Home / ਪੰਜਾਬੀ ਖਬਰਾਂ / ਪੰਜਾਬੀ ਇੰਡਸਟਰੀ ਤੋਂ ਆਈ ਵੱਡੀ ਖਬਰ

ਪੰਜਾਬੀ ਇੰਡਸਟਰੀ ਤੋਂ ਆਈ ਵੱਡੀ ਖਬਰ

ਪਾਲੀਵੁੱਡ ਦੇ ਮਸ਼ਹੂਰ ਨਿਰਦੇਸ਼ਕ ਵਿਕਰਮ ਗਰੋਵਰ ਦਾ ਬੀਤੀ ਰਾਤ ਦਿਲ ਦੀ ਧੜਕਣ ਰੁਕ ਜਾਣ ਕਾਰਨ ਅਚਾਨਕ ਦੇਹਾਂਤ ਹੋ ਗਿਆ, ਜੋ ਬਾਲੀਵੁੱਡ ਦੇ ਪ੍ਰਸਿੱਧ ਕਾਮੇਡੀਅਨ, ਹੋਸਟ ਅਤੇ ਅਦਾਕਾਰ ਕਪਿਲ ਸ਼ਰਮਾ ਦੇ ਅਤਿ ਕਰੀਬੀ ਦੋਸਤਾਂ ਵਿੱਚ ਸ਼ੁਮਾਰ ਰਹੇ ਹਨ।

ਹਾਲ ਹੀ ਦੇ ਵਿੱਚ ਰਿਲੀਜ਼ ਹੋਈ ਅਤੇ ਗੁਰਪ੍ਰੀਤ ਘੁੱਗੀ ਵੱਲੋਂ ਨਿਰਮਿਤ ਕੀਤੀ ਪੰਜਾਬੀ ਫਿਲਮ ‘ਫ਼ਰਲੋ’ ਦਾ ਨਿਰਦੇਸ਼ਨ ਇਸ ਹੋਣਹਾਰ ਨਿਰਦੇਸ਼ਕ ਵੱਲੋਂ ਹੀ ਕੀਤਾ ਗਿਆ, ਜਿੰਨ੍ਹਾਂ ਨੇ ਆਖਰੀ ਸਾਹ ਅਪਣੇ ਗ੍ਰਹਿ ਨਗਰ ਅੰਮ੍ਰਿਤਸਰ ਸਾਹਿਬ ਵਿਖੇ ਹੀ ਲਏ, ਜੋ 55 ਵਰ੍ਹਿਆ ਦੇ ਸਨ ਅਤੇ ਹੈਰਾਨੀਜਨਕ ਇਹ ਵੀ ਹੈ ਕਿ ਕੁਝ ਦਿਨ ਬਾਅਦ 1 ਅਪ੍ਰੈਲ ਨੂੰ ਹੀ ਉਨ੍ਹਾਂ ਦਾ ਜਨਮ ਦਿਨ ਤਾਰੀਖ਼ ਵੀ ਆ ਰਹੀ ਸੀ, ਜਿਸ ਦੌਰਾਨ ਉਨ੍ਹਾਂ ਦੇ ਪਰਿਵਾਰਜਨ ਅਤੇ ਦੋਸਤਾਂ ਵੱਲੋਂ ਇਸ ਸੰਬੰਧਤ ਸ਼ੁੱਭਕਾਮਨਾਵਾਂ ਅਤੇ ਸੈਲੀਬ੍ਰਰੇਸ਼ਨ ਆਦਿ ਨੂੰ ਵੀ ਅੰਜ਼ਾਮ ਦਿੱਤਾ ਜਾਣਾ ਸੀ, ਜਿਸ ਦਾ ਹਿੱਸਾ ਬਣ ਪਾਉਣਾ ਸ਼ਾਇਦ ਉਨ੍ਹਾਂ ਦੀ ਕਿਸਮਤ ਵਿੱਚ ਨਹੀਂ ਸੀ।

ਮੂਲ ਰੂਪ ਵਿੱਚ ਸ਼੍ਰੀ ਅੰਮ੍ਰਿਤਸਰ ਸਾਹਿਬ ਨਾਲ ਸੰਬੰਧ ਰੱਖਦੇ ਵਿਕਰਮ ਗਰੋਵਰ ਰੰਗਮੰਚ ਦੀ ਦੁਨੀਆਂ ਦਾ ਵੀ ਹਿੱਸਾ ਰਹੇ ਹਨ, ਜੋ ਕਪਿਲ ਸ਼ਰਮਾ ਦੇ ਬਚਪਨ ਦੇ ਸਾਥੀ ਰਹੇ ਅਤੇ ਸੰਘਰਸ਼ਪੂਰਨ ਪੜਾਅ ਦੌਰਾਨ ਵੀ ਉਨ੍ਹਾਂ ਨਾਲ ਡਟੇ ਰਹੇ ਅਤੇ ਇਹੀ ਕਾਰਨ ਹੈ ਕਿ ਕਾਮੇਡੀਅਨ ਕਪਿਲ ਸ਼ਰਮਾ ਉਨ੍ਹਾਂ ਅਤੇ ਉਨ੍ਹਾਂ ਦੇ ਕਰੀਅਰ ਪ੍ਰਤੀ ਕਾਫ਼ੀ ਅੱਪਣਤਵ ਰੱਖਦੇ ਸਨ, ਜਿੰਨ੍ਹਾਂ ਅਪਣੇ ਪ੍ਰੋਡੋਕਸ਼ਨ ਹੇਠ ਬਤੌਰ ਨਿਰਮਾਤਾ ਬਣਾਈ ‘ਸੰਨ ਆਫ ਮਨਜੀਤ ਸਿੰਘ’ ਦੁਆਰਾ ਵਿਕਰਮ ਗਰੋਵਰ ਨੂੰ ਬਤੌਰ ਨਿਰਦੇਸ਼ਕ ਲਾਂਚ ਕਰਨ ਵਿੱਚ ਵੀ ਅਹਿਮ ਭੂਮਿਕਾ ਨਿਭਾਈ।

