ਖੰਨਾ ਦੇ ਸ਼ਿਵਪੁਰੀ ਮੰਦਰ ‘ਚੋਂ ਚੋਰੀ ਦੀ ਘਟਨਾ ਦੌਰਾਨ ਸ਼ਿਵਲਿੰਗ ਤੋੜਨ ਦੇ ਵਿਰੋਧ ‘ਚ ਹਿੰਦੂ ਸੰਗਠਨਾਂ ਦਾ ਗੁੱਸਾ ਭੜਕ ਗਿਆ। ਗੁੱਸੇ ‘ਚ ਦਿੱਲੀ-ਅੰਮ੍ਰਿਤਸਰ ਨੈਸ਼ਨਲ ਹਾਈਵੇਅ ਜਾਮ ਕੀਤਾ ਗਿਆ। ਪ੍ਰਦਰਸ਼ਨਕਾਰੀਆਂ ਨੇ ਕਿਹਾ ਕਿ ਜਦੋਂ ਤੱਕ ਦੋਸ਼ੀ ਨਹੀਂ ਫੜ੍ਹੇ ਜਾਣਗੇ ਉਦੋਂ ਤੱਕ ਉਹ ਧਰਨਾ ਖ਼ਤਮ ਨਹੀਂ ਕਰਨਗੇ। ਇਸ ਮਾਮਲੇ ਨੂੰ ਲੈ ਕੇ ਸ਼੍ਰੋਮਣੀ ਅਕਾਲੀ ਦਲ ਦੇ ਲੀਡਰ ਬਿਕਰਮ ਸਿੰਘ ਮਜੀਠੀਆ(Bikram Singh Majithia) ਨੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਘੇਰਿਆ ਹੈ।
ਮਜੀਠੀਆ ਨੇ ਸੋਸ਼ਲ ਮੀਡੀਆ ‘ਤੇ ਲਿਖਿਆ, ਸਾਉਣ ਦੇ ਪਵਿੱਤਰ ਮਹੀਨੇ ਵਿਚ ਪ੍ਰਾਚੀਨ ਸ਼ਿਵ ਮੰਦਿਰ, ਖੰਨਾ ਵਿੱਚ ਹੋਈ ਚੋਰੀ ਨਾਲ ਕੀਤੀ ਗਈ ਬੇਅਦਬੀ। ਮੁੱਖ ਮੰਤਰੀ ਕਮ ਗ੍ਰਹਿ ਮੰਤਰੀ ਭਗਵੰਤ ਮਾਨ (Bhagwant Singh Mann) ਨੇ ਘਟਨਾ ਪ੍ਰਤੀ ਅੱਖਾਂ ਮੀਟੀਆਂ। ਰਾਜ ਪੱਧਰੀ ਸਮਾਗਮ ਵਿਚ ਈਸੜੂ ਹੋਣ ਦੇ ਬਾਵਜੂਦ ਭਗਵੰਤ ਮਾਨ ਨੇ ਇਸ ਮਹਾਨ ਅਸਥਾਨ ਦਾ ਦੌਰਾ ਕਰਨ ਦੀ ਲੋੜ ਨਹੀਂ ਸਮਝੀ।
ਮਜੀਠੀਆ ਨੇ ਕਿਹਾ ਕਿ, ਲੋਕਾਂ ਲਈ ਤੇ ਲੋਕਾਂ ਦੇ ਮੁੱਦਿਆਂ ਲਈ ਇਹ ਕਦੇ ਸੰਵੇਦਨਸ਼ੀਲ ਨਹੀਂ ਰਹੇ ਤੇ ਇਨ੍ਹਾਂ ਦਾ ਇਕਨੁਕਾਤੀ ਏਜੰਡਾ ਸਟੇਜ ’ਤੇ ਮਸਖ਼ਰੀਆਂ ਕਰਨੀਆਂ ਤੇ ਲੋਕਾਂ ਨੂੰ ਗੁੰਮਰਾਹ ਕਰਨ ਵਾਲੇ ਬਿਆਨ ਦੇਣੇ। ਇਸ ਪਵਿੱਤਰ ਅਸਥਾਨ ’ਤੇ ਵਾਪਰੀ ਮੰਦਭਾਗੀ ਘਟਨਾ ਦੀ ਮੁੱਖ ਮੰਤਰੀ ਕਮ ਗ੍ਰਹਿ ਮੰਤਰੀ ਨੂੰ ਜਾਂਚ ਅਤੇ ਦੋਸ਼ੀਆਂ ਨੂੰ ਫੜਨ ਦੇ ਹੁਕਮ ਦੇਣੇ ਚਾਹੀਦੇ ਸਨ।
ਮਜੀਠੀਆ ਨੇ ਕਿਹਾ ਕਿ, ਪਰ ਕਾਨੂੰਨ ਵਿਵਸਥਾ ਦੀ ਸਥਿਤੀ ਪਹਿਲਾਂ ਹੀ ਪੂਰੀ ਤਰ੍ਹਾਂ ਢਹਿ ਢੇਰੀ ਹੈ ਤਾਂ ਫਿਰ ਭਗਵੰਤ ਮਾਨ ਤੋਂ ਰਾਜ ਵਿਚ ਕਿਸੇ ਤਰੀਕੇ ਦੇ ਸੁਧਾਰ ਦੀ ਆਸ ਕਿਵੇਂ ਕੀਤੀ ਜਾ ਸਕਦੀ ਹੈ ? ਪਰ ਅਸੀਂ ਕੀ ਕਹੀਏ ਜਿਹੜਾ ਉਂਝ ਨਹੀਂ ਸੀ ਮਾਣ ਉਸ ਲਈ ਤਾਂ 15 ਅਗਸਤ ਦੀ ਅੱਜ ਛੁੱਟੀ ਹੈ…. ਸ਼ਰਮ ਕਰੋ ਭਗਵੰਤ ਮਾਨ