ਪੰਜਾਬ ਵਿੱਚ ਜਨਵਰੀ ਮਹੀਨੇ ਦੇ ਅੰਦਰ ਪਾਰਾ ਲਗਾਤਾਰ ਰਿਕਾਰਡ ਤੋੜ ਰਿਹਾ ਹੈ। ਬੀਤੇ ਦਿਨ ਦਾ ਤਾਪਮਾਨ 23 ਡਿਗਰੀ ਤੋਂ ਉਪਰ ਦਰਜ ਕੀਤਾ ਗਿਆ ਹੈ। ਜੋ ਕਿ ਆਮ ਨਾਲੋਂ ਚਾਰ ਡਿਗਰੀ ਜ਼ਿਆਦਾ ਹੈ। ਅਜਿਹਾ ਤਾਪਮਾਨ ਇਸ ਦਿਨ ਜਨਵਰੀ ਮਹੀਨੇ ਅੰਦਰ 2001 ਦੇ ਵਿੱਚ ਹੋਇਆ ਸੀ। 1970 ਤੋਂ ਲੈ ਕੇ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਅੰਦਰ ਜਿੰਨੇ ਵੀ ਤਾਪਮਾਨ ਰਿਕਾਰਡ ਕੀਤੇ ਗਏ ਹਨ,ਉਸ ਮੁਤਾਬਿਕ ਵੀ ਇਸ ਸਾਲ 2025 ਦਾ ਜਨਵਰੀ ਮਹੀਨਾ ਪਿਛਲੇ ਸਾਲਾਂ ਦੇ ਮੁਕਾਬਲੇ ਗਰਮ ਹੈ।
50 ਸਾਲ ਬਾਅਦ ਦੂਜੀ ਵਾਰ ਟੁੱਟਿਆ ਰਿਕਾਰਡ——ਜਨਵਰੀ ਮਹੀਨੇ ਦੇ ਵਿੱਚ ਦੂਜੀ ਵਾਰ ਇੰਨਾ ਜ਼ਿਆਦਾ ਤਾਪਮਾਨ ਦਰਜ ਕੀਤਾ ਗਿਆ ਹੈ। ਜਿਸ ਤੋਂ ਜ਼ਾਹਿਰ ਹੈ ਕਿ 50 ਸਾਲ ਬਾਅਦ ਦੂਜੀ ਵਾਰ ਇਹ ਰਿਕਾਰਡ ਟੁੱਟਿਆ ਹੈ। ਇਸ ਤੋਂ ਪਹਿਲਾਂ 2001ਦੌਰਾਨ ਜਨਵਰੀ ਮਹੀਨੇ ਦੇ ਵਿੱਚ 26 ਡਿਗਰੀ ਤੱਕ ਤਾਪਮਾਨ ਰਿਕਾਰਡ ਕੀਤਾ ਗਿਆ ਸੀ, ਕਿਹਾ ਜਾ ਸਕਦਾ ਹੈ ਕਿ ਮੌਸਮ ਦੇ ਵਿੱਚ ਭਾਰੀ ਤਬਦੀਲੀਆਂ ਨੂੰ ਵੇਖਣ ਨੂੰ ਮਿਲ ਰਹੀਆਂ ਹਨ।
ਆਉਂਦੇ ਦਿਨ੍ਹਾਂ ਵਿੱਚ ਹੋਵੇਗਾ ਮੀਂਹ’—–ਇਸ ਤਹਿਤ ਜਾਣਕਾਰੀ ਸਾਂਝੀ ਕਰਦੇ ਹੋਏ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਮੌਸਮ ਵਿਭਾਗ ਦੀ ਮੁਖੀ ਡਾਕਟਰ ਪਵਨੀਤ ਕੌਰ ਕਿੰਗਰਾ ਨੇ ਕਿਹਾ ਹੈ ਕਿ ਆਉਂਦੇ ਦੋ ਦਿਨ ਤੱਕ ਪੰਜਾਬ ਵਿੱਚ ਕਿਤੇ-ਕਿਤੇ ਹਲਕੀ ਬਾਰਿਸ਼ ਅਤੇ ਬੱਦਲਵਾਈ ਵਾਲਾ ਮੌਸਮ ਰਹਿ ਸਕਦਾ ਹੈ। ਉਸ ਤੋਂ ਬਾਅਦ ਤਿੰਨ ਅਤੇ ਚਾਰ ਫਰਵਰੀ ਨੂੰ ਮੁੜ ਤੋਂ ਪੰਜਾਬ ਵਿੱਚ ਕਿਤੇ-ਕਿਤੇ ਹਲਕੀ ਬੂੰਦਾਂ ਬੰਦੀ ਹੋ ਸਕਦੀ ਹੈ। ਉਹਨਾਂ ਕਿਹਾ ਕਿ ਬੱਦਲਵਾਈ ਅਤੇ ਮੀਂਹ ਦੇ ਕਾਰਨ ਪੰਜਾਬ ਦੇ ਕੁਝ ਹਿੱਸਿਆਂ ਦੇ ਅੰਦਰ ਮੁੜ ਤੋਂ ਤਾਪਮਾਨ ਹੇਠਾਂ ਜਾ ਸਕਦਾ ਹੈ।
‘ਕਿਸਾਨ ਰੱਖਣ ਖ਼ਾਸ ਖਿਆਲ’——–ਮੌਸਮ ਵਿਗਿਆਨੀ ਨੇ ਕਿਹਾ ਕਿ ਲਗਾਤਾਰ ਮੌਸਮ ਦੇ ਵਿੱਚ ਜੋ ਵੱਡੀਆਂ ਤਬਦੀਲੀਆਂ ਤਾਪਮਾਨ ਸਬੰਧੀ ਵੇਖਣ ਨੂੰ ਮਿਲਣ ਰਹੀਆਂ ਹਨ, ਇਸ ਦਾ ਅਸਰ ਫਸਲ ਅਤੇ ਮਨੁੱਖੀ ਸਿਹਤ ਉੱਤੇ ਵੀ ਹੋ ਰਿਹਾ ਹੈ। ਮੌਸਮ ਵਿਭਾਗ ਦੀ ਮੁਖੀ ਡਾਕਟਰ ਪਵਨੀਤ ਕੌਰ ਕਿੰਗਰਾ ਮੁਤਾਬਿਕ ਜ਼ਿਆਦਾ ਗਰਮੀ ਕਣਕ ਦੀ ਫਸਲ ਲਈ ਸਹੀ ਨਹੀਂ ਹੈ ਅਤੇ ਕਿਸਾਨਾਂ ਨੂੰ ਚੰਗਾ ਝਾੜ ਲੈਣ ਲਈ ਲਗਾਤਾਰ ਫਸਲ ਨੂੰ ਪਾਣੀ ਦਿੰਦੇ ਰਹਿਣਾ ਚਾਹੀਦਾ ਹੈ।