ਪੱਲਵੀ ਨੂੰ ਯਕੀਨ ਨਹੀਂ ਆ ਰਿਹਾ ਹੈ ਕਿ ਉਸ ਨਾਲ ਜੋ ਹੋਇਆ ਉਹ ਇੱਕ ਬੁਰਾ ਸੁਪਨਾ ਸੀ ਜਾਂ ਹਕੀਕਤ। ਸੁਰੱਖਿਆ ਕਰਮਚਾਰੀਆਂ ਨਾਲ ਘਿਰੀ ਹੋਈ ਪੱਲਵੀ ਨੇ ਵਾਰ-ਵਾਰ ਆਪਣੇ ਪੁੱਤਰ ਨੂੰ ਗਲ਼ੇ ਲਾਉਂਦੇ ਹੋਏ ਕਹਿ ਰਹੀ ਸੀ ਕਿ ਸਾਨੂੰ ਨਹੀਂ ਪਤਾ ਸੀ ਕਿ ਇਹ ਸੈਰ ਸਾਡੀ ਜ਼ਿੰਦਗੀ ਬਰਬਾਦ ਕਰ ਦੇਵੇਗੀ। ਗੋਲੀਆਂ ਚਲਾਉਣ ਵਾਲੇ ਵਿਅਕਤੀ ਨੇ ਕਿਹਾ ਕਿ ਜਾਓ, ਤੈਨੂੰ ਨਹੀਂ ਮਾਰਾਂਗਾ, ਜਾ ਕੇ ਮੋਦੀ ਨੂੰ ਦੱਸ ਦੇਣਾ।
ਪੱਲਵੀ ਆਪਣੇ ਪਤੀ ਮੰਜੂਨਾਥ ਅਤੇ ਪੁੱਤਰ ਨਾਲ ਕੁਝ ਦਿਨ ਪਹਿਲਾਂ ਕਰਨਾਟਕ ਦੇ ਸ਼ਿਵਮੋਗਾ ਤੋਂ ਛੁੱਟੀਆਂ ਮਨਾਉਣ ਲਈ ਕਸ਼ਮੀਰ ਆਈ ਸੀ। ਉਸਨੇ ਦੱਸਿਆ ਕਿ ਉਹ ਅੱਜ ਸਵੇਰੇ ਪਹਿਲਗਾਮ ਪਹੁੰਚ ਗਈ ਸੀ ਅਤੇ ਘੁੰਮਦੇ-ਘੁੰਮਾਉਂਦੇ ਉਹ ਬੈਸਰਨ ਆ ਗਏ।ਪੱਲਵੀ ਨੇ ਕਿਹਾ ਕਿ ਦੁਪਹਿਰ ਲਗਪਗ 1:30 ਵਜੇ ਦਾ ਸਮਾਂ ਹੋਣਾ ਚਾਹੀਦਾ ਹੈ। ਅਸੀਂ ਆਰਾਮ ਨਾਲ ਘੁੰਮ ਰਹੇ ਸੀ। ਅਚਾਨਕ ਗੋਲ਼ੀਬਾਰੀ ਹੋਈ ਅਤੇ ਮੈਂ ਆਪਣੇ ਪਤੀ ਨੂੰ ਆਪਣੀਆਂ ਅੱਖਾਂ ਦੇ ਸਾਹਮਣੇ ਜ਼ਮੀਨ ‘ਤੇ ਡਿੱਗਦੇ ਦੇਖਿਆ। ਮੈਂ ਉਸਨੂੰ ਆਪਣੀਆਂ ਅੱਖਾਂ ਦੇ ਸਾਹਮਣੇ ਮਰਦੇ ਦੇਖਿਆ। ਮੈਂ ਕੁਝ ਨਹੀਂ ਕਰ ਸਕਦੀ ਸੀ। ਮੈਨੂੰ ਹੁਣ ਇੰਝ ਲੱਗਦਾ ਹੈ ਜਿਵੇਂ ਮੈਂ ਕੋਈ ਬੁਰਾ ਸੁਪਨਾ ਦੇਖ ਰਹੀ ਹਾਂ।
“ਮੈਂ ਚਾਹੁੰਦੀ ਹਾਂ ਕਿ ਇਹ ਇੱਕ ਸੁਪਨਾ ਹੁੰਦਾ, ਪਰ ਇਹ ਸੁਪਨਾ ਨਹੀਂ ਹੈ।”ਪੱਲਵੀ ਨੇ ਕਿਹਾ ਕਿ ਗੋਲ਼ੀਆਂ ਚਲਾਉਣ ਵਾਲੇ ਅੱਤਵਾਦੀਆਂ ਦੀ ਗਿਣਤੀ ਲਗਪਗ ਚਾਰ ਸੀ। ਪੱਲਵੀ ਨੇ ਅੱਗੇ ਕਿਹਾ ਕਿ ਹੁਣ ਮੈਂ ਇੱਥੇ ਕੀ ਕਰਾਂਗੀ, ਤੂੰ ਮੈਨੂੰ ਜਿਉਂਦੇ ਜੀਅ ਮਾਰ ਦਿੱਤਾ ਹੈ, ਮੈਨੂੰ ਵੀ ਮਾਰ ਦੇ। ਹਮਲਾਵਰਾਂ ਵਿੱਚੋਂ ਇੱਕ ਨੇ ਕਿਹਾ, ਜਾਓ, ਮੈਂ ਤੈਨੂੰ ਜ਼ਿੰਦਾ ਛੱਡ ਦਿੱਤਾ, ਜਾ ਕੇ ਮੋਦੀ ਨੂੰ ਇਹ ਦੱਸੋ।
ਉਸਨੇ ਕਿਹਾ ਕਿ ਆਲੇ-ਦੁਆਲੇ ਜ਼ਖ਼ਮੀ ਲੋਕ ਪਏ ਸਨ, ਉਨ੍ਹਾਂ ਵਿੱਚੋਂ ਬਹੁਤ ਸਾਰੇ ਮੇਰੇ ਪਤੀ ਵਾਂਗ ਮਰ ਚੁੱਕੇ ਸਨ। ਉੱਥੇ ਕੁਝ ਸਥਾਨਕ ਲੋਕਾਂ ਨੇ ਮੇਰੀ ਮਦਦ ਕੀਤੀ ਅਤੇ ਮੈਨੂੰ ਬਚਾਇਆ। ਮੇਰੇ ਪਤੀ ਦੀ ਲਾਸ਼ ਉੱਥੇ ਪਈ ਹੈ, ਕੋਈ ਉਸਨੂੰ ਹੇਠਾਂ ਲਿਆਵੇ ਅਤੇ ਸਾਡੇ ਘਰ ਲੈ ਜਾਵੇ। ਮੇਰੇ ਪਤੀ ਦੀ ਲਾਸ਼ ਨੂੰ ਉੱਥੋਂ ਲਿਆਉਣ ਲਈ ਹੈਲੀਕਾਪਟਰ ਦੀ ਲੋੜ ਹੈ।