ਮਾਸ ਤੇ ਘਾਸ ਦੇ ਝਗੜੇ ਵਿੱਚ ਪੈ ਕੇ “ਸਿੱਖ ਜੋ ਮਾਰਸ਼ਲ ਕੌਮ ਹੈ” ਇਸ ਨੂੰ ਘਸਿਆਰੀ ਨਾਂ ਬਣਾ ਦੇਈਏ। ਪਲੀਜ਼ ਮਾਸ ਤੇ ਘਾਸ ਦਾ ਝਗੜਾ ਬੰਦ ਕਰੋ! ਜੇ ਤੁਸੀਂ ਨਹੀਂ ਖਾਂਦੇ ਤਾਂ ਬਹੁਤ ਚੰਗਾ ਹੈ ਪਰ ਖਾਣ ਵਾਲਿਆਂ ਵਿਰੁੱਧ ਭੰਡੀ ਪ੍ਰਚਾਰ ਨਾਂ ਕਰੋ ਜੀ! ਅਤੇ ਡਾਲਰਾਂ ਦੀ ਖਾਤਰ ਮਾਸ ਖਾਣ ਵਾਲੇ ਦੇਸ਼ਾਂ ਵੱਲ ਨਾਂ ਭੱਜੋ ਜੀ। ਲੋਕ ਹਸਦੇ ਹਨ ਕਿ ਸਿੱਖਾਂ ਨੇ ਖਾਣਾਂ ਕੀ ਅਤੇ ਕਿਵੇਂ ਖਾਣਾ ਹੈ? ਭੁੰਝੇ ਜਾਂ ਕੁਰਸੀਆਂ ਮੇਜਾਂ ਤੇ ਬੈਠ ਕੇ ਖਾਣਾ ਹੈ? ਇਸ ਤੇ ਹੀ ਲੜੀ ਜਾ ਰਹੇ ਹਨ। ਧਰਮ ਪ੍ਰਚਾਰ ਵੱਲ ਕੋਈ ਧਿਆਨ ਨਹੀਂ, ਜਿਸ ਕਰਕੇ ਧਰਮ ਪ੍ਰਚਾਰ ਰੁਕਿਆ ਪਿਆ ਹੈ ਅਤੇ ਸਿੱਖ ਨੌਜਵਾਨ ਧਰਮ ਤੋਂ ਦੂਰ ਹੁੰਦੇ ਜਾ ਰਹੇ ਹਨ। ਯਾਦ ਰੱਖੋ ਅਸੀਂ ਗੁਰੂ ਦੇ ਸਿੱਖ ਹਾਂ ਨਾਂ ਕਿ ਵੈਸ਼ਣੂ ਸਾਧਾਂ ਦੇ ਚੇਲੇ ਕਿ ਲੱਸੀ ਪੀਣੀ ਅਤੇ ਚੌਲ ਹੀ ਖਾਣੇ ਹਨ। ਜਰਾ ਸੋਚੋ! ਜਦ ਗੁਰੂ ਨਾਨਕ ਅਰਬ ਦੇਸ਼ਾਂ ਦੀ ਯਾਤਰਾ ਕਰਦੇ ਹੋਏ ਇਸਲਾਮ ਦੇ ਕੇਂਦਰੀ ਅਸਥਾਂਨ ਮੱਕੇ ਹਾਜ਼ੀਆਂ ਦਾ ਬਾਣਾ ਪਾ ਕੇ ਗਏ ਸਨ ਅਤੇ ਰਸਤੇ ਵਿੱਚ ਮੁਸਲਮਾਨ ਹਾਜ਼ੀਆਂ ਦੇ ਕਾਫਲੇ ਵਿੱਚ ਹੀ ਪੜਾ ਕਰਦੇ ਅਤੇ ਭੋਜਨ ਪਾਣੀ ਵੀ ਇਕੱਠਾ ਕਰਦੇ ਸਨ। ਗੁਰੂ ਜੀ ਕੋਈ ਚੌਲਾਂ ਜਾਂ ਆਟੇ ਦੀਆਂ ਬੋਰੀਆਂ ਨਾਲ ਨਹੀਂ ਸਨ ਚੁੱਕੀ ਫਿਰਦੇ।
