ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਸਾਰੀਆਂ ਗੁਰਦੁਆਰਾ ਕਮੇਟੀਆਂ, ਸਿੰਘ ਸਭਾਵਾਂ ਅਤੇ ਸਿੱਖ ਜਥੇਬੰਦੀਆਂ ਦੇ ਨਾਂ ਇੱਕ ਪੱਤਰ ਜਾਰੀ ਕੀਤਾ ਹੈ।ਜਿਸ ਰਾਹੀ ਕਿਹਾ ਗਿਆ ਹੈ ਕਿ ਗੁਰਦੁਆਰਿਆਂ ਵਿੱਚ ਲੱਗੇ ਨਿਸ਼ਾਨ ਸਾਹਿਬ ( ਝੰਡੇ) ਸੁਰਮਈ (ਨੀਲੇ) ਜਾਂ ਬਸੰਤੀ (ਪੀਲੇ) ਰੰਗ ਦੇ ਹੋਣਗੇ।ਬੀਤੇ 15 ਜੁਲਾਈ ਨੂੰ ਪੰਜ ਸਿੰਘ ਸਾਹਿਬਾਨ ਦੀ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਹੋਈ ਮੀਟਿੰਗ ਦੌਰਾਨ ਨਿਸ਼ਾਨ ਸਾਹਿਬ ਦੇ ਰੰਗਾਂ ਨੂੰ ਲੈ ਕੇ ਉਲਝਣ ਦੇ ਸੰਬੰਧ ਵਿੱਚ ਮਤਾ ਪਾਸ ਕੀਤਾ ਗਿਆ ਸੀ।
ਸਿੰਘ ਸਾਹਿਬਾਨ ਨੇ ਸ਼੍ਰੋਮਣੀ ਕਮੇਟੀ ਅਤੇ ਸਿੱਖ ਕੌਮ ਨੂੰ ਪ੍ਰਵਾਨਿਤ ਸਿੱਖ ਰਹਿਤ ਮਰਿਆਦਾ ਅਨੁਸਾਰ ਨਿਸ਼ਾਨ ਸਾਹਿਬ ਦੇ ਰੰਗਾਂ ਦੀ ਉਲਝਣ ਨੂੰ ਖ਼ਤਮ ਕਰਨ ਲਈ ਹਦਾਇਤ ਕੀਤੀ ਸੀ।ਅਜੋਕੇ ਸਮੇਂ ਵਿੱਚ ਨਿਸ਼ਾਨ ਸਾਹਿਬ ਜ਼ਿਆਦਾਤਰ ਕੇਸਰੀ ਰੰਗ ਦੇ ਹੁੰਦੇ ਹਨ ਜਦਕਿ ਨਿਹੰਗ ਸਮੂਹਾਂ ਅਤੇ ਉਨ੍ਹਾਂ ਦੀਆਂ ਛਾਉਣੀਆਂ ਵਿੱਚ ਨਿਸ਼ਾਨ ਸਾਹਿਬ ਸੁਰਮਈ ਰੰਗ ਦੇ ਹੁੰਦੇ ਹਨ।ਦੋ ਨਿਸ਼ਾਨ ਸਾਹਿਬ, ਜੋ ਹਰਿਮੰਦਰ ਸਾਹਿਬ ਕੰਪਲੈਕਸ ਵਿੱਚ ਅਕਾਲ ਤਖ਼ਤ ਦੇ ਨੇੜੇ ਗੁਰਦਵਾਰਾ ਝੰਡਾ ਬੁੰਗਾ ਸਾਹਿਬ ਵਿਖੇ ਹਨ, ਉਨ੍ਹਾਂ ਦਾ ਰੰਗ ਵੀ ਕੇਸਰੀ ਹੈ।
ਇਹ ਦੋਹਰੇ ਨਿਸ਼ਾਨ ਸਾਹਿਬ ਮੀਰੀ-ਪੀਰੀ ਦੇ ਸੰਕਲਪ ਦੇ ਪ੍ਰਤੀਕ ਹਨ, ਜਿਸ ਦਾ ਅਰਥ ਹੈ ਕਿ ਸਿੱਖ ਫਲਸਫ਼ੇ ਮੁਤਾਬਕ ਧਰਮ ਅਤੇ ਰਾਜਨੀਤੀ ਇਕੱਠੇ ਚੱਲਦੇ ਹਨ।ਸ਼੍ਰੋਮਣੀ ਕਮੇਟੀ ਦੇ ਸਾਬਕਾ ਸਕੱਤਰ ਵਰਿਆਮ ਸਿੰਘ ਨੇ ਬੀਬੀਸੀ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਸਿੱਖ ਰਹਿਤ ਮਰਿਯਾਦਾ ਵਿੱਚ ਦੋ ਰੰਗ ਸੁਰਮਈ ਅਤੇ ਬਸੰਤੀ ਦਾ ਜ਼ਿਕਰ ਕੀਤਾ ਗਿਆ ਹੈ ਜਦਕਿ ਅੱਜ ਰੰਗਤ ਬਦਲ ਕੇ ਕੇਸਰੀ ਰੰਗ ਵਿੱਚ ਬਦਲ ਗਈ ਹੈ।
ਉਨ੍ਹਾਂ ਅੱਗੇ ਕਿਹਾ, “ਇੱਕ ਪ੍ਰਚਲਤ ਗੱਲ ਸੀ ਕਿ ਬ੍ਰਿਟਿਸ਼ ਸਰਕਾਰ ਦੇ ਖ਼ਿਲਾਫ਼ ਇੱਕ ਵਿਰੋਧ ਪ੍ਰਦਰਸ਼ਨ ਹੋਣਾ ਸੀ ਤਾਂ ਕਾਂਗਰਸ ਪਾਰਟੀ ਨੇ ਉੱਘੇ ਸਿੱਖ ਆਗੂ ਅਤੇ ਸ਼੍ਰੋਮਣੀ ਕਮੇਟੀ ਦੇ ਪਹਿਲੇ ਪ੍ਰਧਾਨ, ਬਾਬਾ ਖੜਕ ਸਿੰਘ ਕੋਲ ਮੁਜ਼ਾਹਰੇ ਦੀ ਅਗਵਾਈ ਕਰਨ ਲਈ ਪਹੁੰਚ ਕੀਤੀ ਸੀ। ਬਾਬਾ ਖੜਕ ਸਿੰਘ ਨੇ ਸ਼ਰਤ ਰੱਖੀ ਕਿ ਕਾਂਗਰਸ ਪਾਰਟੀ ਆਪਣੇ ਝੰਡੇ ਵਿੱਚ ਕੇਸਰੀ ਰੰਗ ਪਹਿਲੇ ਸਥਾਨ ਉੱਤੇ ਕਰੇ, ਜੋ ਪਹਿਲਾਂ ਹੇਠਾਂ ਸੀ, ਫਿਰ ਕਾਂਗਰਸ ਪਾਰਟੀ ਨੇ ਇਹ ਸ਼ਰਤ ਮੰਨ ਲਈ ਸੀ।”