ਪਿਛਲੇ ਹਫ਼ਤੇ ਜੰਮੂ-ਕਸ਼ਮੀਰ ਦੇ ਪਹਿਲਗਾਮ ਵਿੱਚ ਹੋਏ ਅੱਤਵਾਦੀ ਹਮਲੇ ‘ਚ 26 ਲੋਕਾਂ ਦੀ ਮੌਤ ਹੋ ਗਈ ਸੀ।
ਇਸ ਤੋਂ ਬਾਅਦ ਜਦੋਂ ਭਾਰਤ ਅਤੇ ਪਾਕਿਸਤਾਨ ਦੇ ਵਿਚਾਲੇ ਗੈਰ-ਫੌਜੀ ਪਾਬੰਦੀਆਂ ਬਾਰੇ ਸਰਕਾਰੀ ਪੱਧਰ ‘ਤੇ ਐਲਾਨ ਕੀਤੇ ਗਏ ਤਾਂ ਕਸ਼ਮੀਰ ਦੇ ਲੋਕਾਂ ਵਿੱਚ ਲਹਿਰ ਦੌੜ ਗਈ ਕਿ ਸ਼ਾਇਦ ਸਥਿਤੀ ਹੋਰ ਖਰਾਬ ਨਹੀਂ ਹੋਵੇਗੀ।
ਪਰ ਪਿਛਲੀਆਂ ਦੋ ਰਾਤਾਂ ਤੋਂ ਕਸ਼ਮੀਰ ਵਿੱਚ ਜਾਰੀ ਭਾਰੀ ਗੋਲੀਬਾਰੀ ਨੇ ਦੋਵੇਂ ਪਾਸੇ ਲੋਕਾਂ ਨੂੰ ਪੂਰੀ ਰਾਤ ਜਾਗਣ ‘ਤੇ ਮਜਬੂਰ ਕਰ ਦਿੱਤਾ ਹੈ।ਭਾਰਤ ਪ੍ਰਸ਼ਾਸਿਤ ਕਸ਼ਮੀਰ ਦੇ ਊਰੀ ਸੈਕਟਰ ਵਿੱਚ ਟੂਟਮਾਰ ਗਲੀ ਚੌਕੀ ਦੇ ਨੇੜੇ ਕੰਟਰੋਲ ਰੇਖਾ ‘ਤੇ ਅਤੇ ਪਾਕਿਸਤਾਨ ਵੱਲ ਲਿਪਾ ਸੈਕਟਰ ਵਿੱਚ ਗੋਲੀਬਾਰੀ ਜਾਰੀ ਰਹੀ ਪਰ ਹਾਲੇ ਤੱਕ ਕਿਸੇ ਵੀ ਜਾਨੀ ਨੁਕਸਾਨ ਦੀ ਖਬਰ ਨਹੀਂ ਹੈ।
ਅਹਿਸਾਨ-ਉਲ-ਹੱਕ ਸ਼ਮੀ ਪਾਕਿਸਤਾਨ ਪ੍ਰਸ਼ਾਸਿਤ ਲਿਪਾ ਘਾਟੀ ਦੇ ਵਾਸੀ ਹਨ, ਜਿਸ ਦੀ ਆਬਾਦੀ ਕਰੀਬ 40 ਹਜ਼ਾਰ ਹੈ ਅਤੇ ਉਨ੍ਹਾਂ ਵਿਚੋਂ ਜ਼ਿਆਦਾਤਰ ਲੋਕ ਉਥੇ ਵਕਾਲਤ ਕਰਦੇ ਹਨ। ਉਨ੍ਹਾਂ ਦਾ ਘਰ ਕੰਟਰੋਲ ਰੇਖਾ ਤੋਂ ਕਰੀਬ ਪੰਜ ਕਿਲੋਮੀਟਰ ਦੂਰ ਹੈ।2019 ਵਿੱਚ ਪਾਕਿਸਤਾਨੀ ਅਤੇ ਭਾਰਤੀ ਫੌਜਾਂ ਵਿਚਾਲੇ ਹੋਈ ਭਾਰੀ ਗੋਲੀਬਾਰੀ ਵਿੱਚ ਉਨ੍ਹਾਂ ਦਾ ਘਰ ਨੁਕਸਾਨਿਆ ਗਿਆ ਸੀ। ਇਸ ਤੋਂ ਪਹਿਲਾਂ ਵੀ 2002 ਤੇ 1998 ਵਿੱਚ ਉਨ੍ਹਾਂ ਦਾ ਘਰ ਨੁਕਸਾਨਿਆ ਗਿਆ ਸੀ।
ਵਕੀਲ ਅਹਿਸਾਨ-ਉਲ-ਹੱਕ ਸ਼ਮੀ ਕਹਿੰਦੇ ਹਨ ਕਿ ਭਾਰਤ ਪ੍ਰਸ਼ਾਸਿਤ ਕਸ਼ਮੀਰ ਵਿੱਚ ਪਹਿਲਗਾਮ ਦੀ ਘਟਨਾ ਤੋਂ ਬਾਅਦ ਪਿਛਲੀਆਂ ਦੋ ਰਾਤਾਂ ਤੋਂ ਪਾਕਿਸਤਾਨ ਅਤੇ ਭਾਰਤ ਦੀਆਂ ਫੌਜਾਂ ਵਿੱਚ ਗੋਲੀਬਾਰੀ ਹੋ ਰਹੀ ਹੈ।ਸ਼ੁੱਕਰਵਾਰ ਅਤੇ ਸ਼ਨਿਚਰਵਾਰ ਦੀ ਦਰਮਿਆਨੀ ਰਾਤ ਨੂੰ ਦੋਵੇਂ ਫੌਜਾਂ ਵਿਚਾਲੇ ਸਾਢੇ ਬਾਰ੍ਹਾਂ ਵਜੇ ਗੋਲੀਬਾਰੀ ਸ਼ੁਰੂ ਹੋਈ ਅਤੇ ਸਵੇਰੇ ਪੰਜ ਵਜੇ ਤੱਕ ਜਾਰੀ ਰਹੀ।