ਇਸ ਸਮੇਂ ਭਾਰਤ ਸਣੇ ਦੁਨੀਆ ਭਰ ਦੇ ਕਈ ਦੇਸ਼ ਭਾਰੀ ਬਾਰਿਸ਼ ਦੀ ਚਪੇਟ ‘ਚ ਆਏ ਹੋਏ ਹਨ, ਜਿਸ ਕਾਰਨ ਹੜ੍ਹ ਵਾਲੀ ਸਥਿਤੀ ਬਣੀ ਹੋਈ ਹੈ। ਭਾਰਤ ਦੇ ਉੱਤਰੀ ਸੂਬਿਆਂ ਸਣੇ ਕਈ ਹੋਰ ਸੂਬੇ ਵੀ ਕੁਦਰਤ ਦੀ ਮਾਰ ਹੇਠ ਆਏ ਹੋਏ ਹਨ। ਇਸੇ ਦੌਰਾਨ ਤੇਲੰਗਾਨਾ ਸਰਕਾਰ ਨੇ ਭਾਰਤ ਮੌਸਮ ਵਿਭਾਗ (IMD) ਵੱਲੋਂ ਜਾਰੀ ਕੀਤੇ ਗਏ ਰੈੱਡ ਅਲਰਟ ਦੇ ਮੱਦੇਨਜ਼ਰ 5 ਜ਼ਿਲ੍ਹਿਆਂ ਦੇ ਸਾਰੇ ਸਕੂਲ 2 ਦਿਨਾਂ ਲਈ ਬੰਦ ਰੱਖਣ ਦਾ ਹੁਕਮ ਦਿੱਤਾ ਹੈ ਅਤੇ ਹੈਦਰਾਬਾਦ ਵਿੱਚ ਸਕੂਲ ਅੱਧੇ ਦਿਨ ਲਈ ਬੰਦ ਰੱਖਣ ਦਾ ਐਲਾਨ ਕੀਤਾ ਹੈ, ਜਦਕਿ ਆਈ.ਟੀ. ਕੰਪਨੀਆਂ ਨੂੰ ਘਰੋਂ ਕੰਮ ਕਰਨ ਦੀ ਸਲਾਹ ਦਿੱਤੀ ਗਈ ਹੈ।
ਜਾਰੀ ਹੁਕਮਾਂ ਅਨੁਸਾਰ ਹਨੂਮਕੋਂਡਾ, ਜੰਗਾਓਂ, ਮਹਿਬੂਬਾਬਾਦ, ਵਾਰੰਗਲ ਅਤੇ ਯਾਦਾਦਰੀ ਭੁਵਨਗਿਰੀ ਜ਼ਿਲ੍ਹਿਆਂ ਵਿੱਚ 13 ਅਤੇ 14 ਅਗਸਤ ਨੂੰ ਬਹੁਤ ਭਾਰੀ ਤੋਂ ਬਹੁਤ ਜ਼ਿਆਦਾ ਬਾਰਿਸ਼ ਹੋਣ ਦੀ ਸੰਭਾਵਨਾ ਦੇ ਨਾਲ, ਸਕੂਲ ਸਿੱਖਿਆ ਵਿਭਾਗ ਨੇ ਇਨ੍ਹਾਂ ਜ਼ਿਲ੍ਹਿਆਂ ਦੇ ਸਾਰੇ ਸਰਕਾਰੀ ਅਤੇ ਨਿੱਜੀ ਸਕੂਲਾਂ ‘ਚ ਦੋ ਦਿਨਾਂ ਲਈ ਛੁੱਟੀਆਂ ਦਾ ਐਲਾਨ ਕੀਤਾ ਹੈ।
ਵਿਭਾਗ ਨੇ ਗ੍ਰੇਟਰ ਹੈਦਰਾਬਾਦ ਨਗਰ ਨਿਗਮ (GHMC) ਖੇਤਰ ਦੇ ਸਾਰੇ ਸਰਕਾਰੀ ਅਤੇ ਨਿੱਜੀ ਸਕੂਲਾਂ ਵਿੱਚ ਦੋਵਾਂ ਦਿਨਾਂ ਲਈ ਅੱਧੇ ਦਿਨ ਦੀ ਛੁੱਟੀ ਦਾ ਐਲਾਨ ਵੀ ਕੀਤਾ ਹੈ। ਸਕੂਲ ਸਿੱਖਿਆ ਨਿਰਦੇਸ਼ਕ ਨੇ ਇੱਕ ਆਦੇਸ਼ ਵਿੱਚ ਕਿਹਾ ਹੈ ਕਿ ਸਕੂਲ ਸਿਰਫ਼ ਸਵੇਰ ਦੀ ਸ਼ਿਫਟ ਵਿੱਚ ਹੀ ਕੰਮ ਕਰਨਗੇ।
ਸੂਚਨਾ ਤਕਨਾਲੋਜੀ, ਇਲੈਕਟ੍ਰਾਨਿਕਸ ਅਤੇ ਸੰਚਾਰ ਵਿਭਾਗ ਨੇ ਹੈਦਰਾਬਾਦ ਅਤੇ ਆਸ ਪਾਸ ਦੇ ਖੇਤਰਾਂ ਵਿੱਚ ਆਈ.ਟੀ./ਆਈ.ਟੀ.ਈ.ਐੱਸ. ਕੰਪਨੀਆਂ ਨੂੰ ਭਾਰੀ ਬਾਰਿਸ਼ ਦੀ ਭਵਿੱਖਬਾਣੀ ਦੇ ਮੱਦੇਨਜ਼ਰ 13 ਅਗਸਤ ਨੂੰ ਆਪਣੇ ਕਰਮਚਾਰੀਆਂ ਲਈ ਘਰੋਂ ਕੰਮ ਕਰਨ ਦੀ ਇਜਾਜ਼ਤ ਦੇਣ ਦੀ ਸਲਾਹ ਦਿੱਤੀ ਹੈ।