ਜੇ ਜਰਾ ਜਿਨਾਂ ਵੀ ਮੁਸਲਮਾਨ ਹਾਜ਼ੀਆਂ ਨੂੰ ਪਤਾ ਲੱਗ ਜਾਂਦਾ ਕਿ ਇਹ ਸ਼ਖਸ਼ ਗੈਰ ਮੁਸਲਮਾਨ ਜਾਂ ਹਿੰਦੂ ਹੈ ਤਾਂ ਉਹ ਗੁਰੂ-ਬਾਬਾ ਜੀ ਦੇ ਵਿਰੁੱਧ ਰੌਲਾ ਪਾ ਦਿੰਦੇ। ਗੁਰੂ ਜੀ ਤਾਂ ਕਟੜਵਾਦੀ ਮੁਸਲਮਾਨ ਆਗੂਆਂ ਨੂੰ ਰੱਬੀ ਗਿਆਨ ਦੇਣ ਲਈ ਮੱਕੇ ਗਏ ਸਨ ਨਾਂ ਕਿ ਕੋਈ ਕਰਾਮਾਤ ਵਿਖਾ ਕੇ ਮੱਕਾ ਘੁਮਾਉਣ ਲਈ। ਜੇ ਗੁਰੂ ਜੀ ਰਸਤੇ ਵਿੱਚ ਖਾਣ-ਪੀਣ ਦਾ ਝਗੜਾ ਖੜਾ ਕਰ ਲੈਂਦੇ ਤਾਂ ਉਹ ਮੱਕੇ ਨਹੀਂ ਸਨ ਜਾ ਸਕਦੇ। ਉਨ੍ਹਾਂ ਨੇ ਖਾਣ-ਪੀਣ ਦੇ ਝਗੜੇ ਨਾਲੋਂ ਰੱਬੀ ਉਪਦੇਸ਼ ਦੇਣ ਨੂੰ ਪਹਿਲ ਦਿੱਤੀ। ਉਨ੍ਹਾਂ ਦੀ ਨਿਗ੍ਹਾ ਵਿੱਚ ਮਾਸ ਖਾਣ ਜਾਂ ਨਾਂ ਖਾਣ ਵਾਲੇ ਦੋਵੇਂ ਬਰਾਬਰ ਸਨ। ਉਹ ਸਭ ਵਿੱਚ ਰੱਬੀ ਜੋਤ ਦਾ ਹੀ ਵਾਸ ਵੇਖਦੇ ਸਨ- ਸਭ ਮਹਿ ਜੋਤਿ ਜੋਤਿ ਹੈ ਸੋਇ॥ ਤਿਸ ਕੈ ਚਾਨਣਿ ਸਭ ਮਹਿ ਚਾਨਣੁ ਹੋਇ॥ (663) ਕਬੀਰ ਸਾਹਿਬ ਵੀ ਦਰਸਾਂਦੇ ਹਨ ਕਿ- ਅਵਲਿ ਅਲਾਹ ਨੂਰੁ ਉਪਾਇਆ ਕੁਦਰਤਿ ਕੇ ਸਭ ਬੰਦੇ॥ (1349) ਗੁਰੂ ਨਾਨਕ ਸਾਹਿਬ ਤਾਂ ਫੁਰਮਾਂਦੇ ਹਨ ਕਿ- ਜੇ ਰਤੁ ਲਗੈ ਕਪੜੇ ਜਾਮਾ ਹੋਇ ਪਲੀਤੁ॥ ਜੋ ਰਤੁ ਪੀਵਹਿ ਮਾਨਸਾਂ ਤਿਨ ਕਿਉਂ ਨਿਰਮਲੁ ਚੀਤੁ॥ (140) ਹੇ ਕਾਜ਼ੀਓ ਜੇ ਰਤਾ ਰੱਤ (ਲਹੂ) ਲੱਗਣ ਨਾਲ ਜਾਮਾਂ ਪਲੀਤ ਹੁੰਦਾ ਹੈ ਤਾਂ ਫਿਰ ਜੋ ਪਰਾਇਆ ਹੱਕ ਮਾਰ ਕੇ ਗਰੀਬ ਇਨਸਾਨਾਂ ਦਾ ਲਹੂ ਪੀਂਦੇ ਹਨ ਉਨ੍ਹਾਂ ਦਾ ਹਿਰਦਾ ਕਿਵੇਂ ਸਾਫ ਹੋ ਸਕਦਾ ਹੈ? ਗੁਰੂ ਤਾਂ ਹਿੰਦੂ-ਮੁਸਲਮਾਨ ਦੋਹਾਂ ਨੂੰ ਸਾਂਝਾ ਉਪਦੇਸ਼ ਦਿੰਦੇ ਹਨ- ਹਕ ਪਰਾਇਆ ਨਾਨਕਾ ਉਸੁ ਸੂਅਰ ਉਸੁ ਗਾਇ॥ ਗੁਰੁ ਪੀਰੁ ਹਾਮਾ ਤਾਂ ਭਰੇ ਜਾਂ ਮੁਰਦਾਰੁ ਨਾ ਖਾਇ॥
