ਮੌਸਮ ਵਿਭਾਗ ਨੇ ਕਿਹਾ ਹੈ ਕਿ ਅੱਜ ਉੱਤਰ-ਪੱਛਮੀ ਭਾਰਤ ਦੇ ਰਾਜਾਂ ਜਿਵੇਂ ਕਿ ਦਿੱਲੀ, ਪੰਜਾਬ, ਹਰਿਆਣਾ ਅਤੇ ਪੱਛਮੀ ਉੱਤਰ ਪ੍ਰਦੇਸ਼-ਰਾਜਸਥਾਨ ਵਿੱਚ ਤੇਜ਼ ਹਵਾਵਾਂ ਚੱਲਣ ਦੀ ਸੰਭਾਵਨਾ ਹੈ। ਅਗਲੇ 5 ਦਿਨਾਂ ਤੱਕ ਮੌਸਮ ਇਸੇ ਤਰ੍ਹਾਂ ਦਾ ਰਹਿਣ ਦੀ ਸੰਭਾਵਨਾ ਹੈ। ਹਾਲਾਂਕਿ ਬਿਹਾਰ, ਦੱਖਣੀ ਝਾਰਖੰਡ, ਪੂਰਬੀ ਮੱਧ ਪ੍ਰਦੇਸ਼, ਛੱਤੀਸਗੜ੍ਹ, ਦੱਖਣ ਪੱਛਮੀ ਬੰਗਾਲ, ਤੇਲੰਗਾਨਾ, ਆਂਧਰਾ ਪ੍ਰਦੇਸ਼ ਦੇ ਕੁਝ ਹਿੱਸਿਆਂ, ਗੁਜਰਾਤ ਅਤੇ ਉੜੀਸਾ ਆਦਿ ਰਾਜਾਂ ਵਿੱਚ ਗਰਮੀ ਦਾ ਕਹਿਰ ਜਾਰੀ ਰਹੇਗਾ ਹੈ।
ਮੌਸਮ ਵਿਭਾਗ ਦੀ ਭਵਿੱਖਬਾਣੀ ਮੁਤਾਬਕ ਇਕ ਪੱਛਮੀ ਗੜਬੜੀ ਸਰਗਰਮ ਹੋ ਰਹੀ ਹੈ, ਜਿਸ ਕਾਰਨ ਉੱਤਰੀ ਭਾਰਤ ਦਾ ਮੌਸਮ ਪ੍ਰਭਾਵਿਤ ਹੋਵੇਗਾ। ਜੰਮੂ-ਕਸ਼ਮੀਰ, ਲੱਦਾਖ ਦੇ ਨਾਲ-ਨਾਲ ਉੱਤਰਾਖੰਡ ਅਤੇ ਹਿਮਾਚਲ ਪ੍ਰਦੇਸ਼ ਵਿਚ ਤੇਜ਼ ਹਵਾਵਾਂ ਨਾਲ ਮੀਂਹ ਪੈਣ ਦੀ ਸੰਭਾਵਨਾ ਹੈ। ਉੱਤਰੀ ਭਾਰਤ, ਹਰਿਆਣਾ, ਪੰਜਾਬ, ਦਿੱਲੀ, ਉੱਤਰ ਪ੍ਰਦੇਸ਼ ਵਿੱਚ ਠੰਡੀਆਂ ਹਵਾਵਾਂ ਚੱਲਣ ਦੀ ਸੰਭਾਵਨਾ ਹੈ। ਮੌਸਮ ਵਿਭਾਗ ਨੇ ਕਿਹਾ ਕਿ ਅੱਜ ਤੋਂ 29 ਮਾਰਚ ਤੱਕ ਦਿੱਲੀ, ਚੰਡੀਗੜ੍ਹ, ਹਰਿਆਣਾ ਅਤੇ ਪੰਜਾਬ ਵਿਚ ਤੇਜ਼ ਹਵਾਵਾਂ ਚੱਲ ਸਕਦੀਆਂ ਹਨ। ਧੂੜ ਭਰੀ ਹਨੇਰੀ ਆਉਣ ਦੀ ਸੰਭਾਵਨਾ ਹੈ। ਮੌਸਮ ਵਿਭਾਗ ਨੇ ਕਿਹਾ ਕਿ 29 ਮਾਰਚ ਤੱਕ ਅਰੁਣਾਚਲ ਪ੍ਰਦੇਸ਼ ‘ਚ ਕੁਝ ਥਾਵਾਂ ‘ਤੇ ਭਾਰੀ ਮੀਂਹ ਅਤੇ ਬਰਫਬਾਰੀ ਦੀ ਸੰਭਾਵਨਾ ਹੈ।
ਮੌਸਮ ਵਿਭਾਗ ਨੇ ਸ਼ਨੀਵਾਰ ਨੂੰ ਆਪਣੀ ਰੋਜ਼ਾਨਾ ਰਿਪੋਰਟ ਜਾਰੀ ਕੀਤੀ ਹੈ। ਭਾਰਤ ਦੇ ਜ਼ਿਆਦਾਤਰ ਸੂਬਿਆਂ ਵਿਚ ਅਜੇ ਅੱਤ ਦੀ ਗਰਮੀ ਪੈਣ ਦੀ ਕੋਈ ਸੰਭਾਵਨਾ ਨਹੀਂ, ਮੀਂਹ ਤੇ ਤੇਜ਼ ਹਵਾਵਾਂ ਨਾਲ ਪਾਰਾ ਇਕਦਮ ਥੱਲੇ ਆਵੇਗਾ। ਮੌਸਮ ਵਿਭਾਗ ਨੇ ਕਿਹਾ ਕਿ ਅਗਲੇ ਦੋ ਦਿਨਾਂ ਤੱਕ ਉੱਤਰ-ਪੱਛਮੀ ਭਾਰਤ ਵਿੱਚ ਵੱਧ ਤੋਂ ਵੱਧ ਤਾਪਮਾਨ ਵਿੱਚ 3 ਤੋਂ 5 ਡਿਗਰੀ ਸੈਲਸੀਅਸ ਦੀ ਗਿਰਾਵਟ ਆਵੇਗੀ।
ਪੂਰਬੀ ਭਾਰਤ ਵਿਚ ਤਾਪਮਾਨ ‘ਚ ਵਾਧਾ ਹੋਣ ਦੀ ਸੰਭਾਵਨਾ ਹੈ, ਇੱਥੇ ਤਾਪਮਾਨ ਅੱਜ ਤੋਂ 30 ਮਾਰਚ ਤੱਕ ਦੋ ਤੋਂ ਤਿੰਨ ਡਿਗਰੀ ਸੈਲਸੀਅਸ ਤੱਕ ਵਧੇਗਾ ਪਰ ਇਸ ਤੋਂ ਬਾਅਦ ਕਿਸੇ ਬਦਲਾਅ ਦੀ ਉਮੀਦ ਨਹੀਂ ਹੈ। ਬਿਹਾਰ ਤੋਂ ਅਸਾਮ ਤੱਕ ਇੱਕ ਟਰੱਫ ਲਾਈਨ ਲੰਘ ਰਹੀ ਹੈ, ਜਿਸ ਕਾਰਨ ਅੱਜ ਸਿੱਕਮ, ਦਾਰਜੀਲਿੰਗ ਅਤੇ ਅਰੁਣਾਚਲ ਪ੍ਰਦੇਸ਼ ਵਿੱਚ ਮੀਂਹ ਪੈਣ ਦੀ ਸੰਭਾਵਨਾ ਹੈ। ਇਸ ਤੋਂ ਇਲਾਵਾ ਬਿਜਲੀ ਅਤੇ ਤੇਜ਼ ਹਵਾਵਾਂ ਚੱਲਣ ਦੀ ਸੰਭਾਵਨਾ ਵੀ ਪ੍ਰਗਟਾਈ ਗਈ ਹੈ।