ਭਾਰਤ ਮੌਸਮ ਵਿਭਾਗ ਨੇ ਅੱਜ ਕਿਹਾ ਕਿ ਭਾਰਤ ’ਚ ਇਸ ਸਾਲ ਗਰਮੀ ਦੇ ਮੌਸਮ ਦੀ ਸ਼ੁਰੂਆਤ ‘ਚ ਬਹੁਤ ਜ਼ਿਆਦਾ ਗਰਮੀ ਪੈਣ ਦੀ ਸੰਭਾਵਨਾ ਹੈ ਅਤੇ ਅਲ ਨੀਨੋ ਦੇ ਹਾਲਾਤ ਪੂਰੇ ਸੀਜ਼ਨ ‘ਚ ਰਹਿਣ ਦੀ ਸੰਭਾਵਨਾ ਹੈ। ਇਸ ਦੇ ਨਾਲ ਤਿਲੰਗਾਨਾ, ਆਂਧਰਾ ਪ੍ਰਦੇਸ਼ ਅਤੇ ਉੱਤਰੀ ਅੰਦਰੂਨੀ ਕਰਨਾਟਕ ਅਤੇ ਮਹਾਰਾਸ਼ਟਰ ਅਤੇ ਉੜੀਸਾ ਦੇ ਕਈ ਹਿੱਸਿਆਂ ਵਿੱਚ ਗਰਮੀ ਦੀ ਲਹਿਰ ਆਮ ਨਾਲੋਂ ਵੱਧ ਦਿਨਾਂ ਤੱਕ ਜਾਰੀ ਰਹਿਣ ਦੀ ਸੰਭਾਵਨਾ ਹੈ। ਵਿਭਾਗ ਨੇ ਕਿਹਾ ਕਿ ਮਾਰਚ ਵਿੱਚ ਦੇਸ਼ ਵਿੱਚ ਆਮ ਨਾਲੋਂ ਵੱਧ ਬਾਰਸ਼ ਹੋ ਸਕਦੀ ਹੈ।
ਮੌਸਮ ਵਿਭਾਗ ਨੇ ਕਿਹਾ ਹੈ ਕਿ ਅੱਜ ਤੋਂ ਚੰਡੀਗੜ੍ਹ ਸਮੇਤ ਪੰਜਾਬ ਅਤੇ ਹਰਿਆਣਾ ਵਿੱਚ ਮੌਸਮ ਖੁੱਲ੍ਹ ਜਾਵੇਗਾ। ਅਗਲੇ ਦਿਨਾਂ ਵਿਚ ਬਾਰਸ਼ ਦੀ ਕੋਈ ਸੰਭਾਵਨਾ ਨਹੀਂ ਹੈ। ਮੌਸਮ ਵਿਭਾਗ ਨੇ ਦੱਸਿਆ ਹੈ ਕਿ ਪੰਜਾਬ-ਹਰਿਆਣਾ ਲਈ ਆਫਤ ਟਲ ਗਈ ਹੈ।
ਮੌਸਮ ਵਿਭਾਗ ਮੁਤਾਬਕ ਆਉਣ ਵਾਲੇ 5 ਤੋਂ 6 ਦਿਨਾਂ ‘ਚ ਕੋਈ ਵੈਸਟਰਨ ਡਿਸਟਰਬੈਂਸ ਨਹੀਂ ਹੈ ਅਤੇ ਮੌਸਮ ਪੂਰੀ ਤਰ੍ਹਾਂ ਸਾਫ ਹੋ ਜਾਵੇਗਾ। ਇਸ ਦੌਰਾਨ ਗਰਮੀ ਵੀ ਵਧੇਗੀ। ਅਗਲੇ ਇਕ-ਦੋ ਦਿਨਾਂ ਵਿਚ ਤਾਪਮਾਨ ਵਿਚ ਵਾਧਾ ਹੋਵੇਗਾ। ਫਿਲਹਾਲ ਬਾਰਸ਼ ਦੀ ਕੋਈ ਸੰਭਾਵਨਾ ਨਹੀਂ ਹੈ।ਸੈਟੇਲਾਈਟ ਤਸਵੀਰ ਦਿਖਾਉਂਦੇ ਹੋਏ ਮੌਸਮ ਵਿਭਾਗ ਦੇ ਅਧਿਕਾਰੀਆਂ ਨੇ ਦੱਸਿਆ ਕਿ ਹੁਣ ਪੱਛਮੀ ਗੜਬੜੀ ਚੰਡੀਗੜ੍ਹ, ਪੰਜਾਬ, ਹਰਿਆਣਾ ਵੱਲ ਨਹੀਂ, ਸਗੋਂ ਜੰਮੂ-ਕਸ਼ਮੀਰ, ਹਿਮਾਚਲ, ਉੱਤਰਾਖੰਡ ਵੱਲ ਦਿਖ ਰਹੀ ਹੈ, ਇਸ ਲਈ ਮੌਸਮ ਸਾਫ਼ ਹੋ ਜਾਵੇਗਾ। ਗਰਮੀ ਵੀ ਵਧੇਗੀ।
