ਪੰਜਾਬ ਵਿਚ ਅੱਜ ਮਾਨਸੂਨ ਆਪਣੇ ਰੰਗ ਵਿਖਾਏਗਾ। ਅੱਜ ਕਈ ਜ਼ਿਲਿਆਂ ਵਿਚ ਭਾਰੀ ਮੀਂਹ ਦਾ ਅਲਰਟ ਜਾਰੀ ਕੀਤਾ ਗਿਆ ਹੈ। ਅਗਲੇ ਤਿੰਨ ਦਿਨਾਂ ਤੱਕ ਅਜਿਹਾ ਹੀ ਮੌਸਮ ਰਹਿਣ ਦੀ ਉਮੀਦ ਹੈ। ਮੌਸਮ ਵਿਭਾਗ ਦੇ ਚੰਡੀਗੜ੍ਹ ਕੇਂਦਰ ਨੇ 3 ਅਗਸਤ ਨੂੰ ਭਾਰੀ ਮੀਂਹ ਲਈ ਪੀਲਾ ਅਲਰਟ ਜਾਰੀ ਕੀਤਾ ਹੈ। ਪਿਛਲੇ 24 ਘੰਟਿਆਂ ਵਿੱਚ ਸੂਬੇ ਦਾ ਔਸਤ ਤਾਪਮਾਨ 1.7 ਡਿਗਰੀ ਘੱਟ ਗਿਆ ਹੈ, ਜੋ ਕਿ ਆਮ ਨਾਲੋਂ 3.8 ਡਿਗਰੀ ਘੱਟ ਹੈ।
ਬਠਿੰਡਾ ਵਿੱਚ ਸਭ ਤੋਂ ਵੱਧ ਤਾਪਮਾਨ 38 ਡਿਗਰੀ ਦਰਜ ਕੀਤਾ ਗਿਆ, ਜਦੋਂ ਕਿ ਪਟਿਆਲਾ ਵਿੱਚ ਸਭ ਤੋਂ ਵੱਧ 32.4 ਮਿਲੀਮੀਟਰ ਮੀਂਹ ਪਿਆ। ਅੱਜ ਸਵੇਰੇ 8 ਵਜੇ ਤੱਕ ਮੌਸਮ ਵਿਭਾਗ ਨੇ ਲਗਭਗ 72 ਤਹਿਸੀਲਾਂ ਵਿੱਚ ਬਾਰਿਸ਼ ਦੀ ਚਿਤਾਵਨੀ ਜਾਰੀ ਕੀਤੀ।
ਇਨ੍ਹਾਂ ਜ਼ਿਲ੍ਹਿਆਂ ਵਿੱਚ ਮੀਂਹ ਦੀ ਸੰਭਾਵਨਾਮੌਸਮ ਵਿਭਾਗ ਅਨੁਸਾਰ ਅੱਜ ਪਠਾਨਕੋਟ, ਹੁਸ਼ਿਆਰਪੁਰ ਅਤੇ ਰੂਪਨਗਰ ਦੇ ਕਈ ਥਾਵਾਂ (50 ਤੋਂ 75 ਪ੍ਰਤੀਸ਼ਤ ਖੇਤਰ) ਉਤੇ ਹਲਕੀ ਤੋਂ ਦਰਮਿਆਨੀ ਬਾਰਿਸ਼ ਹੋਣ ਦੀ ਸੰਭਾਵਨਾ ਹੈ। ਜਦੋਂ ਕਿ ਗੁਰਦਾਸਪੁਰ, ਕਪੂਰਥਲਾ, ਜਲੰਧਰ, ਨਵਾਂਸ਼ਹਿਰ, ਬਰਨਾਲਾ, ਬਠਿੰਡਾ, ਮੁਕਤਸਰ, ਫਾਜ਼ਿਲਕਾ, ਮਾਨਸਾ, ਲੁਧਿਆਣਾ, ਫਤਿਹਗੜ੍ਹ ਸਾਹਿਬ, ਐਸਏਐਸ ਨਗਰ, ਸੰਗਰੂਰ ਅਤੇ ਪਟਿਆਲਾ ਜ਼ਿਲ੍ਹਿਆਂ ਵਿੱਚ ਭਾਰੀ ਬਾਰਿਸ਼ ਹੋਣ ਦੀ ਸੰਭਾਵਨਾ ਹੈ। ਇੱਥੇ 25 ਤੋਂ 50 ਪ੍ਰਤੀਸ਼ਤ ਖੇਤਰਾਂ ਵਿੱਚ ਬਾਰਿਸ਼ ਹੋਣ ਦੀ ਸੰਭਾਵਨਾ ਹੈ। ਜਦੋਂ ਕਿ ਫਿਰੋਜ਼ਪੁਰ, ਮੋਗਾ, ਫਰੀਦਕੋਟ, ਅੰਮ੍ਰਿਤਸਰ, ਤਰਨਤਾਰਨ ਜ਼ਿਲ੍ਹਿਆਂ ਵਿੱਚ ਵੱਖ-ਵੱਖ ਥਾਵਾਂ ‘ਤੇ ਹਲਕੀ ਤੋਂ ਦਰਮਿਆਨੀ ਬਾਰਿਸ਼ ਹੋਣ ਦੀ ਸੰਭਾਵਨਾ ਹੈ।
ਭਾਰਤੀ ਮੌਸਮ ਵਿਭਾਗ ਦੇ ਸੀਨੀਅਰ ਮੌਸਮ ਵਿਗਿਆਨੀ ਡਾ. ਆਰ. ਕੇ. ਜੇਨਾਮਣੀ ਨੇ ਕਿਹਾ ਕਿ ਘੱਟ ਦਬਾਅ ਵਾਲੇ ਖੇਤਰ ਕਾਰਨ ਮੀਂਹ ਦਾ ਸਿਲਸਲਾ ਜਾਰੀ ਰਹੇਗਾ। ਇਸ ਕਾਰਨ 30 ਜੁਲਾਈ ਨੂੰ ਵੀ ਪੰਜਾਬ, ਹਰਿਆਣਾ, ਦਿੱਲੀ ਐਨਸੀਆਰ ਵਿਚ ਮੀਂਹ ਪੈਣ ਦੀ ਸੰਭਾਵਨਾ ਹੈ। ਕੁਝ ਥਾਵਾਂ ‘ਤੇ ਭਾਰੀ ਮੀਂਹ ਪਵੇਗਾ ਅਤੇ ਕੁਝ ਥਾਵਾਂ ‘ਤੇ ਹਲਕੀ ਬਾਰਿਸ਼ ਹੋਵੇਗੀ। ਦਿਨ ਭਰ ਬੱਦਲ ਛਾਏ ਰਹਿਣਗੇ। ਠੰਢੀਆਂ ਹਵਾਵਾਂ ਚੱਲਦੀਆਂ ਰਹਿਣਗੀਆਂ।
ਸਕਾਈਮੇਟ ਵੈਦਰ ਪ੍ਰਾਈਵੇਟ ਲਿਮਟਿਡ ਵੱਲੋਂ ਦਿੱਤੀ ਗਈ ਜਾਣਕਾਰੀ ਅਨੁਸਾਰ ਹੁਣ ਮੌਨਸੂਨ ਬਰੇਕ ਹਾਲਾਤ ਵੀ ਆਉਣਗੇ, ਪਰ ਇਥੇ ਦੋ ਤਰ੍ਹਾਂ ਦੀਆਂ ਸਥਿਤੀਆਂ ਬਣ ਜਾਂਦੀਆਂ ਹਨ। ਇਸ ਦੌਰਾਨ ਕੁਝ ਥਾਵਾਂ ‘ਤੇ ਮਾਨਸੂਨ ਬਹੁਤ ਕਮਜ਼ੋਰ ਹੋ ਜਾਂਦਾ ਹੈ ਅਤੇ ਕੁਝ ਥਾਵਾਂ ‘ਤੇ ਬਹੁਤ ਸਰਗਰਮ ਰਹਿੰਦਾ ਹੈ। ਵਿਗਿਆਨੀ ਇਸ ਗੱਲ ‘ਤੇ ਵੀ ਨਜ਼ਰ ਰੱਖ ਰਹੇ ਹਨ ਕਿ ਇਹ ਸਥਿਤੀ ਕਦੋਂ ਬਣੇਗੀ, ਪਰ 30 ਜੁਲਾਈ ਸ਼ਾਮ ਤੱਕ ਮੀਂਹ ਪਵੇਗਾ।