15 ਅਗਸਤ ਨੂੰ ਜਿੱਥੇ ਦੇਸ਼ ਵਾਸੀ ਆਜ਼ਾਦੀ ਦਿਹਾੜੇ ਮਨਾਉਣ ਦੇ ਜਸ਼ਨਾਂ ’ਚ ਰੁੱਝ ਹੋਏ ਹਨ, ਉਥੇ ਹੀ ਮੰਡ ਨਿਵਾਸੀ ਦਰਿਆ ਬਿਆਸ ’ਚ ਵਧੇ ਪਾਣੀ ਦੇ ਪੱਧਰ ਉਪਰੰਤ ਆਏ ਹੜ੍ਹ ਦੌਰਾਨ ਦਾਅ ’ਤੇ ਲੱਗੀ ਆਪਣੀ ‘ਜ਼ਿੰਦਗੀ’ ਬਚਾਉਣ ’ਚ ਲੱਗੇ ਹੋਏ ਹਨ। ਪਾਣੀ ਹਰ ਪਾਸੇ ਤਬਾਹੀ ਮਚਾ ਰਿਹਾ ਹੈ, ਜਿਸ ਕਾਰਨ ਸਥਿਤੀ ਹੋਰ ਗੰਭੀਰ ਹੋਈ ਪਈ ਹੈ। ਦਰਿਆ ਬਿਆਸ ਵਿਚ ਪਾਣੀ ਦੇ ਵਧੇ ਪੱਧਰ ਕਾਰਨ ਮੰਡ ਖੇਤਰ ਸੁਲਤਾਨਪੁਰ ਲੋਧੀ ਹਲਕੇ ’ਚ ਪੈਦਾ ਹੋਈ ਹੜ੍ਹ ਦੀ ਹਾਲਤ ਮੰਡ ਬਾਊਪੁਰ ਦੀ ਦੇ ਨਜ਼ਦੀਕ ਪਿੰਡ ਭੈਣੀ ਕਾਦਰ ਤੋਂ ਟੁੱਟੇ ਆਰਜ਼ੀ ਬੰਨ੍ਹ ਨੇ ਸਾਰੇ ਮੰਡ ਖੇਤਰ ’ਚ ਤਬਾਹੀ ਦਾ ਮੰਜ਼ਰ ਮਚਾ ਦਿੱਤਾ,
ਜਿਸ ਨਾਲ ਜਿੱਥੇ 16 ਪਿੰਡਾਂ ਦੇ ਲੋਕ ਫ਼ਸਲਾਂ ਘਰ ਅਤੇ ਹੋਰ ਪਸ਼ੂਆਂ ਦਾ ਚਾਰਾ ਦੇ ਹੋਏ ਭਾਰੀ ਨੁਕਸਾਨ ਤੋਂ ਸੰਭਲ ਵੀ ਨਹੀਂ ਪਾਏ ਸਨ ਕਿ ਬੀਤੀ ਸ਼ਾਮ ਪਿੰਡ ਮਹੀਂਵਾਲ ਦੇ ਕੋਲ ਇਕ ਹੋਰ ਆਰਜ਼ੀ ਬੰਨ੍ਹ ਟੁੱਟਣ ਕਾਰਨ ਪਾਣੀ ਨੇ ਜੋ ਤਬਾਹੀ ਹੋਰ ਮਚਾਈ ਹੈ, ਉਸ ਤੋਂ ਲੱਗਦਾ ਹੈ ਕਿ ਹੜ੍ਹ ਦੀ ਸਥਿਤੀ 2023 ਵਿਚ ਆਏ ਹੜ੍ਹ ਤੋਂ ਵੀ ਜ਼ਿਆਦਾ ਖ਼ਤਰਨਾਕ ਸਾਬਤ ਹੋ ਸਕਦੀ ਹੈ।ਮੰਡ ਖੇਤਰ ਦੇ ਲੋਕ ਇਸ ਤਬਾਹੀ ਨੂੰ ਵੇਖ ਬਹੁਤ ਹੀ ਡੂੰਘੇ ਸਦਮੇ ’ਚ ਹਨ। 2023 ’ਚ ਹੋਏ ਹੜ੍ਹ ਕਾਰਨ ਨੁਕਸਾਨ ਤੋਂ ਹਾਲੇ ਕਿਸਾਨ ਉੱਪਰ ਵੀ ਨਹੀਂ ਉੱਠੇ ਸਨ ਕਿ ਕੁਦਰਤ ਦਾ ਕਹਿਰ ਇਕ ਵਾਰ ਫਿਰ ਤੋਂ ਵਾਪਰ ਗਿਆ।
ਮੰਡ ਖੇਤਰ ਦੇ ਪ੍ਰਮੁੱਖ ਕਿਸਾਨ ਆਗੂ ਪਰਮਜੀਤ ਸਿੰਘ ਬਾਊਪੁਰ, ਕੁਲਦੀਪ ਸਿੰਘ ਸਾਗਰਾਂ ਨੇ ਦੱਸਿਆ ਕਿ ਸਾਲ 2023 ਵਿਚ ਵੀ ਆਏ ਹੜ੍ਹ ਸਮੇਂ ਜਦੋਂ ਪ੍ਰਸ਼ਾਸਨ ਨੇ ਬੰਨ੍ਹ ਬੰਨ੍ਹਣ ਤੋਂ ਹੱਥ ਖੜੇ ਕਰ ਦਿੱਤੇ ਸਨ ਤਾਂ ਉਸ ਸਮੇਂ ਵਿਧਾਇਕ ਰਾਣਾ ਇੰਦਰਪ੍ਰਤਾਪ ਸਿੰਘ ਨੇ 4 ਪੋਕ ਲੇਨ ਮਸ਼ੀਨਾਂ, ਮਿੱਟੀ ਦੇ ਬੋਰੇ ਭੇਜੇ ਸਨ ਅਤੇ ਸੰਪ੍ਰਦਾਇ ਕਾਰ ਸੇਵਾ ਸਰਹਾਲੀ ਵਾਲਿਆਂ ਦੇ ਮੁਖੀ ਸੰਤ ਬਾਬਾ ਸੁੱਖਾ ਸਿੰਘ ਦੀ ਅਗਵਾਈ ਹੇਠ ਸੰਗਤਾਂ ਨੇ ਬੜੀ ਮੁਸ਼ੱਕਤ ਨਾਲ ਬੰਨ੍ਹ ਬਣਾਇਆ ਸੀ।