ਉਧਰ, ਦਿੱਲੀ-ਐਨਸੀਆਰ ਦੇ ਮੌਸਮ ਨੇ ਇੱਕ ਵਾਰ ਫਿਰ ਕਰਵਟ ਲੈ ਲਈ ਹੈ। ਤੂਫ਼ਾਨ ਅਤੇ ਗੜੇਮਾਰੀ ਕਾਰਨ ਦਿੱਲੀ-ਐਨਸੀਆਰ ਵਿੱਚ ਠੰਢ ਵਧ ਗਈ ਹੈ। ਦਿੱਲੀ, ਨੋਇਡਾ, ਗਾਜ਼ੀਆਬਾਦ, ਗ੍ਰੇਟਰ ਨੋਇਡਾ ਅਤੇ ਗੁਰੂਗ੍ਰਾਮ ਸਮੇਤ ਐਨਸੀਆਰ ਖੇਤਰਾਂ ਵਿੱਚ ਐਤਵਾਰ ਨੂੰ ਹਲਕੀ ਬਾਰਿਸ਼ ਅਤੇ ਗੜੇਮਾਰੀ ਹੋਈ।ਇਸ ਦੌਰਾਨ ਤੇਜ਼ ਹਵਾਵਾਂ ਵੀ ਚੱਲੀਆਂ, ਜਿਸ ਕਾਰਨ ਮੌਸਮ ਦਾ ਮਿਜਾਜ਼ ਇਕ ਵਾਰ ਫਿਰ ਵਿਗੜ ਗਿਆ। ਦਿੱਲੀ-ਐਨਸੀਆਰ ਵਿੱਚ ਅੱਜ ਵੀ ਮੀਂਹ ਪੈਣ ਦੀ ਸੰਭਾਵਨਾ ਹੈ। ਆਈਐਮਡੀ ਯਾਨੀ ਮੌਸਮ ਵਿਭਾਗ ਦੇ ਅਨੁਸਾਰ ਦਿੱਲੀ ਤੋਂ ਇਲਾਵਾ ਉੱਤਰ ਪ੍ਰਦੇਸ਼ ਅਤੇ ਬਿਹਾਰ ਵਿੱਚ ਅੱਜ 4 ਮਾਰਚ ਨੂੰ ਮੀਂਹ ਅਤੇ ਗੜੇਮਾਰੀ ਨੂੰ ਲੈ ਕੇ ਅਲਰਟ ਜਾਰੀ ਕੀਤਾ ਗਿਆ ਹੈ।
ਮੌਸਮ ਦੀ ਜਾਣਕਾਰੀ ਦੇਣ ਵਾਲੀ ਵੈੱਬਸਾਈਟ ਸਕਾਈਮੇਟ ਵੈਦਰ ਮੁਤਾਬਕ ਪਹਾੜਾਂ ‘ਚ ਬਰਫਬਾਰੀ ਜਾਰੀ ਰਹੇਗੀ। ਜੰਮੂ-ਕਸ਼ਮੀਰ, ਹਿਮਾਚਲ ਪ੍ਰਦੇਸ਼ ਅਤੇ ਉੱਤਰਾਖੰਡ ‘ਚ ਅੱਜ ਵੀ ਬਰਫਬਾਰੀ ਦੀ ਸੰਭਾਵਨਾ ਹੈ। ਅੱਜ ਯਾਨੀ 4 ਮਾਰਚ ਤੋਂ ਯੂਪੀ-ਦਿੱਲੀ ਅਤੇ ਹਰਿਆਣਾ-ਪੰਜਾਬ ਵਿੱਚ ਮੀਂਹ ਅਤੇ ਗੜੇਮਾਰੀ ਦੀ ਤੀਬਰਤਾ ਘੱਟ ਜਾਵੇਗੀ। ਰਾਜਸਥਾਨ, ਗੁਜਰਾਤ, ਮੱਧ ਪ੍ਰਦੇਸ਼, ਛੱਤੀਸਗੜ੍ਹ ਅਤੇ ਬਿਹਾਰ ਦੇ ਵੱਖ-ਵੱਖ ਹਿੱਸਿਆਂ ਵਿੱਚ ਹਲਕੀ ਬਾਰਿਸ਼ ਦੇ ਨਾਲ ਇੱਕ ਜਾਂ ਦੋ ਦਰਮਿਆਨੀ ਬਾਰਿਸ਼ ਹੋ ਸਕਦੀ ਹੈ।