।
ਸਰਕਾਰ ਦੀਆਂ ਨੀਤੀਆਂ ਨੂੰ ਲੈ ਕੇ ਆਪਣੀ ਨਰਾਜ਼ਗੀ ਪ੍ਰਗਟ ਕਰਦੇ ਹੋਏ ਉਨ੍ਹਾਂ ਕਿਹਾ ਕਿ ਖੌਫ਼ ਦਾ ਮਾਹੌਲ ਹੈ। ਕਾਰੋਬਾਰੀ ਵੀ ਸੁਰੱਖਿਅਤ ਨਹੀਂ ਹਨ। ਮੈਂ ਪ੍ਰੈੱਸ ਦੇ ਜ਼ਰੀਏ ਇਕ ਸਵਾਲ ਪੁੱਛਣਾ ਚਾਹੁੰਦਾ ਹਾਂ ਕਿ ਸਿੱਧੂ 2 ਕਰੋੜ ਦਾ ਟੈਕਸ ਭਰਦੇ ਹੋਏ ਵੀ ਉਸ ਨੂੰ ਜਾਨਵਰਾਂ ਤੋਂ ਬਦਤਰ ਮੌਤ ਦਿੱਤੀ। ਉਸ ਦੀ ਰਖਵਾਲੀ ਨਹੀਂ ਕੀਤੀ ਗਈ ਜਿਹੜੇ ਸਰਕਾਰ ਦੇ ਕਮਾਊ ਨਾਗਰਿਕ ਹਨ ਅਤੇ ਸਰਕਾਰ ਦਾ ਖ਼ਜ਼ਾਨਾ ਭਰਦੇ ਹਨ। ਦੂਜੇ ਪਾਸੇ ਮਾਰਨ ਵਾਲਿਆਂ ਨੂੰ ਸਰਕਾਰ ਸੁਰੱਖਿਆ ਵਿਚ ਰਖਦੀ ਹੈ।