ਹੁਣ ਵੀ ਵਿਧਾਇਕ ਰਾਣਾ ਇੰਦਰਪ੍ਰਤਾਪ ਸਿੰਘ ਅਤੇ ਸੰਪ੍ਰਦਾਇ ਸਰਹਾਲੀ ਸਾਹਿਬ ਵਾਲਿਆਂ ਦੀ ਸੰਗਤ ਦਿਨ-ਰਾਤ ਬੰਨ੍ਹ ਨੂੰ ਦੁਬਾਰਾ ਬੰਨ੍ਹਣ ਲਈ ਮਿੱਟੀ ਦੇ ਬੋਰੇ ਭਰਨ ਦੀ ਸੇਵਾ ਕਰ ਰਹੀ ਹੈ ਅਤੇ ਦਿਨ-ਰਾਤ ਲੰਗਰ ਵੀ ਚਲਾਇਆ ਜਾ ਰਿਹਾ ਹੈ।
ਹੜ੍ਹ ਦੀ ਸਥਿਤੀ ਨਾਲ ਹੋਏ ਇਸ ਭਾਰੀ ਨੁਕਸਾਨ ਲਈ ਮੰਡ ਖੇਤਰ ਵਾਸੀ ਸਿੱਧੇ ਤੌਰ ’ਤੇ ਪ੍ਰਸ਼ਾਸਨ ਤੇ ਸਰਕਾਰ ਨੂੰ ਜ਼ਿੰਮੇਵਾਰ ਠਹਿਰਾਅ ਰਹੇ ਹਨ। ਮੰਡ ਖੇਤਰ ਦੇ ਲੋਕਾਂ ਦਾ ਕਹਿਣਾ ਹੈ ਕਿ ਪੰਜਾਬ ਦੇ ਇਤਿਹਾਸ ’ਚ ਸ਼ਾਇਦ ਇਹ ਪਹਿਲੀ ਸਰਕਾਰ ਹੋਵੇਗੀ, ਜਿਸ ਨੇ ਹੜ੍ਹ ਪੀੜਤ ਕਿਸਾਨਾਂ, ਲੋਕਾਂ ਦਾ ਦਰਦ ਆ ਕੇ ਪੁੱਛਣਾ ਤਾਂ ਕੀ ਸੀ, ਬਲਕਿ ਕਿਸਾਨਾਂ ਨੂੰ ਹੋਏ ਇਸ ਨੁਕਸਾਨ ਦੀ ਵੀ ਭਰਭਾਈ ਵੀ ਨਹੀਂ ਕੀਤੀ। ਆਪਣੇ-ਆਪ ਨੂੰ ਕਿਸਾਨਾਂ ਦੀ ਹਮਾਇਤੀ ਅਖਵਾਉਣ ਵਾਲੀ ਅਤੇ ਬਦਲਾਅ ਦਾ ਨਾਅਰਾ ਦੇ ਕੇ ਆਈ ਇਸ ਸਰਕਾਰ ਨੇ ਕਿਸੇ ਮੰਤਰੀ ਵਿਧਾਇਕ ਜਾਂ ਮੁੱਖ ਮੰਤਰੀ ਨੇ ਖੁਦ ਗਰਾਊਂਡ ਲੈਵਲ ’ਤੇ ਆ ਕੇ ਕਿਸਾਨਾਂ ਦਾ ਦਰਦ ਤੇ ਦੁੱਖ ਨਹੀਂ ਵੇਖਿਆ।
Punjabi In World Punjabi In World is a Web News Channel about Punjab and Punjabis residing in the different parts of the world. It covers news about People of Punjab, Politics, Sikh Religion, Village Sports, Punjabi Entertainment and International affairs that interest Punjabi.