Home / ਪੰਜਾਬੀ ਖਬਰਾਂ / ਏਅਰਪੋਰਟ ਤੋਂ ਜਹਾਜ਼ਾਂ ‘ਤੇ ਚੜ੍ਹਨ ਵਾਲਿਆਂ ਨੇ ਤੋੜੇ ਰਿਕਾਰਡ

ਏਅਰਪੋਰਟ ਤੋਂ ਜਹਾਜ਼ਾਂ ‘ਤੇ ਚੜ੍ਹਨ ਵਾਲਿਆਂ ਨੇ ਤੋੜੇ ਰਿਕਾਰਡ

ਪੰਜਾਬ ਦੇ ਸਭ ਤੋਂ ਵੱਡੇ ਸ੍ਰੀ ਗੁਰੂ ਰਾਮਦਾਸ ਜੀ ਅੰਤਰਰਾਸ਼ਟਰੀ ਹਵਾਈ ਅੱਡਾ ਅੰਮ੍ਰਿਤਸਰ ਦੇ ਇਤਿਹਾਸ ‘ਚ ਦਸੰਬਰ 2023 ਤੇ ਸਾਲ 2023 ਯਾਤਰੀ ਤੇ ਹਵਾਈ ਆਵਾਜਾਈ ਵਿੱਚ ਹੁਣ ਪਹਿਲੇ ਸਥਾਨ ‘ਤੇ ਆ ਗਏ ਹਨ। ਫਲਾਈ ਅੰਮ੍ਰਿਤਸਰ ਇਨੀਸ਼ੀਏਟਿਵ ਦੇ ਗਲੋਬਲ ਕਨਵੀਨਰ ਸਮੀਪ ਸਿੰਘ ਗਮਟਾਲਾ ਨੇ ਪ੍ਰੈੱਸ ਨਾਲ ਅਹਿਮ ਜਾਣਕਾਰੀ ਸਾਂਝੀ ਕਰਦੇ ਹੋਏ ਦੱਸਿਆ ਕਿ ਹਵਾਈ ਅੱਡੇ ਨੇ ਪਹਿਲੀ ਵਾਰ ਕਿਸੇ ਇੱਕ ਮਹੀਨੇ ਵਿੱਚ ਤਿੰਨ ਲੱਖ ਯਾਤਰੀਆਂ ਦੀ ਗਿਣਤੀ ਨੂੰ ਪਾਰ ਕਰਕੇ ਨਵਾਂ ਰਿਕਾਰਡ ਕਾਇਮ ਕੀਤਾ ਹੈ।

ਗੁਮਟਾਲਾ ਅਨੁਸਾਰ, ਏਅਰਪੋਰਟ ਅਥਾਰਟੀ ਆਫ਼ ਇੰਡੀਆ ਦੁਆਰਾ ਹਾਲ ਹੀ ਵਿੱਚ ਭਾਰਤ ਦੇ ਹਵਾਈ ਅੱਡਿਆਂ ਤੋਂ ਹਵਾਈ ਆਵਾਜਾਈ ਸਬੰਧੀ ਦਸੰਬਰ 2023 ਲਈ ਜਾਰੀ ਕੀਤੇ ਗਏ ਅੰਕੜੇ ਤੇ ਪਿਛਲੇ ਸਾਲਾਂ ਦੇ ਅੰਕੜਿਆਂ ਦੇ ਵਿਸ਼ਲੇਸ਼ਣ ਤੋਂ ਇਹ ਤੱਥ ਸਾਹਮਣੇ ਆਏ ਹਨ ਕਿ ਅੰਮ੍ਰਿਤਸਰ ਕੌਮਾਂਤਰੀ ਹਵਾਈ ਅੱਡੇ ਨੇ ਦਸੰਬਰ 2023 ਵਿੱਚ ਕੁੱਲ 3,38,712 (ਲਗਪਗ 3.38 ਲੱਖ) ਯਾਤਰੀਆਂ ਦਾ ਸਵਾਗਤ ਕੀਤਾ, ਜਿਸ ਵਿੱਚ 2,31,699 ਘਰੇਲੂ ਤੇ 1,06,813 ਅੰਤਰਰਾਸ਼ਟਰੀ ਯਾਤਰੀ ਸ਼ਾਮਲ ਹਨ।

