ਸੁਲਤਾਨਪੁਰ ਲੋਧੀ ਦੇ ਮੰਡ ਖੇਤਰ ਵਿੱਚ ਪੌਂਗ ਡੈਮ ਵਿੱਚੋਂ ਪਾਣੀ ਛੱਡੇ ਜਾਣ ਕਾਰਨ ਦਰਿਆ ਬਿਆਸ ਵਿੱਚ ਪਾਣੀ ਦਾ ਪੱਧਰ ਹੁਣ ਸਮੁੰਦਰ ਵਾਂਗ ਠਾਠਾਂ ਮਾਰਦਾ ਹੋਇਆ ਇਕ ਸੁਨਾਮੀ ਦੀ ਤਰ੍ਹਾਂ ਆਪਣੀ ਲਪੇਟ ਵਿੱਚ ਹਰੇਕ ਵਸਤੂ ਨੂੰ ਲੈ ਰਿਹਾ ਹੈ। ਮੰਡ ਖੇਤਰ ‘ਚ ਇਸ ਸਮੇਂ ਪਾਣੀ ਨੇ ਪੂਰਾ ਤਾਂਡਵ ਮਚਾਇਆ ਹੋਇਆ ਹੈ। ਹਾਲਾਤ ਇਥੋਂ ਤੱਕ ਪਹੁੰਚ ਗਏ ਹਨ ਕਿ ਆਰਜੀ ਬੰਨ੍ਹ ਵੱਖ-ਵੱਖ ਥਾਵਾਂ ਤੋਂ ਟੁੱਟ ਜਾਣ ਤੋਂ ਬਾਅਦ ਹਾਲਾਤ ਹੋਰ ਨਾਜ਼ੁਕ ਬਣ ਚੁੱਕੇ ਹਨ। ਕਿਉਂਕਿ ਤੇਜ਼ ਵਹਾਅ ਵਿੱਚ ਵਗਦਾ ਬਿਆਸ ਦਰਿਆ ਦਾ ਪਾਣੀ ਹੁਣ ਟਾਪੂ ਨਮਾ ਪਿੰਡਾਂ ਵਿੱਚ ਵਸੇ ਕਿਸਾਨਾਂ ਦੇ ਘਰਾਂ ਨੂੰ ਨਿਸ਼ਾਨਾ ਬਣਾ ਰਿਹਾ ਹੈ।
ਪਿੰਡ ਰਾਮਪੁਰ ਗੋਰਾ ਦੇ ਇਕ ਕਿਸਾਨ ਦੇ ਘਰ ਨੂੰ ਬਿਆਸ ਦਰਿਆ ਨੇ ਵੱਡੀ ਮਾਰ ਮਾਰੀ ਹੈ ਘਰ ਦੀਆਂ ਦੀਵਾਰਾਂ ਟੁੱਟ ਚੁੱਕੀਆਂ ਹਨ ਅਤੇ ਆਲੇ-ਦੁਆਲੇ ਬੇਹਦ ਤੇਜ਼ ਰਫ਼ਤਾਰ ਨਾਲ ਪਾਣੀ ਵਹਿ ਰਿਹਾ ਹੈ। ਜਿਸ ਕਾਰਨ ਲੋਕ ਡਰ ਰਹੇ ਹਨ। ਇਸ ਇਲਾਕੇ ਵਿਚ ਵਸੇ ਲੋਕਾਂ ਨੂੰ ਪ੍ਰਸ਼ਾਸਨ ਅਤੇ ਸਮਾਜ ਸੇਵੀ ਸੰਸਥਾਵਾਂ ਦੀਆਂ ਟੀਮਾਂ ਵੱਲੋਂ ਰੈਸਕਿਊ ਕੀਤਾ ਜਾ ਰਿਹਾ ਹੈ ਜਦਕਿ ਕੁਝ ਲੋਕ ਆਪ ਮੁਹਾਰੇ ਹੋ ਕੇ ਖ਼ੁਦ ਹੀ ਆਪਣੀ ਜਾਨ ਬਚਾਉਣ ਲਈ ਕਿਸ਼ਤੀਆਂ ਦਾ ਸਹਾਰਾ ਲੈ ਕੇ ਨਿਕਲ ਰਹੇ ਹਨ।
