ਹੇ ਸੰਤ ਜਨੋ! ਉਸ ਪਰਮਾਤਮਾ ਤੋਂ ਬਿਨਾ (ਜੀਵਾਂ ਦਾ) ਕੋਈ ਹੋਰ (ਰਾਖਾ) ਨਹੀਂ। ਉਹੀ ਪਰਮਾਤਮਾ ਜਗਤ ਦਾ ਮੂਲ ਹੈ।ਰਹਾਉ।ਹੇ ਸੰਤ ਜਨੋ! ਮੈਂ ਆਪਣੇ ਗੁਰੂ ਤੋਂ ਕੁਰਬਾਨ ਜਾਂਦਾ ਹਾਂ, ਜਿਸ ਨੇ (ਪ੍ਰਭੂ ਦੇ ਨਾਮ ਦੀ ਦਾਤਿ ਦੇ ਕੇ) ਪੂਰੀ ਤਰ੍ਹਾਂ (ਮੇਰੀ) ਇੱਜ਼ਤ ਰੱਖ ਲਈ ਹੈ। ਹੇ ਭਾਈ! ਜੇਹੜਾ ਭੀ ਮਨੁੱਖ ਸਦਾ ਆਪਣੇ ਪ੍ਰਭੂ ਦਾ ਧਿਆਨ ਧਰਦਾ ਹੈ ਉਹ ਮਨ-ਮੰਗੀਆਂ ਮੁਰਾਦਾਂ ਪ੍ਰਾਪਤ ਕਰ ਲੈਂਦਾ ਹੈ।੧।
ਹੇ ਸੰਤ ਜਨੋ! ਪਿਆਰੇ ਪ੍ਰਭੂ ਨੇ (ਜੀਵਾਂ ਨੂੰ) ਸਭ ਬਖ਼ਸ਼ਸ਼ਾਂ ਕੀਤੀਆਂ ਹੋਈਆਂ ਹਨ, ਸਾਰੇ ਜੀਵਾਂ ਨੂੰ ਉਸ ਨੇ ਆਪਣੇ ਵੱਸ ਵਿਚ ਕਰ ਰੱਖਿਆ ਹੋਇਆ ਹੈ। ਹੇ ਦਾਸ ਨਾਨਕ! ਆਖ-ਜਦੋਂ ਭੀ ਕਿਸੇ ਨੇ) ਪਰਮਾਤਮਾ ਦਾ ਨਾਮ ਸਿਮਰਿਆ, ਤਦੋਂ ਉਸ ਨੇ ਆਪਣੇ ਸਾਰੇ ਦੁੱਖ ਦੂਰ ਕਰ ਲਏ।੨।੫।੬੯।ਹੇ ਭਾਈ! ਪਰਮਾਤਮਾ ਦੇ ਚਰਨ ਸਦਾ ਸੁਖ ਦੇਣ ਵਾਲੇ ਹਨ। (ਜੇਹੜੇ ਮਨੁੱਖ ਹਰਿ-ਚਰਨਾਂ ਦਾ ਆਸਰਾ ਲੈਂਦੇ ਹਨ, ਉਹ) ਜੋ ਕੁਝ (ਪਰਮਾਤਮਾ ਪਾਸੋਂ) ਮੰਗਦੇ ਹਨ ਉਹੀ ਫਲ ਪ੍ਰਾਪਤ ਕਰ ਲੈਂਦੇ ਹਨ। (ਪਰਮਾਤਮਾ ਦੀ ਸਹੈਤਾ ਉਤੇ ਰੱਖੀ ਹੋਈ ਕੋਈ ਭੀ) ਆਸ ਖ਼ਾਲੀ ਨਹੀਂ ਜਾਂਦੀ।੧।ਰਹਾਉ।
