ਪਾਕਿਸਤਾਨ ‘ਚ 42 ਸਾਲਾਂ ਤੋਂ ਰਹਿ ਰਹੀ ਕਸ਼ਮੀਰ ਦੀ ਮੂਲ ਨਿਵਾਸੀ ਸ਼ਕੀਨਾ ਨੂੰ ਹਾਲ ਹੀ ਵਿੱਚ ਪਾਕਿਸਤਾਨ ਸਰਕਾਰ ਨੇ ਡਿਪੋਰਟ ਕਰਕੇ ਭਾਰਤ ਭੇਜ ਦਿੱਤਾ ਹੈ। ਵਿਆਹ ਤੋਂ ਬਾਅਦ ਪਾਕਿਸਤਾਨ ਗਈ ਸ਼ਕੀਨਾ ਹੁਣ ਆਪਣੇ ਵਤਨ ਭਾਰਤ ਵਾਪਸ ਆ ਗਈ ਹੈ, ਪਰ ਉਸਦੇ ਦਿਲ ਵਿੱਚ ਸਵਾਲ ਅਤੇ ਅੱਖਾਂ ਵਿੱਚ ਮਾਯੂਸੀ ਦਿਖਾਈ ਦੇ ਰਹੀ ਹੈ।
ਸ਼ਕੀਨਾ ਨੇ ਦੱਸਿਆ ਕਿ “ਮੇਰਾ ਵਿਆਹ ਪਾਕਿਸਤਾਨ ਵਿੱਚ ਹੋਇਆ ਸੀ ਅਤੇ ਓਥੇ ਹੀ ਮੇਰਾ ਤਲਾਕ ਹੋਇਆ। ਮੈਂ ਪਿਛਲੇ 42 ਸਾਲਾਂ ਤੋਂ ਉੱਥੇ ਰਹਿ ਰਹੀ ਸੀ। ਹੁਣ ਅਚਾਨਕ ਇਹ ਕਿਹਾ ਗਿਆ ਕਿ ਤੁਸੀਂ ਪਾਕਿਸਤਾਨ ਵਿੱਚ ਨਹੀਂ ਰਹਿ ਸਕਦੇ ਅਤੇ ਮੈਨੂੰ ਡਿਪੋਰਟ ਕਰ ਦਿੱਤਾ ਗਿਆ। ਸ਼ਕੀਨਾ ਦੀ ਵਾਪਸੀ ਨਾਲ ਕਈ ਕਾਨੂੰਨੀ ਅਤੇ ਮਾਨਵਤਾਵਾਦੀ ਸਵਾਲ ਖੜ੍ਹੇ ਹੋ ਗਏ ਹਨ। ਇੱਕ ਪਾਸੇ ਉਸਨੇ ਆਪਣੀ ਜ਼ਿੰਦਗੀ ਪਾਕਿਸਤਾਨ ਵਿੱਚ ਬਿਤਾਈ ਹੈ ਅਤੇ ਹੁਣ ਅਚਾਨਕ ਭਾਰਤ ਭੇਜ ਜਾਣਾ ਉਸਦੇ ਲਈ ਭਾਵਨਾਤਮਕ ਤੌਰ ‘ਤੇ ਬਹੁਤ ਮੁਸ਼ਕਲ ਹੈ।
ਆਪਣੇ ਵਤਨ ਵਾਪਸ ਆਉਣ ‘ਤੇ ਸ਼ਕੀਨਾ ਨੇ ਕਿਹਾ, “ਭਾਰਤ ਮੇਰਾ ਘਰ ਹੈ ਪਰ ਪਿਛਲੇ ਚਾਰ ਦਹਾਕਿਆਂ ਤੋਂ ਮੇਰੀ ਜ਼ਿੰਦਗੀ ਪਾਕਿਸਤਾਨ ਵਿੱਚ ਬੀਤੀ ਹੈ। ਹੁਣ ਮੈਨੂੰ ਸਭ ਕੁਝ ਦੁਬਾਰਾ ਸ਼ੁਰੂ ਕਰਨਾ ਪਵੇਗਾ।” ਪ੍ਰਸ਼ਾਸਕੀ ਸੂਤਰਾਂ ਅਨੁਸਾਰ ਸ਼ਕੀਨਾ ਨੂੰ ਜਾਇਜ਼ ਦਸਤਾਵੇਜ਼ਾਂ ਨਾਲ ਸਰਹੱਦ ਪਾਰ ਤੋਂ ਭਾਰਤ ਵਿੱਚ ਦਾਖਲ ਹੋਣ ਦੀ ਇਜਾਜ਼ਤ ਦੇ ਦਿੱਤੀ ਗਈ ਹੈ ਅਤੇ ਹੁਣ ਉਸਦੀ ਨਾਗਰਿਕਤਾ ਅਤੇ ਹੋਰ ਰਸਮੀ ਕਾਰਵਾਈਆਂ ਤੈਅ ਕੀਤੀਆਂ ਜਾਣਗੀਆਂ।
ਦੱਸ ਦੇਈਏ ਕਿ ਇਹ ਮੁੱਦਾ ਭਾਰਤ ਅਤੇ ਪਾਕਿਸਤਾਨ ਵਿਚਕਾਰ ਆਮ ਨਾਗਰਿਕਾਂ ਦੀ ਸਥਿਤੀ ਨੂੰ ਲੈ ਕੇ ਇੱਕ ਨਵੀਂ ਬਹਿਸ ਨੂੰ ਜਨਮ ਦੇ ਸਕਦਾ ਹੈ, ਜਿੱਥੇ ਰਾਜਨੀਤਿਕ ਫੈਸਲਿਆਂ ਦਾ ਅਸਰ ਸਿੱਧੇ ਤੌਰ ‘ਤੇ ਇਨਸਾਨੀ ਜ਼ਿੰਦਗੀਆਂ ‘ਤੇ ਪੈਂਦਾ ਹੈ।