ਦੱਸ ਦਈਏ ਕਿ ਕਰੀਬ 25 ਦਿਨਾਂ ਤੋਂ ਵੀ ਜ਼ਿਆਦਾ ਸਮੇਂ ਤੋਂ ਲੋਕਾਂ ਨੂੰ ਸੁਰੱਖਿਅਤ ਥਾਵਾਂ ਤੇ ਲੈ ਕੇ ਜਾਣ ਵਿੱਚ ਕੋਈ ਕਸਰ ਨਹੀਂ ਛੱਡ ਰਹੇ, ਜਿਨ੍ਹਾਂ ਲੋਕਾਂ ਦੇ ਮਕਾਨ ਢਹਿ-ਢੇਰੀ ਹੋ ਗਏ ਹਨ, ਉਨ੍ਹਾਂ ਨੂੰ ਪਰਿਵਾਰਾਂ ਅਤੇ ਸਾਮਾਨ ਸਮੇਤ ਬਾਹਰ ਬੇੜਿਆਂ ਰਾਹੀਂ ਲੈ ਕੇ ਜਾ ਰਹੇ ਹਨ। ਮਨੁੱਖੀ ਜੀਵਨ ਤੋਂ ਇਲਾਵਾ ਬੇਜ਼ਬਾਨ ਪਸ਼ੂਆਂ ਨੂੰ ਵੀ ਵੱਡੇ ਬੇੜਿਆਂ ਰਾਹੀਂ ਜਾਂ ਪਾਣੀ ਵਿੱਚ ਖ਼ੁਦ ਕਿਸਾਨ ਸੁਰੱਖਿਆਤ ਲੈ ਕੇ ਜਾ ਰਹੇ ਹਨ।
ਉਧਰ ਦੂਜੇ ਪਾਸੇ ਹੜ੍ਹ ਦੀ ਮਾਰ ਨਾਲ ਢਹਿ-ਢੇਰੀ ਹੋਏ ਘਰਾਂ ਦੇ ਬਜ਼ੁਰਗ ਬਖ਼ਤੌਰ ਸਿੰਘ, ਗੁਰਨਿਸ਼ਾਨ ਸਿੰਘ ਨੇ ਦੱਸਿਆ ਕਿ ਅਸੀਂ ਫਿਰ ਤੋਂ ਬਰਬਾਦ ਹੋ ਗਏ ਹਾਂ। ਪ੍ਰਸ਼ਾਸਨ ਨੇ ਸਾਡੀ ਫ਼ਸਲ, ਘਰ, ਤੂੜੀ ਵਾਲਾ ਸ਼ੈੱਡ, ਸਾਰਾ ਕੁਝ ਤਬਾਹ ਕਰ ਦਿੱਤਾ ਹੈ। ਉਨ੍ਹਾਂ ਦੱਸਿਆ ਕਿ 1988 ਵਿੱਚ ਆਏ ਹੜ੍ਹ ਨੇ ਵੀ ਇੰਝ ਸਾਰਾ ਤਬਾਹ ਕੀਤਾ ਸੀ ਅਤੇ ਬਹੁਤ ਮਿਹਨਤ ਸਦਕਾ ਦੋਬਾਰਾ ਕੁਝ ਪੈਰਾਂ ‘ਤੇ ਖੜ੍ਹੇ ਹੋਏ ਸਨ ਤਾਂ ਹੜ੍ਹ ਨੇ ਫਿਰ ਤੋਂ ਸਾਨੂੰ ਜ਼ੀਰੋ ‘ਤੇ ਲਿਆ ਕੇ ਖੜ੍ਹਾ ਕਰ ਦਿੱਤਾ।