ਹੇ ਭਾਈ! ਮਾਇਆ ਦੇ ਮੋਹ (ਵਿਚ ਫਸ ਕੇ) ਤੂੰ ਕੁਰਾਹੇ ਪੈ ਗਿਆ ਹੈਂ, (ਪਰਮਾਤਮਾ ਨੂੰ ਛੱਡ ਕੇ) ਹੋਰ ਵਿਚ ਪਿਆਰ ਪਾ ਰਿਹਾ ਹੈਂ। ਤੇਰੀ ਆਪਣੀ ਪਾਂਇਆਂ ਤਾਂ ਇਤਨੀ ਹੀ ਹੈ ਜਿਤਨੀ ਜੰਗਲ ਦੇ ਹਰੇ ਪੱਤਿਆਂ ਦੀ, ਜਿਤਨੀ ਆਕਾਸ਼ ਵਿਚ ਦਿੱਸ ਰਹੀ ਨਗਰੀ ਦੀ।੧।ਰਹਾਉ।
ਹੇ ਭਾਈ! ਜਿਨ੍ਹੀਂ ਕੰਮੀਂ ਤੂੰ (ਪਰਮਾਤਮਾ ਦੀ ਦਰਗਾਹ ਵਿਚ) ਸ਼ਰਮਿੰਦਾ ਹੋਵੇਂਗਾ ਉਹਨਾਂ ਹੀ ਕੰਮਾਂ ਦੀ ਚਾਲ ਚੱਲ ਰਿਹਾ ਹੈਂ। ਤੂੰ ਸੰਤ ਜਨਾਂ ਦੀ ਨਿੰਦਾ ਕਰਦਾ ਰਹਿੰਦਾ ਹੈਂ, ਤੇ, ਪਰਮਾਤਮਾ ਨਾਲੋਂ ਟੁੱਟੇ ਹੋਏ ਮਨੁੱਖਾਂ ਦਾ ਆਦਰ-ਸਤਕਾਰ ਕਰਦਾ ਹੈਂ। ਤੂੰ ਅਸਚਰਜ ਉਲਟੀ ਮਤਿ ਗ੍ਰਹਣ ਕੀਤੀ ਹੋਈ ਹੈ।੧।ਹੇ ਭਾਈ! ਖੋਤਾ ਮਿੱਟੀ ਵਿਚ ਹੀ (ਲੇਟਣ ਨਾਲ) ਸੁਖ ਸਮਝਦਾ ਹੈ, ਭਾਵੇਂ ਉਸ ਦੇ ਸਰੀਰ ਉਤੇ ਚੰਦਨ ਦਾ ਲੇਪ ਪਏ ਕਰੀਏ (ਇਹੀ ਹਾਲ ਤੇਰਾ ਹੈ) ਆਤਮਕ ਜੀਵਨ ਦੇਣ ਵਾਲੇ ਨਾਮ-ਜਲ ਨਾਲ ਤੇਰਾ ਪਿਆਰ ਨਹੀਂ ਬਣਦਾ। ਤੂੰ ਵਿਸ਼ਿਆਂ ਦੀ ਠਗਬੂਟੀ ਨਾਲ ਪਿਆਰ ਕਰਦਾ ਹੈਂ।੨।
ਹੇ ਭਾਈ! ਉੱਚੇ ਜੀਵਨ ਵਾਲੇ ਸੰਤ ਜੇਹੜੇ ਇਸ ਸੰਸਾਰ (ਦੇ ਵਿਕਾਰਾਂ) ਵਿਚ ਭੀ ਪਵਿਤ੍ਰ ਹੀ ਰਹਿੰਦੇ ਹਨ, ਭਲੇ ਸੰਜੋਗਾਂ ਨਾਲ ਹੀ ਮਿਲਦੇ ਹਨ। (ਉਹਨਾਂ ਦੀ ਸੰਗਤਿ ਤੋਂ ਵਾਂਜਿਆਂ ਰਹਿ ਕੇ) ਤੇਰਾ ਕੀਮਤੀ ਮਨੁੱਖਾ ਜਨਮ ਵਿਅਰਥ ਜਾ ਰਿਹਾ ਹੈ, ਕੱਚ ਦੇ ਵੱਟੇ ਵਿਚ ਜਿੱਤਿਆ ਜਾ ਰਿਹਾ ਹੈ।੩।ਹੇ ਨਾਨਕ! ਆਖ-ਹੇ ਭਾਈ!) ਜਿਸ ਮਨੁੱਖ ਦੀਆਂ ਅੱਖਾਂ ਵਿਚ ਗੁਰੂ ਨੇ ਆਤਮਕ ਜੀਵਨ ਦੀ ਸੂਝ ਵਾਲਾ ਸੁਰਮਾ ਪਾ ਦਿੱਤਾ, ਉਸ ਦੇ ਅਨੇਕਾਂ ਜਨਮਾਂ ਦੇ ਕੀਤੇ ਪਾਪ ਦੂਰ ਹੋ ਗਏ। ਸੰਗਤਿ ਵਿਚ ਟਿਕ ਕੇ ਉਹ ਮਨੁੱਖ ਇਹਨਾਂ ਦੁੱਖਾਂ-ਪਾਪਾਂ ਤੋਂ ਬਚ ਨਿਕਲਿਆ, ਉਸ ਨੇ ਇਕ ਪਰਮਾਤਮਾ ਨਾਲ ਪਿਆਰ ਪਾ ਲਿਆ।੪।੯।