Home / ਪੰਜਾਬੀ ਖਬਰਾਂ / ਕੌਣ ਬਣੇਗਾ ਕੈਨੇਡਾ ਦਾ ਅਗਲਾ ਪ੍ਰਧਾਨ ਮੰਤਰੀ

ਕੌਣ ਬਣੇਗਾ ਕੈਨੇਡਾ ਦਾ ਅਗਲਾ ਪ੍ਰਧਾਨ ਮੰਤਰੀ

ਕੈਨੇਡਾ ਵਿਚ ਲਗਭਗ ਇਕ ਦਹਾਕੇ ਤੱਕ ਦੇਸ਼ ਦੀ ਅਗਵਾਈ ਕਰਨ ਵਾਲੇ ਜਸਟਿਨ ਟਰੂਡੋ ਦੇ ਅਸਤੀਫੇ ਮਗਰੋਂ ਕੈਨੇਡਾ ਵਿੱਚ ਅੱਜ ਯਾਨੀ 28 ਅਪ੍ਰੈਲ ਨੂੰ ਆਮ ਚੋਣਾਂ ਹੋ ਰਹੀਆਂ ਹਨ। ਮੁੱਖ ਮੁਕਾਬਲਾ ਲਿਬਰਲ ਨੇਤਾ ਮਾਰਕ ਕਾਰਨੀ ਅਤੇ ਕੰਜ਼ਰਵੇਟਿਵ ਨੇਤਾ ਪਿਅਰੇ ਪੋਈਲੀਵਰੇ ਵਿਚਕਾਰ ਹੈ। ਕੈਨੇਡਾ ਵਿੱਚ ਪ੍ਰਧਾਨ ਮੰਤਰੀ ਦਾ ਕਾਰਜਕਾਲ 5 ਸਾਲ ਹੁੰਦਾ ਹੈ। ਟਰੂਡੋ ਦੇ ਅਸਤੀਫਾ ਦੇਣ ਤੋਂ ਬਾਅਦ, ਮਾਰਕ ਕਾਰਨੀ ਨੇ ਲਿਬਰਲ ਪਾਰਟੀ ਦੀ ਅਗਵਾਈ ਸੰਭਾਲੀ ਅਤੇ ਕੈਨੇਡਾ ਦੇ ਪ੍ਰਧਾਨ ਮੰਤਰੀ ਬਣੇ। ਕਾਰਨੀ ਨੂੰ 85.9 ਫੀਸਦੀ ਵੋਟਾਂ ਮਿਲੀਆਂ ਸਨ।

ਉਂਝ ਕੈਨੇਡਾ ਵਿੱਚ ਅਕਤੂਬਰ 2025 ਵਿੱਚ ਚੋਣਾਂ ਅਧਿਕਾਰਤ ਤੌਰ ‘ਤੇ ਹੋਣੀਆਂ ਸਨ, ਪਰ ਪ੍ਰਧਾਨ ਮੰਤਰੀ ਮਾਰਕ ਕਾਰਨੀ ਨੇ ਅਹੁਦਾ ਸੰਭਾਲਣ ਤੋਂ ਸਿਰਫ਼ 9 ਦਿਨਾਂ ਬਾਅਦ ਹੀ ਤੁਰੰਤ ਚੋਣਾਂ ਦਾ ਐਲਾਨ ਕਰ ਦਿੱਤਾ ਸੀ ਅਤੇ ਕਿਹਾ ਸੀ ਕਿ ਉਨ੍ਹਾਂ ਨੂੰ ਟਰੰਪ ਨਾਲ ਨਜਿੱਠਣ ਲਈ ਇੱਕ ਮਜ਼ਬੂਤ ​​ਜਨਾਦੇਸ਼ ਦੀ ਲੋੜ ਹੈ। ਕਾਰਨੀ ਲਿਬਰਲ ਪਾਰਟੀ ਵਿੱਚ ਟਰੰਪ ਦੇ ਵਿਰੋਧੀ ਹਨ। ਉਨ੍ਹਾਂ ਨੇ ਚੋਣਾਂ ਤੋਂ ਪਹਿਲਾਂ ਇੱਕ ਬਹਿਸ ਦੌਰਾਨ ਕਿਹਾ ਸੀ ਕਿ ਟਰੰਪ ਦੀਆਂ ਧਮਕੀਆਂ ਤੋਂ ਪਹਿਲਾਂ ਹੀ ਦੇਸ਼ ਦੀ ਹਾਲਤ ਖ਼ਰਾਬ ਹੈ।ਮਾਰਕ ਕਾਰਨੀ ਬੈਂਕ ਆਫ਼ ਕੈਨੇਡਾ ਅਤੇ ਬੈਂਕ ਆਫ਼ ਇੰਗਲੈਂਡ ਦੇ ਸਾਬਕਾ ਗਵਰਨਰ ਰਹਿ ਚੁੱਕੇ ਹਨ।

