ਅੱਜ ਦੇਸ਼ ਵਿਦੇਸ਼ ਚ ਸਿੱਖ ਸੰਗਤ ਵੱਲੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪਹਿਲਾ ਪ੍ਰਕਾਸ਼ ਪੁਰਬ ਮਨਾਇਆ ਜਾ ਰਿਹੈ …. ਜਿਸ ਤੇ ਸਬੰਧ ਚ ਅੱਜ ਅੰਮ੍ਰਿਤਸਰ ਦੇ ਗੁਰਦੁਆਰਾ ਸ੍ਰੀ ਰਾਮਸਰ ਸਾਹਿਬ ਤੋਂ ਸ੍ਰੀ ਦਰਬਾਰ ਸਾਹਿਬ ਤੱਕ ਨਗਰ ਕੀਰਤਨ ਸਜਾਇਆ ਜਾਵੇਗਾ….ਦੱਸ ਦਈਏ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਹਿਲੇ ਪ੍ਰਕਾਸ਼ ਪੁਰਬ ਮੌਕੇ ਸ੍ਰੀ ਦਰਬਾਰ ਸਾਹਿਬ ਨੂੰ ਸੁੰਦਰ ਫੁੱਲਾਂ ਨਾਲ ਸਜਾਇਆ ਗਿਆ ਹੈ…..
ਗੁਰੂ ਨਗਰੀ ਅੰਮ੍ਰਿਤਸਰ ‘ਚ ਅੱਜ ਪਵਨ ਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪਹਿਲਾ ਪ੍ਰਕਾਸ਼ ਪੁਰਬ ਬੜੀ ਹੀ ਸ਼ਰਧਾ ਨਾਲ ਮਨਾਇਆ ਜਾ ਰਿਹਾ ਹੈ। ਦੱਸ ਦਈਏ ਕਿ ਸਿੱਖਾਂ ਦੇ ਪੰਜਵੇਂ ਗੁਰੂ ਅਰਜਨ ਦੇਵ ਜੀ ਨੇ ਅੱਜ ਦੇ ਦਿਨ 1604 ਈਸਵੀ ਨੂੰ ਸ੍ਰੀ ਹਰਿਮੰਦਰ ਸਾਹਿਬ ਵਿਖੇ ਪਹਿਲੀ ਵਾਰ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਕੀਤਾ ਸੀ।
1604 ਈਸਵੀ ਵਿੱਚ ਪੋਥੀ ਸਾਹਿਬ ਦੀ ਸੰਪਾਦਨਾ: ਸ੍ਰੀ ਗੁਰੂ ਅਰਜਨ ਦੇਵ ਜੀ ਨੇ ਸਾਰੀ ਬਾਣੀ ਨੂੰ ਇਸ ਦੇ ਸ਼ੁੱਧ ਰੂਪ ਵਿੱਚ ਰੱਖਣ ਅਤੇ ਲੋਕ ਭਲਾਈ ਲਈ ਮਹਾਨ ਫੈਸਲਾ ਲਿਆ। ਉਹ ਫੈਸਲਾ ਸੀ ਕਿ ਸਾਰੀ ਬਾਣੀ ਨੂੰ ਇੱਕ ਗ੍ਰੰਥ ਸਾਹਿਬ ਵਿੱਚ ਇਕੱਠਾ ਕੀਤਾ ਜਾਵੇ। ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਉਸ ਸਮੇਂ ਪੋਥੀ ਸਾਹਿਬ ਕਿਹਾ ਜਾਂਦਾ ਸੀ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸੰਪਾਦਨਾ ਕਰਦਿਆਂ ਸ੍ਰੀ ਗੁਰੂ ਅਰਜਨ ਦੇਵ ਜੀ ਨੇ ਸਭ ਤੋਂ ਪਹਿਲਾਂ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਮਹਾਨ ਰਚਨਾ ‘ਜਪੁਜੀ ਸਾਹਿਬ’ ਨੂੰ ਥਾਂ ਦਿੱਤੀ। ਇਹ ਮਹਾਨ ਕਾਰਜ ਗੁਰੂ ਜੀ ਨੇ ਭਾਈ ਗੁਰਦਾਸ ਜੀ ਨੂੰ ਲਿਖਾਰੀ ਨਿਯੁਕਤ ਕਰਕੇ ਸ੍ਰੀ ਅੰਮ੍ਰਿਤਸਰ ਸਾਹਿਬ ਵਿਖੇ ਰਾਮਸਰ ਦੇ ਕੰਢੇ ਪੋਥੀ ਸਾਹਿਬ ਲਿਖਣ ਦਾ ਕਾਰਜ ਆਰੰਭਿਆ। ਸ੍ਰੀ ਗੁਰੂ ਅਰਜਨ ਦੇਵ ਜੀ ਦੇ ਸਾਹਮਣੇ ਇਹ ਬਹੁਤ ਵੱਡਾ ਕਾਰਜ ਸੀ, ਜਿਸ ਵਿਚ ਉਨ੍ਹਾਂ ਨੇ ਸਾਰੀਆਂ ਬਾਣੀਆਂ ਨੂੰ ਛਾਂਟ ਕੇ ਸ਼ੁੱਧ ਬਾਣੀ ਦੀ ਚੋਣ ਕਰਨੀ ਸੀ ਅਤੇ ਸੰਤਾਂ-ਮਹਾਂਪੁਰਖਾਂ ਦੀ ਬਾਣੀ ਨੂੰ ਉਨ੍ਹਾਂ ਦੇ ਸ਼ੁੱਧ ਰੂਪ ਵਿਚ ਇਕੱਠਾ ਕਰਨਾ ਸੀ। ਅਖ਼ੀਰ ਕਈ ਮਹੀਨਿਆਂ ਦੀ ਸਖ਼ਤ ਮਿਹਨਤ ਤੋਂ ਬਾਅਦ 1604 ਈ: ਵਿੱਚ ਪੋਥੀ ਸਾਹਿਬ ਦੀ ਸੰਪਾਦਨਾ ਪੂਰੀ ਹੋਈ।
1430 ਅੰਗਾਂ ਵਿੱਚ ਬਾਣੀ ਦਰਜ: 1604 ਈ: ਵਿੱਚ ਅੱਜ ਦੇ ਦਿਨ ਸ੍ਰੀ ਹਰਿਮੰਦਰ ਸਾਹਿਬ ਵਿੱਚ ਪਹਿਲੀ ਵਾਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਕੀਤਾ ਗਿਆ ਸੀ। 1430 ਅੰਗਾਂ (ਪੰਨਿਆਂ) ਵਾਲੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਪਹਿਲੇ ਪ੍ਰਕਾਸ਼ ਪੁਰਬ ਮੌਕੇ ਸੰਗਤਾਂ ਨੇ ਕੀਰਤਨ ਦੀਵਾਨ ਸਜਾਏ ਅਤੇ ਬਾਬਾ ਬੁੱਢਾ ਜੀ ਨੇ ਬਾਣੀ ਦਾ ਜਾਪ ਸ਼ੁਰੂ ਕੀਤਾ। ਪਹਿਲੀ ਪਾਤਸ਼ਾਹੀ ਤੋਂ ਛੇਵੀਂ ਪਾਤਸ਼ਾਹੀ ਤੱਕ ਸਿੱਖ ਧਰਮ ਦੀ ਸੇਵਾ ਲਈ ਆਪਣਾ ਜੀਵਨ ਸਮਰਪਿਤ ਕਰਨ ਵਾਲੇ ਬਾਬਾ ਬੁੱਢਾ ਜੀ ਇਸ ਗ੍ਰੰਥ ਦੇ ਪਹਿਲੇ ਗ੍ਰੰਥੀ ਬਣੇ।
ਭਾਈ ਗੁਰਦਾਸ ਜੀ ਨੇ ਲਿਖੇ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਬੋਲ: ਗੁਰਦੁਆਰਾ ਰਾਮਸਰ ਸਾਹਿਬ ਦੇ ਅਸਥਾਨ ‘ਤੇ ਗੁਰੂ ਸਾਹਿਬ ਨੇ ਭਾਈ ਗੁਰਦਾਸ ਜੀ ਦੁਆਰਾ 1603 ਈ: ਵਿੱਚ ਬਾਣੀ ਲਿਖਵਾਉਣ ਦਾ ਕੰਮ ਸ਼ੁਰੂ ਕੀਤਾ, ਜੋ 1604 ਵਿਚ ਸੰਪੂਰਨ ਹੋਇਆ। ਇਸ ਤੋਂ ਬਾਅਦ ਇਸ ਦਾ ਨਾਂ ਆਦਿ ਗ੍ਰੰਥ ਰੱਖਿਆ ਗਿਆ। ਸ੍ਰੀ ਗੁਰੂ ਅਰਜਨ ਦੇਵ ਜੀ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸੰਪਾਦਨਾ ਦਾ ਕਾਰਜ ਬਿਨਾਂ ਕਿਸੇ ਭੇਦ-ਭਾਵ ਦੇ ਸਾਰੇ ਵਿਦਵਾਨਾਂ ਅਤੇ ਸ਼ਰਧਾਲੂਆਂ ਦੀ ਬਾਣੀ ਸਮੇਤ ਕੀਤਾ। ਰਾਗਾਂ ਦੇ ਆਧਾਰ ’ਤੇ ਉਨ੍ਹਾਂ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਸੰਕਲਿਤ ਬਾਣੀਆਂ ਦਾ ਵਰਗੀਕਰਨ ਕੀਤਾ ਹੈ।
