ਹੇ ਭਾਈ! ਜਿਸ ਮਨੁੱਖ ਦਾ ਮਨ ਸਦਾ ਕਾਇਮ ਰਹਿਣ ਵਾਲੇ ਮਾਲਕ (ਦੇ ਨਾਮ) ਨਾਲ ਪਤੀਜ ਜਾਂਦਾ ਹੈ, ਉਹ ਮਨੁੱਖ ਉਸ ਮਾਲਕ-ਪ੍ਰਭੂ ਨੂੰ ਸਭ ਵਿਚ ਇਕ-ਰਸ ਵੱਸਦਾ ਪਛਾਣ ਲੈਂਦਾ ਹੈ।੧।ਰਹਾਉ।ਹੇ ਮੇਰੇ ਮਿੱਤਰ! ਜਿਸ ਮਨੁੱਖ ਦੇ ਅਗਾਂਹ ਆਉਣ ਵਾਲੇ ਜੀਵਨ ਵਿਚ ਪ੍ਰਭੂ ਨੇ ਸੁਖ ਬਣਾ ਦਿੱਤਾ, ਜਿਸ ਦੇ ਬੀਤ ਚੁਕੇ ਜੀਵਨ ਵਿਚ ਭੀ ਪ੍ਰਭੂ ਨੇ ਆਨੰਦ ਬਣਾਈ ਰੱਖਿਆ, ਜਿਸ ਮਨੁੱਖ ਵਾਸਤੇ ਪਰਮੇਸਰ ਨੇ ਇਹੋ ਜਿਹੀ ਵਿਓਂਤ ਬਣਾ ਰੱਖੀ, ਉਹ ਮਨੁੱਖ (ਲੋਕ ਪਰਲੋਕ ਵਿਚ) ਕਿਤੇ ਭੀ ਡੋਲਦਾ ਨਹੀਂ।੧।
ਹੇ ਦਇਆ ਦੇ ਘਰ ਪ੍ਰਭੂ! ਸਾਰੇ ਜੀਵ ਤੇਰੇ ਪੈਦਾ ਕੀਤੇ ਹੋਏ ਹਨ, ਤੂੰ ਆਪਣੇ ਭਗਤਾਂ ਦੀ ਰਖਵਾਲੀ ਆਪ ਹੀ ਕਰਦਾ ਹੈਂ। ਹੇ ਪ੍ਰਭੂ! ਤੂੰ ਅਸਚਰਜ-ਸਰੂਪ ਹੈਂ। ਤੇਰੀ ਬਖ਼ਸ਼ਸ਼ ਭੀ ਹੈਰਾਨ ਕਰ ਦੇਣ ਵਾਲੀ ਹੈ। ਹੇ ਨਾਨਕ! ਆਖ-ਜਿਸ ਮਨੁੱਖ ਉਤੇ ਪ੍ਰਭੂ ਬਖ਼ਸ਼ਸ਼ ਕਰਦਾ ਹੈ, ਉਹ) ਸਦਾ ਉਸ ਦਾ ਨਾਮ ਸਿਮਰਦਾ ਰਹਿੰਦਾ ਹੈ।੨।੨੩।੮੭।ਹੇ ਭਾਈ! ਇਸ ਜਗਤ ਵਿਚ ਕੋਈ (ਤੋੜ ਸਾਥ ਨਿਬਾਹੁਣ ਵਾਲਾ) ਮਿੱਤਰ (ਮੈਂ) ਨਹੀਂ ਵੇਖਿਆ। ਸਾਰਾ ਸੰਸਾਰ ਆਪਣੇ ਸੁਖ ਵਿਚ ਹੀ ਜੁੱਟਾ ਪਿਆ ਹੈ। ਦੁੱਖ ਵਿਚ (ਕੋਈ ਕਿਸੇ ਦੇ) ਨਾਲ (ਸਾਥੀ) ਨਹੀਂ ਬਣਦਾ।੧।ਰਹਾਉ।
ਹੇ ਭਾਈ! ਇਸਤ੍ਰੀ, ਮਿੱਤਰ, ਪੁੱਤਰ, ਰਿਸ਼ਤੇਦਾਰ-ਇਹ ਸਾਰੇ ਧਨ ਨਾਲ (ਹੀ) ਪਿਆਰ ਕਰਦੇ ਹਨ। ਜਦੋਂ ਹੀ ਇਹਨਾਂ ਨੇ ਮਨੁੱਖ ਨੂੰ ਕੰਗਾਲ ਵੇਖਿਆ, (ਤਦੋਂ) ਸਾਥ ਛੱਡ ਕੇ ਨੱਸ ਜਾਂਦੇ ਹਨ।੧।ਹੇ ਭਾਈ! ਮੈਂ ਇਸ ਝੱਲੇ ਮਨ ਨੂੰ ਕੀਹ ਸਮਝਾਵਾਂ? (ਇਸ ਨੇ) ਇਹਨਾਂ (ਕੱਚੇ ਸਾਥੀਆਂ) ਨਾਲ ਪਿਆਰ ਪਾਇਆ ਹੋਇਆ ਹੈ। (ਜੇਹੜਾ ਪਰਮਾਤਮਾ) ਗਰੀਬਾਂ ਦਾ ਰਾਖਾ ਤੇ ਸਾਰੇ ਡਰ ਨਾਸ ਕਰਨ ਵਾਲਾ ਹੈ ਉਸ ਦੀ ਸਿਫ਼ਤਿ-ਸਾਲਾਹ (ਇਸ ਨੇ) ਭੁਲਾਈ ਹੋਈ ਹੈ।੨।ਹੇ ਭਾਈ! ਜਿਵੇਂ ਕੁੱਤੇ ਦੀ ਪੂਛਲ ਸਿੱਧੀ ਨਹੀਂ ਹੁੰਦੀ (ਇਸੇ ਤਰ੍ਹਾਂ ਇਸ ਮਨ ਦੀ ਪਰਮਾਤਮਾ ਦੀ ਯਾਦ ਵਲੋਂ ਲਾ-ਪਰਵਾਹੀ ਹਟਦੀ ਨਹੀਂ) ਮੈਂ ਬਹੁਤ ਜਤਨ ਕੀਤਾ ਹੈ। ਹੇ ਨਾਨਕ! ਆਖ-ਹੇ ਪ੍ਰਭੂ! ਆਪਣੇ) ਮੁੱਢ-ਕਦੀਮਾਂ ਦੇ (ਪਿਆਰ ਵਾਲੇ) ਸੁਭਾਵ ਦੀ ਲਾਜ ਰੱਖ (ਮੇਰੀ ਮਦਦ ਕਰ, ਤਾਂ ਹੀ) ਮੈਂ ਤੇਰਾ ਨਾਮ ਜਪ ਸਕਦਾ ਹਾਂ।੩।੯।