ਪਿਛਲੇ ਦਿਨੀਂ ਪਹਿਲਗਾਮ ‘ਚ ਹੋਏ ਅੱਤਵਾਦੀ ਹਮਲੇ ਤੋਂ ਬਾਅਦ ਜਿੱਥੇ ਪੂਰਾ ਦੇਸ਼ ਸੋਗ ਦੀ ਲਹਿਰ ‘ਚ ਹੈ, ਉੱਥੇ ਹੀ ਦੇਸ਼ ਵਾਸੀ ਇਸ ਅੱਤਵਾਦੀ ਹਮਲੇ ‘ਚ ਜਾਨ ਗੁਆਉਣ ਵਾਲੇ ਲੋਕਾਂ ਲਈ ਇਨਸਾਫ਼ ਦੀ ਗੁਹਾਰ ਲਗਾ ਰਹੇ ਹਨ। ਇਸ ਦੌਰਾਨ ਵੱਖ-ਵੱਖ ਥਾਵਾਂ ‘ਤੇ ਲੋਕ ਸੜਕਾਂ ‘ਤੇ ਆ ਰਹੇ ਪਾਕਿਸਤਾਨ ਵਿਰੁੱਧ ਨਾਅਰੇਬਾਜ਼ੀ ਕਰ ਰਹੇ ਹਨ, ਉੱਥੇ ਹੀ ਅੱਜ ਸਮੂਹ ਦੁਕਾਨਦਾਰਾਂ ਅਤੇ ਵੱਖ-ਵੱਖ ਹਿੰਦੂ ਸੰਗਠਨਾ ਵੱਲੋਂ ਸਮੂਹ ਬਾਜ਼ਾਰ ਬੰਦ ਕਰਕੇ ਪਾਕਿਸਤਾਨ ਖਿਲਾਫ ਰੋਸ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ।
ਇਸ ਮੌਕੇ ਪੰਜਾਬ ਦਾ ਅੰਮ੍ਰਿਤਸਰ ਜ਼ਿਲ੍ਹਾ ਵੀ ਬੰਦ ਕੀਤਾ ਗਿਆ ਹੈ। ਅੰਮ੍ਰਿਤਸਰ ‘ਚ ਹੋਲ ਸੇਲ ਤੇ ਰਿਟੇਲ ਬਜ਼ਾਰ ਬੰਦ ਰਹਿਣਗੇ । ਇਸ ਤੋਂ ਇਲਾਵਾ ਅੱਜ ਦੀਨਾਨਗਰ ਵਿੱਚ ਵੀ ਬੰਦ ਦੀ ਕਾਲ ਹੈ ਜੇਕਰ ਕਿਸੇ ਨੇ ਦੁਕਾਨ ਖੋਲ੍ਹੀ ਹੈ, ਤਾਂ ਉਸਨੂੰ ਵੀ ਵਪਾਰੀਆਂ ਦਾ ਸਮਰਥਨ ਕਰਨਾ ਚਾਹੀਦਾ ਹੈ ਅਤੇ ਆਪਣੀ ਦੁਕਾਨ ਬੰਦ ਕਰਨੀ ਚਾਹੀਦੀ ਹੈ।
ਇਸ ਮੌਕੇ ਵੱਖ-ਵੱਖ ਹਿੰਦੂ ਸੰਗਠਨਾ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਇਸ ਸੰਕਟ ਦੀ ਘੜੀ ਵਿੱਚ ਸਾਰਿਆਂ ਨੂੰ ਇੱਕਜੁੱਟ ਹੋ ਕੇ ਅੱਗੇ ਆਉਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਪਹਿਲਗਾਮ ‘ਚ ਜੋ ਹੋਇਆ ਉਹ ਨਿੰਦਾਯੋਗ ਹੈ। ਇਸ ਸਮੇਂ, ਵੋਟ ਰਾਜਨੀਤੀ ਖੇਡਣ ਦੀ ਬਜਾਏ, ਸਾਨੂੰ ਇੱਕਜੁੱਟ ਹੋ ਕੇ ਅੱਗੇ ਆਉਣਾ ਚਾਹੀਦਾ ਹੈ ਤਾਂ ਜੋ ਦੇਸ਼ ਵਿੱਚ ਜੋ ਕੁਝ ਹੋਇਆ ਉਹ ਭਵਿੱਖ ਵਿੱਚ ਨਾ ਵਾਪਰੇ। ਉਧਰ ਸਿਰਫ ਜ਼ਰੂਰੀ ਸੇਵਾਵਾਂ ਵਾਲਿਆਂ ਦੁਕਾਨਾਂ ਜਿਵੇਂ ਮੈਡੀਕਲ ਸਟੋਰ, ਦੁੱਧ ਵਾਲੀਆਂ ਡੇਅਰੀਆਂ ਆਦਿ ਸਿਰਫ ਖੁੱਲੀਆਂ ਦਿਖਾਈ ਦਿੱਤੀਆਂ ਹਨ ਬਾਕੀ ਸਮੂਹ ਦੁਕਾਨਦਾਰਾਂ ਵੱਲੋਂ ਬੰਦ ਦਾ ਸਮਰਥਨ ਕੀਤਾ ਗਿਆ ਹੈ। ਪੁਲਿਸ ਵੱਲੋਂ ਵੀ ਪੁਖਤਾ ਪ੍ਰਬੰਧ ਕੀਤੇ ਹੋਏ ਹਨ ਥਾਂ-ਥਾਂ ‘ਤੇ ਪੁਲਸ ਵੱਲੋਂ ਨਾਕੇ ਲਗਾ ਕੇ ਲੋਕਾਂ ਦੀ ਸੁਰੱਖਿਆ ਲਈ ਪੂਰੇ ਇੰਤਜ਼ਾਮ ਕੀਤੇ ਹੋਏ ਹਨ।