ਹੇ ਪ੍ਰਭੂ! ਅਸੀਂ ਜੀਵ ਤੇਰੇ (ਦਰ ਦੇ) ਮੰਗਤੇ ਹਾਂ, ਤੂੰ ਸੁਤੰਤਰ ਰਹਿ ਕੇ ਸਭ ਨੂੰ ਦਾਤਾਂ ਦੇਣ ਵਾਲਾ ਹੈਂ। ਹੇ ਪ੍ਰਭੂ! ਮੇਰੇ ਉਤੇ ਦਇਆਵਾਨ ਹੋ। ਮੈਨੂੰ ਮੰਗਤੇ ਨੂੰ ਆਪਣਾ ਨਾਮ ਦੇਹ (ਤਾ ਕਿ) ਮੈਂ ਸਦਾ ਤੇਰੇ ਪ੍ਰੇਮ-ਰੰਗ ਵਿਚ ਰੰਗਿਆ ਰਹਾਂ ॥੧॥ ਹੇ ਪ੍ਰਭੂ! ਮੈਂ ਤੇਰੇ ਸਦਾ ਕਾਇਮ ਰਹਿਣ ਵਾਲੇ ਨਾਮ ਤੋਂ ਸਦਕੇ ਜਾਂਦਾ ਹਾਂ। ਤੂੰ ਸਾਰੇ ਜਗਤ ਦਾ ਮੂਲ ਹੈਂ; ਤੂੰ ਹੀ ਸਭ ਜੀਵਾਂ ਦਾ ਪੈਦਾ ਕਰਨ ਵਾਲਾ ਹੈਂ ਕੋਈ ਹੋਰ (ਤੇਰੇ ਵਰਗਾ) ਨਹੀਂ ਹੈ ॥੧॥ ਰਹਾਉ ॥
ਹੇ ਪ੍ਰਭੂ! ਮੈਨੂੰ ਮਾਇਆ-ਵੇੜ੍ਹੇ ਨੂੰ (ਹੁਣ ਤਕ ਮਰਨ ਦੇ) ਅਨੇਕਾਂ ਗੇੜ ਪੈ ਚੁਕੇ ਹਨ, ਹੁਣ ਤਾਂ ਮੇਰੇ ਉਤੇ ਕੁਝ ਮੇਹਰ ਕਰ। ਹੇ ਪ੍ਰਭੂ! ਮੇਰੇ ਉਤੇ ਦਇਆਵਾਨ ਹੋ। ਮੇਰੇ ਉਤੇ ਇਹੋ ਜਿਹੀ ਬਖ਼ਸ਼ਸ਼ ਕਰ ਕਿ ਮੈਨੂੰ ਆਪਣਾ ਦੀਦਾਰ ਬਖ਼ਸ਼ ॥੨॥ ਹੇ ਭਾਈ! ਨਾਨਕ ਜੀ ਆਖਦੇ ਹਨ – ਗੁਰੂ ਦੀ ਕਿਰਪਾ ਨਾਲ ਜਿਸ ਮਨੁੱਖ ਦੇ ਭਰਮ ਦੇ ਪਰਦੇ ਖੁਲ੍ਹ ਜਾਂਦੇ ਹਨ, ਉਸ ਦੀ (ਪਰਮਾਤਮਾ ਨਾਲ) ਡੂੰਘੀ ਸਾਂਝ ਬਣ ਜਾਂਦੀ ਹੈ। ਉਸ ਦੇ ਹਿਰਦੇ ਵਿਚ (ਪਰਮਾਤਮਾ ਨਾਲ) ਸਦਾ ਕਾਇਮ ਰਹਿਣ ਵਾਲੀ ਲਗਨ ਲੱਗ ਜਾਂਦੀ ਹੈ, ਗੁਰੂ ਨਾਲ ਉਸ ਦਾ ਮਨ ਪਤੀਜ ਜਾਂਦਾ ਹੈ ॥੩॥੧॥੯॥*
ਹੇ ਭਾਈ! ਮੇਰੇ ਪ੍ਰਾਣਾਂ ਦੇ ਆਸਰੇ ਪ੍ਰਭੂ ਜੀ ਹੁਣ ਮੇਰੇ ਮਨ ਵਿਚ ਮੇਰੇ ਹਿਰਦੇ ਵਿਚ ਵੱਸ ਰਹੇ ਹਨ। ਉਹ ਸਰਬ-ਗੁਣ-ਭਰਪੂਰ, ਸਰਬ-ਵਿਆਪਕ, ਸਭ ਦੇ ਦਿਲਾਂ ਦੀ ਜਾਣਨ ਵਾਲੇ ਪ੍ਰਭੂ ਜੀ (ਆਪਣੀ) ਮੇਹਰ ਕਰ ਕੇ ਮੈਨੂੰ ਗੁਰੂ ਦੀ ਸੰਗਤਿ ਵਿਚ ਮਿਲ ਪਏ।੧।ਰਹਾਉ।
ਹੇ ਭਾਈ! ਜਿਨ੍ਹਾਂ ਮਨੁੱਖਾਂ ਨੂੰ (ਗੁਰੂ ਪਾਸੋਂ ਪਰਮਾਤਮਾ ਦੇ) ਪਿਆਰ ਦੀ ਠੱਗ-ਬੂਟੀ ਲੱਭ ਪਈ, ਉਹਨਾਂ ਨਾਮ-ਜਲ ਰੱਜ ਰੱਜ ਕੇ ਪੀ ਲਿਆ। ਉਸ (ਨਾਮ-ਜਲ) ਦੀ ਕੀਮਤ ਦੱਸੀ ਨਹੀਂ ਜਾ ਸਕਦੀ। ਮੇਰੀ ਕੀਹ ਤਾਕਤ ਹੈ (ਕਿ ਮੈਂ ਉਸ ਨਾਮ-ਜਲ ਦਾ ਮੁੱਲ ਦੱਸ ਸਕਾਂ) ?।੧।ਹੇ ਨਾਨਕ! ਪ੍ਰਭੂ ਨੇ (ਸਦਾ) ਆਪਣੇ ਦਾਸ ਆਪਣੇ ਸੇਵਕ ਆਪਣੇ ਲੜ ਲਾ ਕੇ ਰੱਖੇ ਹਨ, (ਤੇ, ਇਸ ਤਰ੍ਹਾਂ) ਉਸ ਬਚਾਣ ਦੀ ਸਮਰਥਾ ਵਾਲੇ ਪ੍ਰਭੂ ਨੇ (ਸੇਵਕਾਂ ਨੂੰ ਸੰਸਾਰ ਦੇ ਵਿਕਾਰਾਂ ਤੋਂ ਸਦਾ) ਬਚਾਇਆ ਹੈ। ਪ੍ਰਭੂ ਦੇ ਦਰ ਤੇ ਆ ਕੇ, ਪ੍ਰਭੂ ਦੀ ਸਰਨ ਪੈ ਕੇ, ਸੇਵਕਾਂ ਨੇ ਪ੍ਰਭੂ ਨੂੰ ਸਦਾ ਸਦਾ ਸਿਮਰ ਕੇ (ਸਦਾ) ਆਤਮਕ ਆਨੰਦ ਮਾਣਿਆ ਹੈ।੨।੭।੧੧।