ਇੱਥੇ ਦੱਸ ਦੇਈਏ ਕਿ ਮਾਰਕ ਕਾਰਨੀ ਪਹਿਲੀ ਵਾਰ ਲਿਬਰਲ ਨੇਤਾ ਵਜੋਂ ਚੋਣਾਂ ਲੜ ਰਹੇ ਹਨ। ਉਨ੍ਹਾਂ ਦੇ ਸਾਹਮਣੇ ਸਭ ਤੋਂ ਵੱਡੀ ਚੁਣੌਤੀ ਕੰਜ਼ਰਵੇਟਿਵ ਪਾਰਟੀ ਦੇ ਪੀਅਰੇ ਪੋਇਲੀਵਰੇ ਅਤੇ ਐੱਨ.ਡੀ.ਪੀ ਦੇ ਜਗਮੀਤ ਸਿੰਘ ਹਨ। ਜੇਕਰ ਕਾਰਨੀ ਅਤੇ ਲਿਬਰਲ ਪਾਰਟੀ ਬਹੁਮਤ ਹਾਸਲ ਕਰ ਲੈਂਦੇ ਹਨ ਤਾਂ ਉਹ ਅਗਲੇ 5 ਸਾਲਾਂ ਲਈ ਕੈਨੇਡਾ ਦੇ ਪ੍ਰਧਾਨ ਮੰਤਰੀ ਬਣੇ ਰਹਿਣਗੇ। ਜੇਕਰ ਨਹੀਂ, ਤਾਂ ਉਨ੍ਹਾਂ ਨੂੰ ਜਾਂ ਤਾਂ ਗੱਠਜੋੜ ਬਣਾਉਣਾ ਪਵੇਗਾ ਜਾਂ ਵਿਰੋਧੀ ਪਾਰਟੀਆਂ ਨੂੰ ਸਰਕਾਰ ਬਣਾਉਣ ਦਾ ਮੌਕਾ ਮਿਲੇਗਾ।

ਚੋਣ ਨਤੀਜੇ ਇਹ ਵੀ ਦਰਸਾਉਂਦੇ ਹਨ ਕਿ ਅਮਰੀਕਾ ਨਾਲ ਵਧ ਰਹੇ ਤਣਾਅ ਵਿਚਕਾਰ ਕੈਨੇਡਾ ਦੇ ਲੋਕ ਸਰਕਾਰ ਦੀ ਵਾਗਡੋਰ ਕਿਸ ਨੂੰ ਸੌਂਪਣਾ ਚਾਹੁੰਦੇ ਹਨ। ਉਂਝ ਤਾਜ਼ਾ ਸਰਵੇਖਣ ਦਿਖਾਉਂਦੇ ਹਨ ਕਿ ਮਾਰਕ ਕਾਰਨੀ 42.5 ਫੀਸਦੀ ਨਾਲ ਅੱਗੇ ਹਨ, ਜਦਕਿ ਪੋਇਲੀਵਰੇ ਨੂੰ 38.7 ਫੀਸਦੀ ਵੋਟ ਸ਼ੇਅਰ ਮਿਲ ਰਿਹਾ ਹੈ। ਕੈਨੇਡਾ ‘ਚ ਪਿਛਲੇ ਇਕ ਹਫਤੇ ਤੋਂ ਚੱਲ ਰਹੀ ਸ਼ੁਰੂਆਤੀ ਵੋਟਿੰਗ ‘ਚ 3.5 ਕਰੋੜ ਵੋਟਰਾਂ ‘ਚੋਂ ਹੁਣ ਤੱਕ 75 ਲੱਖ ਦੇ ਕਰੀਬ ਵੋਟਰ ਵੋਟ ਪਾ ਚੁੱਕੇ ਹਨ। ਕੈਨੇਡਾ ਦੀ ਪਾਰਲੀਮੈਂਟ ਵਿੱਚ 343 ਸੀਟਾਂ ਹਨ। ਬਹੁਮਤ ਲਈ ਇੱਕ ਪਾਰਟੀ ਨੂੰ 172 ਸੀਟਾਂ ਦੀ ਲੋੜ ਹੁੰਦੀ ਹੈ।

