ਕੈਨੇਡੀਅਨ ਸਰਕਾਰ ਨੇ 2025 ਵਿੱਚ ਜਾਰੀ ਕੀਤੇ ਜਾਣ ਵਾਲੇ ਸਟੱਡੀ ਪਰਮਿਟਾਂ ਦੀ ਗਿਣਤੀ ਦਾ ਖੁਲਾਸਾ ਕੀਤਾ ਹੈ। ਇਮੀਗ੍ਰੇਸ਼ਨ, ਰਫਿਊਜੀਜ਼ ਅਤੇ ਸਿਟੀਜ਼ਨਸ਼ਿਪ ਕੈਨੇਡਾ (IRCC) ਨੇ ਐਲਾਨ ਕੀਤਾ ਹੈ ਕਿ ਉਹ 2025 ਵਿੱਚ ਕੁੱਲ 4,37,000 ਸਟੱਡੀ ਪਰਮਿਟ ਜਾਰੀ ਕਰਨ ਦੀ ਯੋਜਨਾ ਬਣਾ ਰਿਹਾ ਹੈ, ਜਿਸ ਵਿਚ 2024 ਦੇ ਮੁਕਾਬਲੇ 10% ਦੀ ਕਟੌਤੀ ਕੀਤੀ ਗਈ ਹੈ। ਸਟੱਡੀ ਪਰਮਿਟਾਂ ਦੀ ਗਿਣਤੀ ਘਟਾਉਣ ਦਾ ਫੈਸਲਾ ਪਿਛਲੇ ਸਾਲ ਕੈਨੇਡਾ ਦੀਆਂ ਅੰਤਰਰਾਸ਼ਟਰੀ ਵਿਦਿਆਰਥੀ ਨੀਤੀਆਂ ਵਿੱਚ ਮਹੱਤਵਪੂਰਨ ਤਬਦੀਲੀਆਂ ਤੋਂ ਬਾਅਦ ਲਿਆ ਗਿਆ ਸੀ।
IRCC ਨੇ 2024 ਵਿੱਚ ਵਿਦੇਸ਼ੀ ਵਿਦਿਆਰਥੀਆਂ ਨੂੰ ਦਿੱਤੇ ਗਏ ਸਟੱਡੀ ਪਰਮਿਟਾਂ ਦੀ ਗਿਣਤੀ ‘ਤੇ ਇੱਕ ਸੀਮਾ ਲਾਗੂ ਕਰ ਦਿੱਤੀ ਸੀ। ਅਜਿਹਾ ਇਸ ਲਈ ਕੀਤਾ ਗਿਆ ਸੀ, ਕਿਉਂਕਿ ਵਿਦੇਸ਼ੀ ਨਾਗਰਿਕਾਂ ਦੀ ਵਧਦੀ ਆਬਾਦੀ ਕਾਰਨ ਦੇਸ਼ ਦੇ ਸਰੋਤਾਂ ‘ਤੇ ਦਬਾਅ ਵੱਧ ਰਿਹਾ ਹੈ। ਨੀਤੀ ਵਿੱਚ ਬਦਲਾਅ ਦੇ ਨਤੀਜੇ ਵਜੋਂ ਪਿਛਲੇ ਸਾਲ ਕੈਨੇਡਾ ਆਉਣ ਵਾਲੇ ਅੰਤਰਰਾਸ਼ਟਰੀ ਵਿਦਿਆਰਥੀਆਂ ਵਿੱਚ 40 ਪ੍ਰਤੀਸ਼ਤ ਦੀ ਕਮੀ ਆਈ। ਸਰਕਾਰੀ ਅੰਕੜਿਆਂ ਅਨੁਸਾਰ 2023 ਵਿੱਚ ਕੈਨੇਡਾ ਨੇ ਵਿਦੇਸ਼ੀ ਵਿਦਿਆਰਥੀਆਂ ਨੂੰ 6.5 ਲੱਖ ਤੋਂ ਵੱਧ ਸਟਡੀ ਪਰਮਿਟ ਜਾਰੀ ਕੀਤੇ ਸਨ।
ਸਟੱਡੀ ਪਰਮਿਟ ਲਈ ਦੇਣਾ ਪਵੇਗਾ ਤਸਦੀਕ ਪੱਤਰ—-ਪਿਛਲੇ ਸਾਲ ਵਿਦੇਸ਼ੀ ਵਿਦਿਆਰਥੀਆਂ ਦੀ ਗਿਣਤੀ ‘ਤੇ ਲਗਾਈ ਗਈ ਸੀਮਾ ਤੋਂ ਬਾਅਦ, ਵਿਦਿਆਰਥੀਆਂ ਨੂੰ ਹੁਣ ਸਟੱਡੀ ਪਰਮਿਟ ਲਈ ਅਰਜ਼ੀ ਦੇਣ ਤੋਂ ਪਹਿਲਾਂ ਇੱਕ ਸੂਬਾਈ ਜਾਂ ਖੇਤਰੀ ਤਸਦੀਕ ਪੱਤਰ ਜਮ੍ਹਾ ਕਰਨਾ ਹੋਵੇਗਾ। ਇਸ ਸਾਲ, ਮਾਸਟਰ ਅਤੇ ਪੋਸਟ-ਡਾਕਟੋਰਲ ਵਿਦਿਆਰਥੀਆਂ ਨੂੰ ਵੀ ਇਸ ਪੱਤਰ ਦੀ ਲੋੜ ਪਵੇਗੀ। ਇਨ੍ਹਾਂ ਤਸਦੀਕ ਪੱਤਰਾਂ ਦਾ ਉਦੇਸ਼ ਇਹ ਪੁਸ਼ਟੀ ਕਰਨਾ ਹੈ ਕਿ ਵਿਦਿਆਰਥੀਆਂ ਦੇ ਆਉਣ ਨਾਲ ਇਮੀਗ੍ਰੇਸ਼ਨ ‘ਤੇ ਦਬਾਅ ਨਹੀਂ ਵਧੇਗਾ, ਕਿਉਂਕਿ ਉਹ ਸਰਕਾਰ ਦੁਆਰਾ ਨਿਰਧਾਰਤ ਸੀਮਾ ਦੇ ਅੰਦਰ ਹਨ।
