ਜੋ ਪਰਮਾਤਮਾ ਜੀਵਾਂ ਦੀ ਬਣਤਰ ਬਣਾਉਂਦਾ ਹੈ ਤੇ ਉਹਨਾਂ ਨੂੰ ਮਾਂ ਦੇ ਪੇਟ ਵਿਚ ਥਾਂ ਦੇਂਦਾ ਹੈ, ਹੇ ਨਾਨਕ! ਜੀਵ ਉਸ ਨੂੰ ਹਰੇਕ ਸਾਹ ਦੇ ਨਾਲ ਨਾਲ ਯਾਦ ਕਰਦੇ ਰਹਿੰਦੇ ਹਨ ਤੇ (ਮਾਂ ਦੇ ਪੇਟ ਦੀ) ਵੱਡੀ (ਭਿਆਨਕ) ਅੱਗ ਉਹਨਾਂ ਦਾ ਨਾਸ ਨਹੀਂ ਕਰ ਸਕਦੀ।੧।
ਹੇ ਨਾਨਕ! ਆਖ-ਹੇ ਭਾਈ!) ਜਦੋਂ ਤੇਰਾ ਮੂੰਹ ਹੇਠਾਂ ਨੂੰ ਸੀ, ਪੈਰ ਉਤਾਂਹ ਨੂੰ ਸਨ, ਬੜੇ ਔਖੇ ਥਾਂ ਤੂੰ ਵੱਸਦਾ ਸੈਂ ਤਦੋਂ ਜਿਸ ਪ੍ਰਭੂ ਦੇ ਨਾਮ ਦੀ ਬਰਕਤਿ ਨਾਲ ਤੂੰ ਬਚਿਆ ਰਿਹਾ, ਹੁਣ ਉਸ ਮਾਲਕ ਨੂੰ ਤੂੰ ਕਿਉਂ ਭੁਲਾ ਦਿੱਤਾ?।੨।
ਪਉੜੀ ॥ ਰਕਤੁ ਬਿੰਦੁ ਕਰਿ ਨਿੰਮਿਆ ਅਗਨਿ ਉਦਰ ਮਝਾਰਿ ॥ ਉਰਧ ਮੁਖੁ ਕੁਚੀਲ ਬਿਕਲੁ ਨਰਕਿ ਘੋਰਿ ਗੁਬਾਰਿ ॥ ਹਰਿ ਸਿਮਰਤ ਤੂ ਨਾ ਜਲਹਿ ਮਨਿ ਤਨਿ ਉਰ ਧਾਰਿ ॥ ਬਿਖਮ ਥਾਨਹੁ ਜਿਨਿ ਰਖਿਆ ਤਿਸੁ ਤਿਲੁ ਨ ਵਿਸਾਰਿ ॥ ਪ੍ਰਭ ਬਿਸਰਤ ਸੁਖੁ ਕਦੇ ਨਾਹਿ ਜਾਸਹਿ ਜਨਮੁ ਹਾਰਿ ॥੨॥ {ਪੰਨਾ 706}
ਪਦਅਰਥ: ਰਕਤੁ = ਰੱਤ, ਲਹੂ {ਇਸ ਲਫ਼ਜ਼ ਦੇ ਅਖ਼ੀਰ ਤੇ ਸਦਾ (ੁ) ਆਉਂਦਾ ਹੈ, ਸ਼ਕਲ ਤੋਂ ਪੁਲਿੰਗ ਜਾਪਦਾ ਹੈ, ਪਰ ਹੈ ਇਸਤ੍ਰੀ ਲਿੰਗ, ਦੇਖੋ ‘ਗੁਰਬਾਣੀ ਵਿਆਕਰਣ’}। ਬਿੰਦੁ = ਵੀਰਜ। ਨਿੰਮਿਆ = ਉੱਗਿਆ। ਉਦਰ = ਪੇਟ। ਮਝਾਰਿ = ਵਿਚ। ਉਰਧ = ਉਲਟਾ, ਪੁੱਠਾ। ਕੁਚੀਲ = ਗੰਦਾ। ਬਿਕਲੁ = ਡਰਾਉਣਾ। ਨਰਕਿ = ਨਰਕ ਵਿਚ। ਗੁਬਾਰਿ ਨਰਕਿ = ਹਨੇਰੇ ਨਰਕ ਵਿਚ। ਮਨਿ = ਮਨ ਵਿਚ। ਤਨਿ = ਤਨ ਵਿਚ। ਉਰ = ਹਿਰਦਾ। ਬਿਖਮ = ਔਖਾ। ਥਾਨਹੁ = ਥਾਂ ਤੋਂ।
ਅਰਥ: (ਹੇ ਜੀਵ!) (ਮਾਂ ਦੀ) ਰੱਤ ਤੇ (ਪਿਉ ਦੇ) ਵੀਰਜ ਤੋਂ (ਮਾਂ ਦੇ) ਪੇਟ ਦੀ ਅੱਗ ਵਿਚ ਤੂੰ ਉੱਗਿਆ। ਤੇਰਾ ਮੂੰਹ ਹੇਠਾਂ ਨੂੰ ਸੀ, ਗੰਦਾ ਤੇ ਡਰਾਉਣਾ ਸੈਂ, (ਮਾਨੋ) ਇਕ ਹਨੇਰੇ ਘੋਰ ਨਰਕ ਵਿਚ ਪਿਆ ਹੋਇਆ ਸੈਂ। ਜਿਸ ਪ੍ਰਭੂ ਨੂੰ ਸਿਮਰ ਕੇ ਤੂੰ ਨਹੀਂ ਸੈਂ ਸੜਦਾ-ਉਸ ਨੂੰ (ਹੁਣ ਭੀ) ਮਨੋਂ ਤਨੋਂ ਹਿਰਦੇ ਵਿਚ ਯਾਦ ਕਰ। ਜਿਸ ਪ੍ਰਭੂ ਨੇ ਤੈਨੂੰ ਔਖੇ ਥਾਂ ਤੋਂ ਬਚਾਇਆ, ਉਸ ਨੂੰ ਰਤਾ ਭੀ ਨਾਹ ਭੁਲਾ।ਪ੍ਰਭੂ ਨੂੰ ਭੁਲਾਇਆਂ ਕਦੇ ਸੁਖ ਨਹੀਂ ਹੁੰਦਾ, (ਜੇ ਭੁਲਾਇਂਗਾ ਤਾਂ) ਮਨੁੱਖਾ ਜਨਮ (ਦੀ ਬਾਜ਼ੀ) ਹਾਰ ਕੇ ਜਾਵੇਂਗਾ।੨