ਹੇ ਭਾਈ! ਮੇਰੇ ਪ੍ਰਾਣਾਂ ਦੇ ਆਸਰੇ ਪ੍ਰਭੂ ਜੀ ਹੁਣ ਮੇਰੇ ਮਨ ਵਿਚ ਮੇਰੇ ਹਿਰਦੇ ਵਿਚ ਵੱਸ ਰਹੇ ਹਨ। ਉਹ ਸਰਬ-ਗੁਣ-ਭਰਪੂਰ, ਸਰਬ-ਵਿਆਪਕ, ਸਭ ਦੇ ਦਿਲਾਂ ਦੀ ਜਾਣਨ ਵਾਲੇ ਪ੍ਰਭੂ ਜੀ (ਆਪਣੀ) ਮੇਹਰ ਕਰ ਕੇ ਮੈਨੂੰ ਗੁਰੂ ਦੀ ਸੰਗਤਿ ਵਿਚ ਮਿਲ ਪਏ।੧।ਰਹਾਉ।ਹੇ ਭਾਈ! ਜਿਨ੍ਹਾਂ ਮਨੁੱਖਾਂ ਨੂੰ (ਗੁਰੂ ਪਾਸੋਂ ਪਰਮਾਤਮਾ ਦੇ) ਪਿਆਰ ਦੀ ਠੱਗ-ਬੂਟੀ ਲੱਭ ਪਈ, ਉਹਨਾਂ ਨਾਮ-ਜਲ ਰੱਜ ਰੱਜ ਕੇ ਪੀ ਲਿਆ। ਉਸ (ਨਾਮ-ਜਲ) ਦੀ ਕੀਮਤ ਦੱਸੀ ਨਹੀਂ ਜਾ ਸਕਦੀ। ਮੇਰੀ ਕੀਹ ਤਾਕਤ ਹੈ (ਕਿ ਮੈਂ ਉਸ ਨਾਮ-ਜਲ ਦਾ ਮੁੱਲ ਦੱਸ ਸਕਾਂ) ?।੧।
ਹੇ ਨਾਨਕ! ਪ੍ਰਭੂ ਨੇ (ਸਦਾ) ਆਪਣੇ ਦਾਸ ਆਪਣੇ ਸੇਵਕ ਆਪਣੇ ਲੜ ਲਾ ਕੇ ਰੱਖੇ ਹਨ, (ਤੇ, ਇਸ ਤਰ੍ਹਾਂ) ਉਸ ਬਚਾਣ ਦੀ ਸਮਰਥਾ ਵਾਲੇ ਪ੍ਰਭੂ ਨੇ (ਸੇਵਕਾਂ ਨੂੰ ਸੰਸਾਰ ਦੇ ਵਿਕਾਰਾਂ ਤੋਂ ਸਦਾ) ਬਚਾਇਆ ਹੈ। ਪ੍ਰਭੂ ਦੇ ਦਰ ਤੇ ਆ ਕੇ, ਪ੍ਰਭੂ ਦੀ ਸਰਨ ਪੈ ਕੇ, ਸੇਵਕਾਂ ਨੇ ਪ੍ਰਭੂ ਨੂੰ ਸਦਾ ਸਦਾ ਸਿਮਰ ਕੇ (ਸਦਾ) ਆਤਮਕ ਆਨੰਦ ਮਾਣਿਆ ਹੈ।੨।੭।੧੧।
(ਹੇ ਭਾਈ! ਜਿਸ ਮਨੁੱਖ ਨੇ) ਪਰਮਾਤਮਾ (ਦੇ ਨਾਮ) ਦਾ ਜਾਪ ਜਪਿਆ, (ਜਿਸ ਮਨੁੱਖ ਦੇ) ਹਿਰਦੇ ਵਿਚ ਗੁਰੂ ਦੀ ਕਿਰਪਾ ਨਾਲ (ਪਰਮਾਤਮਾ ਦਾ ਨਾਮ) ਆ ਵੱਸਦਾ ਹੈ, ਉਹ ਸੰਸਾਰ-ਸਮੁੰਦਰ ਤੋਂ ਪਾਰ ਲੰਘ ਗਿਆ।੧।ਰਹਾਉ।
(ਹੇ ਭਾਈ!) ਪਰਮਾਤਮਾ ਦੀ ਸਿਫ਼ਤਿ (ਦਾ ਗੀਤ) ਗਾਇਆ ਕਰੋ (ਪਰਮਾਤਮਾ ਨੂੰ ਵੱਸ ਕਰਨ ਦਾ) ਇਹ ਸਭ ਤੋਂ ਸ੍ਰੇਸ਼ਟ ਮੰਤ੍ਰ ਹੈ। (ਕੀਰਤਨ ਦੀ ਬਰਕਤਿ ਨਾਲ) ਪਰਲੋਕ ਵਿਚ ਨਿਆਸਰੇ ਜੀਵ ਨੂੰ ਭੀ ਆਸਰਾ ਮਿਲ ਜਾਂਦਾ ਹੈ। (ਹੇ ਭਾਈ!) ਪੂਰੇ ਗੁਰੂ ਦੇ ਚਰਨਾਂ ਤੇ ਪਿਆ ਰਹੁ, ਇਸ ਤਰ੍ਹਾਂ ਕਈ ਜਨਮਾਂ ਤੋਂ (ਮਾਇਆ ਦੇ ਮੋਹ ਦੀ) ਨੀਂਦ ਵਿਚ ਸੁੱਤਾ ਹੋਇਆ ਤੂੰ ਜਾਗ ਪਏਂਗਾ।੧।
ਹੇ ਮਨ! ਪਰਮਾਤਮਾ ਦਾ ਨਾਮ ਕਦੇ ਨਾਹ ਮੁੱਕਣ ਵਾਲਾ ਖ਼ਜ਼ਾਨਾ ਹੈ, ਇਸ ਨੂੰ ਸਿਮਰਦਾ ਰਹੁ, ਤਦੋਂ ਹੀ ਤੇਰੇ ਮਾਇਆ (ਦੇ ਮੋਹ) ਦੇ ਪੜਦੇ ਪਾਟਣਗੇ। ਹੇ ਮਨ! ਗੁਰੂ ਦਾ ਸ਼ਬਦ ਆਤਮਕ ਜੀਵਨ ਦੇਣ ਵਾਲਾ ਰਸ ਹੈ, ਇਸ ਨੂੰ ਪੀਂਦਾ ਰਹੁ, ਤਦੋਂ ਹੀ ਤੇਰੀ ਜਿੰਦ ਪਵਿੱਤ੍ਰ ਹੋਵੇਗੀ।੨।ਹੇ ਮਨ! ਅਸਾਂ ਬਹੁਤ ਵਿਚਾਰ ਵਿਚਾਰ ਕੇ ਇਹ ਸਿੱਟਾ ਕੱਢਿਆ ਹੈ ਕਿ ਪਰਮਾਤਮਾ ਦੀ ਭਗਤੀ ਤੋਂ ਬਿਨਾ (ਮਾਇਆ ਦੇ ਮੋਹ ਤੋਂ) ਖ਼ਲਾਸੀ ਨਹੀਂ ਹੋ ਸਕ