ਇਸੇ ਮਹੀਨੇ ਵਿੱਚ ਹੀ ਹੁਣ ਤੱਕ ਦੀ ਸਭ ਤੋਂ ਵੱਧ, 2202 ਉਡਾਣਾਂ ਦੀ ਕੁੱਲ ਆਵਾਜਾਈ ਦਰਜ ਕੀਤੀ ਗਈ, ਜਿਸ ਵਿੱਚ 1,604 ਘਰੇਲੂ ਤੇ 598 ਅੰਤਰਰਾਸ਼ਟਰੀ ਉਡਾਣਾਂ ਸ਼ਾਮਲ ਹਨ। ਇਹ ਵੀ ਪਹਿਲੀ ਵਾਰ ਹੋਇਆ ਕਿ ਇੱਕ ਮਹੀਨੇ ਵਿੱਚ ਅੰਤਰਰਾਸ਼ਟਰੀ ਯਾਤਰੀਆਂ ਦੀ ਕੁੱਲ ਗਿਣਤੀ ਇੱਕ ਲੱਖ ਦਾ ਅੰਕੜਾ ਪਾਰ ਕਰ ਗਈ। ਇਸ ਤੋਂ ਪਹਿਲਾਂ ਨਵੰਬਰ 2023, 2 ਲੱਖ 85 ਹਜ਼ਾਰ ਯਾਤਰੀਆਂ ਨਾਲ ਸਭ ਤੋਂ ਵੱਧ ਯਾਤਰੀ ਤੇ ਹਵਾਈ ਆਵਾਜਾਈ ਵਾਲਾ ਮਹੀਨਾ ਬਣਿਆ ਸੀ। ਦਸੰਬਰ 2023 ਦੀ ਤੁਲਨਾ ਵਿੱਚ ਦਸੰਬਰ 2022 ਵਿੱਚ 2,40,200 ਯਾਤਰੀਆਂ ਦੀ ਗਿਣਤੀ ਵਿੱਚ 41% ਪ੍ਰਤੀਸ਼ਤ ਦਾ ਵਾਧਾ ਦਰਜ ਕੀਤਾ ਗਿਆ।

ਇਨੀਸ਼ੀਏਟਿਵ ਵੱਲੋਂ ਕੀਤੇ ਗਏ ਬੀਤੇ ਕਈ ਸਾਲਾਂ ਦੇ ਅੰਕੜਿਆਂ ਦੇ ਵਿਸਤ੍ਰਿਤ ਵਿਸ਼ਲੇਸ਼ਣ ਤੋਂ ਸਾਹਮਣੇ ਆਏ ਉਤਸ਼ਾਹਜਨਕ ਨਤੀਜਿਆਂ ‘ਤੇ ਖੁਸ਼ੀ ਜ਼ਾਹਰ ਕਰਦਿਆਂ ਗੁਮਟਾਲਾ ਨੇ ਹਵਾਈ ਅੱਡੇ ਦੇ ਇਤਿਹਾਸ ਵਿੱਚ ਇੱਕ ਹੋਰ ਨਵੇਂ ਮੀਲ ਪੱਥਰ ਦਾ ਵੀ ਖੁਲਾਸਾ ਕੀਤਾ। ਉਨ੍ਹਾਂ ਦੱਸਿਆ “ਹਵਾਈ ਅੱਡੇ ਨੇ ਸਾਲ 2023 ਵਿੱਚ ਕੁੱਲ 29,44,916 (ਲਗਪਗ 29.5 ਲੱਖ) ਯਾਤਰੀਆਂ ਦੀ ਆਵਾਜਾਈ ਦਰਜ ਕਰਕੇ ਸਾਲ 2019 ਵਿੱਚ ਦਰਜ ਪਿਛਲੀ ਸਭ ਤੋਂ ਵੱਧ 25,63,719 (ਤਕਰੀਬਨ 25.6 ਲੱਖ) ਯਾਤਰੀਆਂ ਦੀ ਕੁੱਲ ਗਿਣਤੀ ਨੂੰ ਮਾਤ ਦੇ ਦਿੱਤੀ ਹੈ। ਇਸ ਵਿੱਚ 20,26,901 ਘਰੇਲੂ ਤੇ 9,518 ਯਾਤਰੀ ਸ਼ਾਮਲ ਹਨ।”

