ਪਿਛਲੇ ਕਈ ਦਿਨਾਂ ਤੋਂ ਪੰਜਾਬ ‘ਚ ਲਗਾਤਾਰ ਮੀਂਹ ਪੈ ਰਿਹਾ ਹੈ, ਜਿਸ ਕਾਰਨ ਕਈ ਇਲਾਕੇ ਹੜ੍ਹ ਦੀ ਲਪੇਟ ‘ਚ ਆ ਗਏ ਹਨ। ਕਈ ਪਿੰਡਾਂ ਦੇ ਪਿੰਡ ਪਾਣੀ ਨੇ ਤਬਾਹ ਕਰ ਦਿੱਤੇ ਹਨ। ਲੋਕਾਂ ਦਾ ਘਰੋਂ ਬਾਹਰ ਜਾਣਾ ਵੀ ਮੁਸ਼ਕਿਲ ਹੋ ਗਿਆ। ਮੌਸਮ ‘ਚ ਵੱਡੀ ਤਬਦੀਲੀ ਕਾਰਨ ਲੋਕਾਂ ਦੇ ਕਾਰੋਬਾਰ ਠੱਪ ਹੋ ਗਏ। ਯਾਨੀ ਕਿ ਵੱਡੀ ਗਿਣਤੀ ‘ਚ ਲੋਕ ਪ੍ਰਭਾਵਿਤ ਹੋਏ ਹਨ।
ਇਸੇ ਦਰਮਿਆਨ ਭਾਰਤੀ ਮੌਸਮ ਵਿਭਾਗ ਨੇ 28 ਅਗਸਤ ਤੋਂ 31 ਅਗਸਤ ਤੱਕ ਮੌਸਮ ਨੂੰ ਲੈ ਕੇ ਵੱਡੀ ਅਪਡੇਟ ਸਾਂਝੀ ਕੀਤੀ ਹੈ, ਉਸ ਮੁਤਾਬਕ ਰਾਜ ਦੇ ਕਈ ਹਿੱਸਿਆਂ ਸ਼ੁਰੂਆਤ ‘ਚ ਦਰਮਿਆਨੇ ਮੀਂਹ ਤੋਂ ਲੈ ਕੇ ਭਾਰੀ ਮੀਂਹ ਹੋਣ ਦੀ ਸੰਭਾਵਨਾ ਹੈ ਖ਼ਾਸ ਕਰਕੇ ਉੱਤਰੀ ਜ਼ਿਲ੍ਹਿਆਂ ‘ਚ ਬਹੁਤ ਭਾਰੀ ਮੀਂਹ ਪੈਣ ਦੇ ਆਸਾਰ ਹਨ, ਜਿਸ ਨਾਲ ਹੜ੍ਹ ਵਰਗੇ ਹਾਲਾਤ ਵੀ ਪੈਦਾ ਹੋ ਸਕਦੇ ਹਨ।
ਅੱਜ ਪੰਜਾਬ ‘ਚ ਬਹੁਤ ਸਾਰੇ ਹਿੱਸਿਆਂ ‘ਚ ਹਲਕੀ ਬਾਰਿਸ਼ ਰਹੇਗੀ। ਇਸ ਦੌਰਾਨ ਅਸਮਾਨੀ ਬਿਜਲੀ ਚਮਕਣ ਅਤੇ 30 ਤੋਂ 40 ਕਿਲੋਮੀਟਰ ਪ੍ਰਤੀ ਘੰਟਾ ਦੀ ਰਫ਼ਤਾਰ ਨਾਲ ਤੇਜ਼ ਹਵਾਵਾਂ ਚੱਲਣ ਦੀ ਵੀ ਸੰਭਾਵਨਾ ਹੈ। ਇਸ ਦੇ ਨਾਲ ਹੀ ਭਲਕੇ ਯਾਨੀ 29 ਅਗਸਤ ਨੂੰ ਹਾਲਾਤ ਵੱਧ ਗੰਭੀਰ ਹੋਣਗੇ ਕਿਉਂਕਿ ਪੰਜਾਬ ਦਾ ਵੱਡੇ ਹਿੱਸੇ ‘ਚ ਮੀਂਹ ਪਵੇਗਾ। ਜ਼ਿਲ੍ਹਾ ਅੰਮ੍ਰਿਤਸਰ, ਗੁਰਦਾਸਪੁਰ, ਤਰਨਤਾਰਨ, ਕਪੂਰਥਲਾ, ਜਲੰਧਰ, ਐਸ. ਏ.