ਇਸ ਤੋਂ ਇਲਾਵਾ ਪਾਲੀਵੁੱਡ ਕਾਮੇਡੀਅਨ ਅਤੇ ਅਦਾਕਾਰ ਗੁਰਪ੍ਰੀਤ ਘੁੱਗੀ ਨਾਲ ਵੀ ਉਨ੍ਹਾਂ ਦੀ ਸਾਂਝ ਅੰਤਿਮ ਸਮੇਂ ਤੱਕ ਕਾਇਮ ਰਹੀ, ਜੋ ਹਮੇਸ਼ਾ ਉਨ੍ਹਾਂ ਦੇ ਕਰੀਅਰ ਨੂੰ ਬੂਸਟ ਦੇਣ ਲਈ ਯਤਨਸ਼ੀਲ ਰਹੇ। ਬਤੌਰ ਐਸੋਸੀਏਟ ਨਿਰਦੇਸ਼ਕ ਵੀ ਕਈ ਵੱਡੀਆਂ ਅਤੇ ਬਹੁ-ਚਰਚਿਤ ਹਿੰਦੀ ਅਤੇ ਪੰਜਾਬੀ ਫਿਲਮਾਂ ਦਾ ਹਿੱਸਾ ਰਹੇ ਵਿਕਰਮ ਗਰੋਵਰ, ਜਿੰਨ੍ਹਾਂ ਵਿੱਚ ਕਪਿਲ ਸ਼ਰਮਾ ਦੀ ਹਿੰਦੀ ਫਿਲਮ ‘ਫਿਰੰਗੀ’ ਤੋਂ ਇਲਾਵਾ ‘ਡਬਲ ਦੀ ਟ੍ਰਬਲ’, ‘ਭਾਜੀ ਇਨ ਪ੍ਰੋਬਲਮ’, ‘ਲੱਕੀ ਦੀ ਅਣਲੱਕੀ ਸਟੋਰੀ’ ਆਦਿ ਸ਼ਾਮਿਲ ਰਹੀਆਂ ਹਨ।

ਮੁੱਖਧਾਰਾ ਤੋਂ ਅਲਹਦਾ ਅਤੇ ਮਿਆਰੀ ਸਿਨੇਮਾ ਦੀ ਸਿਰਜਣਾ ਪ੍ਰਤੀ ਤਰੱਦਦਸ਼ੀਲ ਰਹੇ ਵਿਕਰਮ ਗਰੋਵਰ ਦੀ ਰਸਮੀ ਯਾਤਰਾ ਛੋਟੀਆਂ ਫਿਲਮਾਂ ਨਾਲ ਸ਼ੁਰੂ ਹੋਈ, ਜਿਸ ਦੌਰਾਨ ਉਨ੍ਹਾਂ ਨਿਰਦੇਸ਼ਨ, ਸਕ੍ਰਿਪਟ ਲੇਖਣ ਅਤੇ ਫਿਲਮ ਪ੍ਰਬੰਧਨ ਦਾ ਕਾਫ਼ੀ ਵਿਹਾਰਕ ਤਜ਼ਰਬਾ ਪ੍ਰਾਪਤ ਕੀਤਾ, ਜੋ ਫਿਲਮ ਨਿਰਮਾਣ ਦੀਆਂ ਵੱਖ-ਵੱਖ ਸ਼ੈਲੀਆਂ, ਬਿਰਤਾਂਤ ਅਤੇ ਤਕਨੀਕੀ ਪਹਿਲੂਆਂ ਦੇ ਪ੍ਰਯੋਗ ਵਿੱਚ ਬੇਹੱਦ ਮੁਹਾਰਤ ਰੱਖਦੇ ਰਹੇ। ਇਸ ਦੇ ਨਾਲ ਹੀ ਹੁਣ ਪਾਲੀਵੁੱਡ ਹਸਤੀਆਂ ਵੀ ਨਿਰਦੇਸ਼ਕ ਦੇ ਦੇਹਾਂਤ ਉਤੇ ਦੁੱਖ ਪ੍ਰਗਟ ਕਰ ਰਹੀਆਂ ਹਨ।

Check Also

ਤੇਜ਼ ਹਨ੍ਹੇਰੀ ਤੇ ਭਾਰੀ ਮੀਂਹ ਦੀ ਚਿਤਾਵਨੀ

ਪੰਜਾਬ ਵਿਚ ਲੋਕਾਂ ਨੂੰ ਗਰਮੀ ਤੋਂ ਥੋੜ੍ਹੀ ਰਾਹਤ ਮਿਲਣ ਜਾ ਰਹੀ ਹੈ। ਮੌਸਮ ਵਿਭਾਗ ਵੱਲੋਂ …