(ਪਰ, ਹੇ ਭਾਈ!) ਜਦੋਂ ਗੁਰੂ ਨੂੰ ਚੰਗਾ ਲੱਗਦਾ ਹੈ ਜਦੋਂ ਗੁਰੂ ਤ੍ਰੁੱਠਦਾ ਹੈ) ਤਦੋਂ ਹੀ ਪਰਮਾਤਮਾ ਦਾ ਨਾਮ ਜਪਿਆ ਜਾ ਸਕਦਾ ਹੈ। ਪਰਮਾਤਮਾ ਨੇ ਮੇਹਰ ਕੀਤੀ (ਗੁਰੂ ਮਿਲਾਇਆ! ਗੁਰੂ ਦੀ ਕਿਰਪਾ ਨਾਲ ਅਸਾਂ ਨਾਮ ਜਪਿਆ, ਤਾਂ) ਪਰਮਾਤਮਾ ਨੇ ਸਾਡੀ ਲਾਜ ਰੱਖ ਲਈ (ਬਿਖੈ ਠਗਉਰੀ ਤੋਂ ਬਚਾ ਲਿਆ) ।੧।
ਹੇ ਭਾਈ! ਜੀਵਨ ਦਾ ਮਾਲਕ ਦਾਤਾਰ ਪ੍ਰਭੂ ਜਿਸ ਮਨੁੱਖ ਉਤੇ ਮੇਹਰ ਕਰਦਾ ਹੈ ਉਹ ਸੰਤ (ਸੁਭਾਉ ਬਣ ਜਾਂਦਾ ਹੈ, ਤੇ) ਪਰਮਾਤਮਾ ਦੀ ਸਿਫ਼ਤਿ-ਸਾਲਾਹ ਦੇ ਗੀਤ ਗਾਂਦਾ ਹੈ। ਉਸ ਮਨੁੱਖ ਦਾ ਮਨ ਪਰਮਾਤਮਾ ਦੀ ਪਿਆਰ-ਭਰੀ ਭਗਤੀ ਵਿਚ ਮਸਤ ਹੋ ਜਾਂਦਾ ਹੈ, ਉਹ ਮਨੁੱਖ ਪਰਮਾਤਮਾ ਦੇ ਮਨ ਵਿਚ ਪਿਆਰਾ ਲੱਗਣ ਲੱਗ ਪੈਂਦਾ ਹੈ।੨।ਹੇ ਭਾਈ! ਅੱਠੇ ਪਹਿਰ (ਹਰ ਵੇਲੇ) ਪਰਮਾਤਮਾ ਦੀ ਸਿਫ਼ਤਿ-ਸਾਲਾਹ ਕਰਨ ਨਾਲ ਵਿਕਾਰਾਂ ਦੀ ਠਗ-ਬੂਟੀ ਦਾ ਜ਼ੋਰ ਮੁੱਕ ਜਾਂਦਾ ਹੈ। (ਜਿਸ ਭੀ ਮਨੁੱਖ ਨੇ ਸਿਫ਼ਤਿ-ਸਾਲਾਹ ਵਿਚ ਮਨ ਜੋੜਿਆ) ਕਰਤਾਰ ਨੇ (ਉਸ ਨੂੰ) ਆਪਣੇ ਨਾਲ ਮਿਲਾ ਲਿਆ, ਸੰਤ ਜਨ ਉਸ ਦੇ ਸੰਗੀ-ਸਾਥੀ ਬਣ ਗਏ।੩।
(ਹੇ ਭਾਈ! ਗੁਰੂ ਦੀ ਸ਼ਰਨ ਪੈ ਕੇ ਜਿਸ ਭੀ ਮਨੁੱਖ ਨੇ ਪ੍ਰਭੂ-ਚਰਨਾਂ ਦਾ ਆਰਾਧਨ ਕੀਤਾ) ਪ੍ਰਭੂ ਨੇ ਉਸ ਦਾ ਹੱਥ ਫੜ ਕੇ ਉਸ ਨੂੰ ਸਭ ਕੁਝ ਬਖ਼ਸ਼ ਦਿੱਤਾ, ਪ੍ਰਭੂ ਨੇ ਉਸ ਨੂੰ ਆਪਣਾ ਆਪ ਹੀ ਮਿਲਾ ਦਿੱਤਾ। ਹੇ ਨਾਨਕ! ਆਖ-ਜਿਸ ਮਨੁੱਖ ਨੂੰ ਪੂਰਾ ਗੁਰੂ ਮਿਲ ਪਿਆ, ਉਸ ਦੇ ਸਾਰੇ ਕੰਮ ਸਫਲ ਹੋ ਗਏ।੪।੧੫।੭੯।