ਐਸ ਨਗਰ, ਹੁਸ਼ਿਆਰਪੁਰ, ਪਠਾਨਕੋਟ ਅਤੇ ਸ਼ਹੀਦ ਭਗਤ ਸਿੰਘ ਨਗਰ ‘ਚ ਵੱਡੇ ਪੱਧਰ ’ਤੇ ਬਾਰਿਸ਼ ਦੀ ਸੰਭਾਵਨਾ ਹੈ।
ਇਸੇ ਤਰ੍ਹਾਂ 30 ਅਗਸਤ ਨੂੰ ਵੀ ਗੁਰਦਾਸਪੁਰ, ਅੰਮ੍ਰਿਤਸਰ, ਪਠਾਨਕੋਟ, ਹੁਸ਼ਿਆਰਪੁਰ ਅਤੇ ਸ਼ਹੀਦ ਭਗਤ ਸਿੰਘ ਨਗਰ ਸਮੇਤ ਉੱਤਰੀ ਜ਼ਿਲ੍ਹਿਆਂ ਵਿੱਚ ਬਹੁਤ ਭਾਰੀ ਬਾਰਿਸ਼ ਹੋ ਸਕਦੀ ਹੈ, ਜਦਕਿ ਬਾਕੀ ਜ਼ਿਲ੍ਹਿਆਂ ਵਿੱਚ ਦਰਮਿਆਨਾ ਮੀਂਹ ਪੈਣ ਦੇ ਆਸਾਰ ਹਨ। ਮੌਸਮ ਵਿਭਾਗ ਅਨੁਸਾਰ 31 ਅਗਸਤ ਨੂੰ ਰਾਜ ਦੇ ਉੱਤਰੀ ਜ਼ਿਲ੍ਹਿਆਂ ਪਠਾਨਕੋਟ, ਗੁਰਦਾਸਪੁਰ, ਹੁਸ਼ਿਆਰਪੁਰ, ਸ਼ਹੀਦ ਭਗਤ ਸਿੰਘ ਨਗਰ, ਮੋਹਾਲੀ ਅਤੇ ਐਸ. ਏ.ਐਸ ਨਗਰ ਵਿੱਚ ਕਾਫੀ ਮਾਤਰਾ ‘ਚ ਬਾਰਿਸ਼ ਹੋਵੇਗੀ। ਬਾਕੀ ਇਲਾਕਿਆਂ ‘ਚ ਹਲਕੀ ਬਾਰਿਸ਼ ਹੋ ਸਕਦੀ ਹੈ।
ਮੌਸਮ ਵਿਭਾਗ ਨੇ ਚੇਤਾਵਨੀ ਦਿੱਤੀ ਹੈ ਕਿ ਕਿਸਾਨ ਅਤੇ ਆਮ ਲੋਕ ਇਸ ਦੌਰਾਨ ਸਾਵਧਾਨੀ ਵਰਤਣ। ਖ਼ਾਸ ਤੌਰ ‘ਤੇ 29 ਤੋਂ 31 ਅਗਸਤ ਦੇ ਦਿਨਾਂ ਦੌਰਾਨ ਉੱਤਰੀ ਪੰਜਾਬ ਦੇ ਜ਼ਿਲ੍ਹਿਆਂ ‘ਚ ਭਾਰੀ ਬਾਰਿਸ਼ ਕਾਰਨ ਪਾਣੀ ਭਰਨ ਅਤੇ ਹੜ੍ਹ ਵਰਗੇ ਹਾਲਾਤ ਪੈਦਾ ਹੋ ਸਕਦੇ ਹਨ।