ਪੰਜਾਬ ਵਾਸੀਆਂ ਲਈ ਵੱਡੀ ਖ਼ਬਰ ਸਾਹਮਣੇ ਆਈ ਹੈ। ਦਰਅਸਲ ਦਰਿਆਵਾਂ ਵਿਚ ਲਗਾਤਾਰ ਵੱਧ ਰਹੇ ਪਾਣੀ ਦੇ ਪੱਧਰ ਕਾਰਨ ਨੌਸ਼ਹਿਰਾ ਪੱਤਣ ਨੇੜੇ ਬਿਆਸ ਦਰਿਆ ਦਾ ਧੁੱਸੀ ਬੰਨ੍ਹ ਟੁੱਟਣ ਦੀ ਖ਼ਬਰ ਮਿਲੀ ਹੈ। ਧੁੱਸੀ ਬੰਨ੍ਹ ਟੁੱਟਣ ਕਾਰਨ ਗੁਰਦਾਸਪੁਰ ਜ਼ਿਲ੍ਹੇ ਦੇ ਪਿੰਡ ਟਾਂਡਾ ਅਤੇ ਦੋਏਵਾਲ ‘ਚ ਪਾਣੀ ਵੜ ਗਿਆ ਹੈ। ਧੁੱਸੀ ਬੰਨ੍ਹ ਟੁੱਟਣ ਕਾਰਨ ਕਿਸਾਨਾਂ ਦੇ ਖੇਤਾਂ ਵਿਚ ਪਾਣੀ ਭਰਨ ਕਰਕੇ ਕਰੀਬ 200-250 ਏਕੜ ਤੋਂ ਵੱਧ ਫ਼ਸਲ ਪਾਣੀ ਵਿਚ ਡੁੱਬ ਗਈ। ਖੇਤਾਂ ਵਿਚ 6-6 ਫੁੱਟ ਪਾਣੀ ਭਰ ਗਿਆ ਹੈ, ਜਿਸ ਕਰਕੇ ਹੜ੍ਹ ਵਰਗੇ ਹਾਲਾਤ ਬਣ ਗਏ ਹਨ।
ਇਸ ਹਾਲਾਤ ਨੂੰ ਵੇਖਦੇ ਹੋਏ ਪਿੰਡ ਵਾਸੀਆਂ ਅਤੇ ਪ੍ਰਸ਼ਾਸਨ ਨੇ ਮਿਲ ਕੇ ਮਿੱਟੀ ਅਤੇ ਬੋਰੀਆਂ ਨਾਲ ਬੰਨ੍ਹ ਦੀ ਮੁਰੰਮਤ ਦਾ ਕੰਮ ਸ਼ੁਰੂ ਕਰ ਦਿੱਤਾ ਹੈ। ਉਥੇ ਹੀ ਲੋਕਾਂ ਦੀ ਮਦਦ ਲਈ ਐੱਨ. ਡੀ. ਆਰ. ਐੱਫ਼ ਵੱਲੋਂ ਮੋਰਚਾ ਸਾਂਭਿਆ ਗਿਆ ਹੈ। ਐੱਨ. ਡੀ. ਆਰ. ਐੱਫ਼. ਦੀਆਂ ਟੀਮਾਂ ਵੱਲੋਂ ਲੋਕਾਂ ਦੀ ਮਦਦ ਕੀਤੀ ਜਾ ਰਹੀ ਹੈ। ਪਾੜ ਨੂੰ ਪੂਰਨ ਦੀਆਂ ਕੋਸ਼ਿਸ਼ਾਂ ਕੀਤੀ ਜਾ ਰਹੀਆਂ ਹਨ।
ਮੌਕੇ ‘ਤੇ ਮੌਜੂਦ ਕਿਸਾਨਾਂ ਦਾ ਕਹਿਣਾ ਹੈ ਕਿ ਸਾਡੇ ਨਾਲ ਹਰ ਸਾਲ ਇੰਝ ਹੀ ਹੁੰਦਾ ਹੈ। ਸਾਨੂੰ ਬੰਨ੍ਹ ਟੁੱਟਣ ਕਾਰਨ ਜਾਨੀ-ਮਾਲੀ ਬੇਹੱਦ ਨੁਕਸਾਨ ਝਲਣਾ ਪੈਂਦਾ ਹੈ। ਕਿਸਾਨ ਨਰਿੰਦਰ ਸਿੰਘ ਦਾ ਕਹਿਣਾ ਹੈ ਕਿ ਪਿਛਲੇ ਸਾਲ ਦਾ ਇਹ ਬੰਨ੍ਹ ਖੁੱਲ੍ਹਾ ਹੈ, ਜਿਸ ਵੱਲ ਕਿਸੇ ਨੇ ਧਿਆਨ ਨਹੀਂ ਦਿੱਤਾ। ਇਹ ਬੰਨ੍ਹ ਪਿਛਲੇ ਸਾਲ ਦਾ ਟੁੱਟਾ ਹੋਇਆ ਹੈ, ਜਿਸ ਨੂੰ ਅਜੇ ਤੱਕ ਨਹੀਂ ਬਣਾਇਆ ਗਿਆ। ਜੇਕਰ ਇੰਝ ਹੀ ਰਿਹਾ ਤਾਂ ਸਾਡਾ ਬੇਹੱਦ ਨੁਕਸਾਨ ਹੋਵੇਗਾ। ਕਿਸਾਨਾਂ ਨੇ ਪੰਜਾਬ ਸਰਕਾਰ ਨੂੰ ਅਪੀਲ ਕੀਤੀ ਹੈ ਕਿ 2023 ਵਾਲੇ ਹੜ੍ਹ ਵਰਗੇ ਹਾਲਾਤ ਤੋਂ ਬਚਣ ਲਈ ਧੁੱਸੀ ਬੰਨ੍ਹਾਂ ਦੀ ਮੁਰੰਮਤ ਅਤੇ ਮਜ਼ਬੂਤੀ ਲਈ ਤੁਰੰਤ ਕਾਰਵਾਈ ਕੀਤੀ ਜਾਵੇ।