ਭਾਵ ਪਰਾਇਆ ਹੱਕ ਮਾਰਨਾਂ ਮੁਸਲਮਾਨ ਲਈ ਸੂਰ ਅਤੇ ਹਿੰਦੂਆਂ ਲਈ ਗਊ ਦਾ ਮੁਰਦਾਰ ਖਾਣ ਬਰਾਬਰ ਹੈ। ਖਾਣ-ਪੀਣ ਦੇ ਝਗੜੇ ਨੂੰ ਛੱਡ ਕੇ ਬੁਰੇ ਕਰਮਾਂ ਦਾ ਤਿਆਗ ਕਰਨਾ ਚਾਹੀਦਾ ਹੈ। ਜੀਵ ਉਸ ਦੇ ਹੁਕਮ ਵਿੱਚ ਹੀ ਮਾਰੇ ਤੇ ਰੱਖੇ ਜਾ ਰਹੇ ਹਨ। ਪੂਰਾਂ ਦੇ ਪੂਰ ਜੀਵ ਆ ਰਹੇ ਹਨ ਅਤੇ ਪੂਰਾਂ ਦੇ ਪੂਰ ਜਾ ਰਹੇ ਹਨ। ਇਹ ਸਾਰਾ ਚੱਕਰ ਉਸ ਕਰਤਾਰ ਦਾ ਹੈ। ਮਾਸ ਖਾਣ ਵਾਲੇ ਵੀ ਇਕ ਦਿਨ ਇਸ ਸੰਸਾਰ ਤੋਂ ਤੁਰ ਜਾਣੇ ਹਨ ਅਤੇ ਘਾਸ ਖਾਣ ਵਾਲੇ ਵੀ ਸਦਾ ਬੈਠੇ ਨਹੀਂ ਰਹਿਣੇ। ਇਸੇ ਕਰਕੇ ਬਾਬਾ ਨਾਨਕ ਜੀ ਨੇ ਮਾਸ ਤੇ ਝਗੜਾ ਕਰਨ ਵਾਲਿਆਂ ਨੂੰ ਮੂਰਖ ਕਿਹਾ ਹੈ- ਮਾਸੁ ਮਾਸੁ ਕਰਿ ਮੂਰਖ ਝਗੜੇ ਗਿਆਨੁ ਧਿਆਨੁ ਨਹੀਂ ਜਾਣੈ॥ ਕਉਣੁ ਮਾਸੁ ਕਉਣੁ ਸਾਗੁ ਕਹਾਵੈ ਕਿਸੁ ਮਹਿ ਪਾਪ ਸਮਾਣੇ॥ (1289) ਗੁਰੂ ਜੀ ਨੇ ਸਾਨੂੰ ਸ਼ੇਰ (ਸਿੰਘ) ਦੀ ਉਪਾਦੀ ਦਿੱਤੀ ਹੈ ਨਾਂ ਕਿ ਗਊ ਜਾਂ ਭੇਡ ਦੀ ਜੇ ਮਾਸ ਖਾਣ ਵਾਲਾ ਸ਼ੇਰ ਇਨ੍ਹਾਂ ਹੀ ਮਾੜਾ ਹੁੰਦਾ ਫਿਰ ਉਸ ਦੀ ਉਪਾਦੀ ਨਾਂ ਦਿੰਦੇ।
ਸ਼ੇਰ ਅਤੇ ਭੇਡ ਦੇ ਹੋਰ ਕਾਰਨਾਮਿਆਂ ਦੇ ਫਰਕ ਨਾਲ ਭੋਜਨ ਵਿੱਚ ਵੀ ਵੱਡਾ ਫਰਕ ਹੈ ਜੋ ਸਦਾ ਰਹਿਣਾ ਹੈ। ਦੇਖੋ ਕੋਈ ਸੌ ਤਰੀਕੇ ਵਰਤ ਕੇ ਵੀ ਸ਼ੇਰ ਨੂੰ ਘਾਹ ਅਤੇ ਗਊ ਨੂੰ ਮਾਸ ਨਹੀਂ ਖਵਾ ਸਕਦਾ ਪਰ ਮਨੁੱਖ ਜੋ ਦੋਹਾਂ ਦਾ ਸਰਦਾਰ ਹੈ ਮਾਸ ਤੇ ਘਾਸ ਦੋਵੇਂ ਖਾ ਸਕਦਾ ਹੈ। ਜਬਰਦਸਤੀ ਕਿਸੇ ਨੂੰ ਕੁਝ ਵੀ ਖਵਾਉਣਾਂ ਨਹੀਂ ਚਾਹੀਦਾ। ਸਰੀਰ ਦੀ ਤੰਦਰੁਸਤੀ ਅਤੇ ਬਲ ਨੂੰ ਦੇਖ ਕੇ ਹੀ ਭੋਜਨ ਕਰਨਾ ਚਾਹੀਦਾ ਹੈ ਪਰ ਬ੍ਰਾਹਮਣ ਦੇ ਪੈਦਾ ਕੀਤੇ ਕਿਸੇ ਪਾਪ-ਪੁੰਨ ਜਾਂ ਵਹਿਮ-ਭਰਮ ਵਿੱਚ ਨਹੀਂ ਪੈਣਾ ਚਾਹੀਦਾ।