ਹੇ ਮੇਰੇ ਪਾਤਿਸ਼ਾਹ! (ਮੇਹਰ ਕਰ) ਮੈਨੂੰ ਤੇਰੇ ਦਰਸਨ ਦਾ ਆਨੰਦ ਪ੍ਰਾਪਤ ਹੋ ਜਾਏ। ਹੇ ਮੇਰੇ ਪਾਤਿਸ਼ਾਹ! ਮੇਰੇ ਦਿਲ ਦੀ ਪੀੜ ਤੂੰ ਹੀ ਜਾਣਦਾ ਹੈਂ। ਕੋਈ ਹੋਰ ਕੀ ਜਾਣ ਸਕਦਾ ਹੈ ? ॥ ਰਹਾਉ ॥ ਹੇ ਮੇਰੇ ਪਾਤਿਸ਼ਾਹ! ਤੂੰ ਸਦਾ ਕਾਇਮ ਰਹਿਣ ਵਾਲਾ ਮਾਲਕ ਹੈਂ, ਤੂੰ ਅਟੱਲ ਹੈਂ। ਜੋ ਕੁਝ ਤੂੰ ਕਰਦਾ ਹੈਂ, ਉਹ ਭੀ ਉਕਾਈ-ਹੀਣ ਹੈ (ਉਸ ਵਿਚ ਭੀ ਕੋਈ ਊਣਤਾ ਨਹੀਂ)। ਹੇ ਪਾਤਿਸ਼ਾਹ! (ਸਾਰੇ ਸੰਸਾਰ ਵਿਚ ਤੈਥੋਂ ਬਿਨਾ) ਹੋਰ ਕੋਈ ਨਹੀਂ ਹੈ (ਇਸ ਵਾਸਤੇ) ਕਿਸੇ ਨੂੰ ਝੂਠਾ ਆਖਿਆ ਨਹੀਂ ਜਾ ਸਕਦਾ ॥੧॥
ਹੇ ਮੇਰੇ ਪਾਤਿਸ਼ਾਹ! ਤੂੰ ਸਭ ਜੀਵਾਂ ਵਿਚ ਮੌਜੂਦ ਹੈਂ, ਸਾਰੇ ਜੀਵ ਦਿਨ ਰਾਤ ਤੇਰਾ ਹੀ ਧਿਆਨ ਧਰਦੇ ਹਨ। ਹੇ ਮੇਰੇ ਪਾਤਿਸ਼ਾਹ! ਸਾਰੇ ਜੀਵ ਤੇਰੇ ਪਾਸੋਂ ਹੀ (ਮੰਗਾਂ) ਮੰਗਦੇ ਹਨ। ਇਕ ਤੂੰ ਹੀ ਸਭ ਜੀਵਾਂ ਨੂੰ ਦਾਤਾਂ ਦੇ ਰਿਹਾ ਹੈਂ ॥੨॥ ਹੇ ਮੇਰੇ ਪਾਤਿਸ਼ਾਹ! ਹਰੇਕ ਜੀਵ ਤੇਰੇ ਹੁਕਮ ਵਿਚ ਹੈ, ਤੈਥੋਂ ਆਕੀ ਕੋਈ ਜੀਵ ਨਹੀਂ ਹੋ ਸਕਦਾ। ਹੇ ਮੇਰੇ ਪਾਤਿਸ਼ਾਹ! ਸਾਰੇ ਜੀਵ ਤੇਰੇ ਪੈਦਾ ਕੀਤੇ ਹੋਏ ਹਨ, ਤੇ, ਇਹ ਸਾਰੇ ਤੇਰੇ ਵਿਚ ਹੀ ਲੀਨ ਹੋ ਜਾਂਦੇ ਹਨ ॥੩॥ ਹੇ ਮੇਰੇ ਪਿਆਰੇ ਪਾਤਿਸ਼ਾਹ! ਤੂੰ ਸਭ ਜੀਵਾਂ ਦੀ ਆਸਾਂ ਪੂਰੀਆਂ ਕਰਦਾ ਹੈਂ ਸਾਰੇ ਜੀਵ ਤੇਰਾ ਹੀ ਧਿਆਨ ਧਰਦੇ ਹਨ। ਹੇ ਨਾਨਕ ਜੀ ਦੇ ਪਾਤਿਸ਼ਾਹ! ਹੇ ਮੇਰੇ ਪਿਆਰੇ! ਜਿਵੇਂ ਤੈਨੂੰ ਚੰਗਾ ਲੱਗਦਾ ਹੈ, ਤਿਵੇਂ ਮੈਨੂੰ (ਆਪਣੇ ਚਰਨਾਂ ਵਿਚ) ਰੱਖ। ਤੂੰ ਹੀ ਸਦਾ ਕਾਇਮ ਰਹਿਣ ਵਾਲਾ ਹੈਂ ॥੪॥੭॥੧੩॥*
ਸਾਧ ਸੰਗਤ ਵਿਚ ਅੱਪੜਿਆਂ ਮਨ ਦੀ ਮੈਲ ਕੱਟੀ ਜਾਂਦੀ ਹੈ, ਤੇ ਫਿਰ ਸਿਫ਼ਤ-ਸਾਲਾਹ ਦੀ ਬਾਣੀ ਪੜ੍ਹਿਆਂ ਸੇਵਕ ਦਾ ਜਨਮ ਮਰਨ ਦਾ (ਭਾਵ, ਸਾਰੀ ਉਮਰ ਦਾ) ਡਰ ਕੱਟਿਆ ਜਾਂਦਾ ਹੈ।ਕਿਉਂਕਿ ਸੰਤ (ਜਿਸ ਮਨੁੱਖ ਦੇ ਮਾਇਆ ਵਾਲੇ) ਬੰਧਨ ਖੋਲ੍ਹਦੇ ਹਨ (ਉਸ ਦੇ ਵਿਕਾਰ ਰੂਪ)ਸਾਰੇ ਜਿੰਨ ਭੂਤ ਲੁਕ ਜਾਂਦੇ ਹਨ। ਇਹ ਸਾਰੀ ਸ੍ਰਿਸ਼ਟੀ ਜਿਸ ਪ੍ਰਭੂ ਦੀ ਟਿਕਾਈ ਹੋਈ ਹੈ,ਜਿਸ ਦਾ ਅਸਥਾਨ ਸਭ ਤੋਂ ਉੱਚਾ ਹੈ, ਜੋ ਅਪਹੁੰਚ ਤੇ ਬੇਅੰਤ ਹੈ, ਸੰਤ ਉਸ ਪਰਮਾਤਮਾ ਨਾਲ (ਅਸਾਡਾ) ਪਿਆਰ ਜੋੜ ਦੇਂਦੇ ਹਨ। ਦਿਨ ਰਾਤਿ ਸੁਆਸ ਸੁਆਸ ਹੱਥ ਜੋੜ ਕੇ ਪ੍ਰਭੂ ਦਾ ਸਿਮਰਨ ਕਰਨਾ ਚਾਹੀਦਾ ਹੈ। ਜਦੋਂ ਪ੍ਰਭੂ ਆਪ ਹੀ ਦਿਆਲ ਹੁੰਦਾ ਹੈ ਤਾਂ ਉਸ ਦੇ ਭਗਤਾਂ ਦੀ ਸੰਗਤ ਪ੍ਰਾਪਤ ਹੁੰਦੀ ਹੈ ॥੯॥