ਇਨ੍ਹਾਂ ਪਾਰਟੀਆਂ ਵਿਚਕਾਰ ਹੈ ਮੁਕਾਬਲਾ——–ਇਸ ਵਾਰ ਕੈਨੇਡਾ ਦੀਆਂ ਚੋਣਾਂ ਵਿੱਚ ਚਾਰ ਮੁੱਖ ਪਾਰਟੀਆਂ ਵਿਚਕਾਰ ਮੁਕਾਬਲਾ ਹੈ। ਪਹਿਲੀ ਲਿਬਰਲ ਪਾਰਟੀ ਹੈ ਜੋ ਮੌਜੂਦਾ ਸੱਤਾਧਾਰੀ ਪਾਰਟੀ ਹੈ। ਪਾਰਟੀ ਦੀ ਅਗਵਾਈ ਹੁਣ ਮਾਰਕ ਕਾਰਨੀ ਕਰ ਰਹੇ ਹਨ। ਇਹ ਪਾਰਟੀ 2015 ਤੋਂ ਸੱਤਾ ਵਿੱਚ ਹੈ। ਦੂਜੀ ਕੰਜ਼ਰਵੇਟਿਵ ਪਾਰਟੀ ਹੈ। ਇਹ ਪੀਅਰੇ ਪੋਇਲੀਵਰੇ ਦੀ ਅਗਵਾਈ ਵਾਲੀ ਮੁੱਖ ਵਿਰੋਧੀ ਪਾਰਟੀ ਹੈ। ਜਗਮੀਤ ਸਿੰਘ ਦੀ ਅਗਵਾਈ ਹੇਠ ਨਿਊ ਡੈਮੋਕ੍ਰੇਟਿਕ ਪਾਰਟੀ (ਐਨ.ਡੀ.ਪੀ) ਤੀਜੀ ਸਭ ਤੋਂ ਵੱਡੀ ਪਾਰਟੀ ਹੈ। ਚੌਥੀ ਪਾਰਟੀ ਬਲਾਕ ਕਿਊਬੇਕੋਇਸ ਹੈ, ਜੋ ਕਿ ਮੁੱਖ ਤੌਰ ‘ਤੇ ਕਿਊਬੈਕ ਸੂਬੇ ਦੀ ਇੱਕ ਖੇਤਰੀ ਪਾਰਟੀ ਹੈ। ਸੰਸਦ ਦੇ ਆਖਰੀ ਭੰਗ ਹੋਣ ਸਮੇਂ ਲਿਬਰਲ ਪਾਰਟੀ ਕੋਲ 153 ਸੀਟਾਂ ਸਨ। ਕੰਜ਼ਰਵੇਟਿਵ ਪਾਰਟੀ ਕੋਲ 120 ਸੀਟਾਂ ਸਨ, ਬਲਾਕ ਕਿਊਬੈਕੋਇਸ ਕੋਲ 33 ਅਤੇ ਐਨ.ਡੀ.ਪੀ ਕੋਲ 24 ਸੀਟਾਂ ਸਨ। ਗ੍ਰੀਨ ਪਾਰਟੀ ਨੂੰ ਸਿਰਫ਼ 2 ਸੀਟਾਂ ਹੀ ਮਿਲੀਆਂ।

Check Also

ਤੇਜ਼ ਹਨ੍ਹੇਰੀ ਤੇ ਭਾਰੀ ਮੀਂਹ ਦੀ ਚਿਤਾਵਨੀ

ਪੰਜਾਬ ਵਿਚ ਲੋਕਾਂ ਨੂੰ ਗਰਮੀ ਤੋਂ ਥੋੜ੍ਹੀ ਰਾਹਤ ਮਿਲਣ ਜਾ ਰਹੀ ਹੈ। ਮੌਸਮ ਵਿਭਾਗ ਵੱਲੋਂ …