ਭਾਰਤ ਮੌਸਮ ਵਿਗਿਆਨ ਵਿਭਾਗ (IMD) ਦੇ ਚੰਡੀਗੜ੍ਹ ਕੇਂਦਰ ਨੇ ਪੰਜਾਬ ਦੇ ਕਈ ਜ਼ਿਲ੍ਹਿਆਂ ਵਿੱਚ ਆਉਣ ਵਾਲੇ ਦਿਨਾਂ ਦੌਰਾਨ ਗੰਭੀਰ ਮੌਸਮੀ ਹਾਲਾਤਾਂ ਨੂੰ ਲੈ ਕੇ ਚੇਤਾਵਨੀ ਜਾਰੀ ਕੀਤੀ ਹੈ। 5 ਮਈ 2025 ਤੱਕ ਤੇਜ਼ ਹਵਾਵਾਂ (40–60 ਕਿਮੀ ਪ੍ਰਤੀ ਘੰਟਾ), ਹਨੇਰੀ, ਬਿਜਲੀ ਚਮਕਣ ਅਤੇ ਧੂੜ ਭਰੀ ਹਨੇਰੀ (ਡਸਟਸਟੌਰਮ) ਦੀ ਸੰਭਾਵਨਾ ਜਤਾਈ ਗਈ ਹੈ।
ਪਿਛਲੀ ਰਾਤ ਅੰਮ੍ਰਿਤਸਰ, ਗੁਰਦਾਸਪੁਰ ਅਤੇ ਪਠਾਨਕੋਟ ‘ਚ 20 ਤੋਂ 30 ਕਿਮੀ ਰਫ਼ਤਾਰ ਨਾਲ ਤੇਜ਼ ਹਵਾਵਾਂ ਅਤੇ ਧੂੜ ਭਰੀ ਹਨੇਰੀ ਚਲਦੀ ਰਹੀ ਅਤੇ ਮੀਂਹ ਵੀ ਪਿਆ। ਜਿਸ ਕਾਰਨ ਤਾਪਮਾਨ ਵਿੱਚ ਗਿਰਾਵਟ ਦਰਜ ਕੀਤੀ ਗਈ ਹੈ। ਮੌਸਮ ਵਿਭਾਗ ਮੁਤਾਬਕ ਪਟਿਆਲਾ, ਮੋਹਾਲੀ, ਤਰਨਤਾਰਨ, ਅੰਮ੍ਰਿਤਸਰ, ਗੁਰਦਾਸਪੁਰ ਅਤੇ ਪਠਾਨਕੋਟ ਜ਼ਿਲ੍ਹਿਆਂ ਵਿੱਚ ਆਉਣ ਵਾਲੇ ਕੁਝ ਦਿਨਾਂ ਵਿੱਚ ਸਕਵਾਲ (Squall) ਵਰਗੀਆਂ ਹਾਲਤਾਂ ਬਣ ਸਕਦੀਆਂ ਹਨ, ਜਿੱਥੇ ਹਵਾਵਾਂ ਦੀ ਰਫ਼ਤਾਰ 80 ਕਿਲੋਮੀਟਰ ਪ੍ਰਤੀ ਘੰਟਾ ਤੋਂ ਵੱਧ ਹੋ ਸਕਦੀ ਹੈ।
ਇਹ ਹਾਲਾਤ ਫ਼ਸਲਾਂ, ਕੱਚੇ ਮਕਾਨਾਂ, ਦਰੱਖਤਾਂ ਅਤੇ ਬਿਜਲੀ ਦੀਆਂ ਤਾਰਾਂ ਲਈ ਖ਼ਤਰਾ ਬਣ ਸਕਦੀਆਂ ਹਨ। ਲੋਕਾਂ ਨੂੰ ਸਚੇਤ ਰਹਿਣ ਅਤੇ ਸੁਰੱਖਿਅਤ ਥਾਵਾਂ ‘ਤੇ ਰਹਿਣ ਦੀ ਸਲਾਹ ਦਿੱਤੀ ਗਈ ਹੈ।
ਤਾਪਮਾਨ ਦੀ ਸਥਿਤੀ
ਰਾਜ ਦਾ ਔਸਤ ਵੱਧ ਤੋਂ ਵੱਧ ਤਾਪਮਾਨ ਆਮ ਤੋਂ 0.2°C ਘੱਟ ਦਰਜ ਕੀਤਾ ਗਿਆ ਹੈ। ਹਾਲਾਂਕਿ ਇਹ ਆਮ ਹੱਦਾਂ ਦੇ ਅੰਦਰ ਹੀ ਹੈ, ਪਰ ਕੁਝ ਥਾਵਾਂ ‘ਤੇ ਗਰਮੀ ਤੇਜ਼ ਬਣੀ ਹੋਈ ਹੈ। ਸਭ ਤੋਂ ਵੱਧ ਤਾਪਮਾਨ ਬਠਿੰਡਾ ‘ਚ 41.2°C ਦਰਜ ਕੀਤਾ ਗਿਆ। ਰਾਤ ਦੌਰਾਨ ਹੋਈ ਮੀਂਹ ਤੋਂ ਬਾਅਦ ਸਾਰੇ ਪੰਜਾਬ ਦੇ ਸ਼ਹਿਰਾਂ ਵਿੱਚ ਤਾਪਮਾਨ ‘ਚ ਗਿਰਾਵਟ ਦਰਜ ਕੀਤੀ ਗਈ ਹੈ।
ਅਗਲੇ 4 ਦਿਨ ਧੂੜ ਭਰੀ ਹਨੇਰੀ-ਤੂਫਾਨ ਦੀ ਸੰਭਾਵਨਾ
2 ਮਈ: ਪੰਜਾਬ ਦੇ ਕੁਝ ਦੱਖਣੀ ਅਤੇ ਪੂਰਬੀ ਜ਼ਿਲ੍ਹਿਆਂ ਵਿੱਚ ਸਥਿਤੀ ਆਮ ਰਹੇਗੀ, ਪਰ ਹੋਰ ਜ਼ਿਲ੍ਹਿਆਂ ਵਿੱਚ ਤੇਜ਼ ਰਫ਼ਤਾਰ ਨਾਲ ਧੂੜ ਭਰੀ ਹਵਾਵਾਂ ਚਲ ਸਕਦੀਆਂ ਹਨ।
3 ਅਤੇ 4 ਮਈ: ਮੁੜ ਬਹੁਤੇ ਜ਼ਿਲ੍ਹਿਆਂ ਵਿੱਚ ਤੇਜ਼ ਹਵਾਵਾਂ, ਬਿਜਲੀ ਚਮਕਣ ਅਤੇ ਧੂੜ ਭਰੀ ਹਨੇਰੀ ਦੀ ਸੰਭਾਵਨਾ ਹੈ।
5 ਮਈ: ਥੋੜ੍ਹੀ ਰਾਹਤ ਮਿਲ ਸਕਦੀ ਹੈ, ਪਰ ਕੁਝ ਜ਼ਿਲ੍ਹਿਆਂ ਵਿੱਚ ਧੂੜ ਭਰੀ ਹਨੇਰੀ ਚਲਣ ਦੀ ਚੇਤਾਵਨੀ ਜਾਰੀ ਰਹੇਗੀ।