ਗੁਮਟਾਲਾ ਨੇ ਯਾਤਰੀਆਂ ਵਿੱਚ ਵਾਧੇ ਦਾ ਕਾਰਨ ਸਾਲ 2023 ਵਿੱਚ ਸ਼ੁਰੂ ਹੋਈਆਂ ਨਵੀਆਂ ਤੇ ਪਹਿਲਾਂ ਤੋਂ ਹੀ ਚੱਲ ਰਹੀਆਂ ਉਡਾਣਾਂ ਵਿੱਚ ਵਧੇਰੇ ਲੋਕਾਂ ਵੱਲੌਂ ਯਾਤਰਾ ਕਰਨਾ ਦੱਸਿਆ ਹੈ। ਇਸ ਨਾਲ ਏਅਰਪੋਰਟ ਦੀ ਆਮਦਨ ਵਿੱਚ ਵਾਧੇ ਹੋਵੇਗਾ ਤੇ ਸੂਬਾ ਵਾਸੀਆਂ ਨੂੰ ਵਧੇਰੇ ਨੌਕਰੀਆਂ ਮਿਲਣਗੀਆਂ। ਅੰਮ੍ਰਿਤਸਰ ਹਵਾਈ ਅੱਡੇ ਦਾ ਵਰਤਮਾਨ ਵਿੱਚ ਲੰਡਨ, ਬਰਮਿੰਘਮ, ਮਿਲਾਨ, ਰੋਮ, ਦੁਬਈ, ਸ਼ਾਰਜਾਹ, ਦੋਹਾ, ਸਿੰਗਾਪੁਰ ਤੇ ਕੁਆਲਾਲੰਪੁਰ ਸਮੇਤ 9 ਅੰਤਰਰਾਸ਼ਟਰੀ ਅਤੇ 13 ਘਰੇਲੂ ਹਵਾਈ ਅੱਡਿਆਂ ਨਾਲ ਸਿੱਧਾ ਸੰਪਰਕ ਹੈ। ਇੱਥੋਂ ਭਾਰਤ ਤੇ ਵਿਦੇਸ਼ ਦੀਆਂ 10 ਏਅਰਲਾਈਨਾਂ, ਹਫ਼ਤੇ ਵਿੱਚ ਤਕਰੀਬਨ 114 ਅੰਤਰਰਾਸ਼ਟਰੀ ਉਡਾਣਾਂ ਦਾ ਸੰਚਾਲਨ ਕਰਦੀਆਂ ਹਨ।

Check Also

ਭਾਰੀ ਮੀਂਹ ਮਗਰੋਂ ਪਾਣੀ ‘ਚ ਡੁੱਬੇ ਕਈ ਪਿੰਡ

 ਇਸ ਵੇਲੇ ਕਰੀਬ ਪੂਰੇ ਦੇਸ਼ ‘ਚ ਬਰਸਾਤ ਦਾ ਦੌਰ ਜਾਰੀ ਹੈ। ਉੱਥੇ ਹੀ ਪੰਜਾਬ …