ਦੇਸ਼ ਦੇ 78ਵੇਂ ਆਜ਼ਾਦੀ ਦਿਹਾੜੇ ਮੌਕੇ ਮੁੱਖ ਮੰਤਰੀ ਭਗਵੰਤ ਮਾਨ ਨੇ ਜਲੰਧਰ ਦੇ ਗੁਰੂ ਗੋਬਿੰਗ ਸਿੰਘ ਸਟੇਡੀਅਮ ਵਿਚ ਰੱਖੇ ਗਏ ਸੂਬਾ ਪੱਧਰੀ ਪ੍ਰੋਗਰਾਮ ਵਿਚ ਝੰਡਾ ਲਹਿਰਾਉਣ ਦੀ ਰਸਮ ਅਦਾ ਕੀਤੀ। ਇਸ ਮੌਕੇ ਉਨ੍ਹਾਂ ਨੇ ਵੱਡਾ ਐਲਾਨ ਕਰਦੇ ਹੋਏ ਕਿਹਾ ਕਿ ਜਲੰਧਰ ਦੇ ਸਾਰੇ ਸਕੂਲਾਂ ‘ਚ 16 ਅਗਸਤ ਨੂੰ ਛੁੱਟੀ ਰਹੇਗੀ, ਕਿਉਂਕਿ ਕਈ ਦਿਨਾਂ ਤੋਂ ਸਟੇਡੀਅਮ ਦੇ ਅੰਦਰ ਹੋਣ ਵਾਲੇ ਪ੍ਰੋਗਰਾਮ ਲਈ ਬੱਚੇ ਤਿਆਰੀ ਕਰ ਰਹੇ ਸਨ।
ਉਥੇ ਹੀ ਇਸ ਮੌਕੇ ਮੁੱਖ ਮੰਤਰੀ ਭਗਵੰਤ ਮਾਨ ਨੇ ਐਲਾਨ ਕੀਤਾ ਕਿ ਆਉਣ ਵਾਲੇ ਦਿਨਾਂ ਦੌਰਾਨ ਪੰਜਾਬ ਪੁਲਸ ਵਿਚ 10000 ਨਵੀਂਆਂ ਪੋਸਟਾਂ ਕੱਢੀਆਂ ਜਾ ਰਹੀਆਂ ਹਨ। ਮੁੱਖ ਮੰਤਰੀ ਨੇ ਕਿਹਾ ਕਿ 2001 ਵਿਚ ਪੁਲਸ ਵਿਚ ਮੁਲਾਜ਼ਮਾਂ ਦੀ ਗਿਣਤੀ 80, 000 ਸੀ ਅਤੇ 2024 ਵਿਚ ਵੀ 80, 000 ਹੀ ਰਹੀ। ਇਸ ਸਮੇਂ ਦੌਰਾਨ ਕਿੰਨੀ ਜਨਸੰਖਿਆ ਵਧੀ, ਕਿੰਨਾ ਜ਼ੁਰਮ ਵਧਿਆ ਪਰ ਪੁਲਸ ਦੀ ਨਫ਼ਰੀ ਨਹੀਂ ਵਧੀ, ਅਸੀਂ ਇਸ ਨੂੰ 90000 ‘ਤੇ ਲੈ ਕੇ ਗਏ ਹੁਣ ਸਵਾ ਲੱਖ ਤਕ ਲੈ ਕੇ ਜਾਵਾਂਗੇ।
ਇਸ ਸਬੰਧੀ ਬਕਾਇਦਾ ਮਾਨਸੂਨ ਸੈਸ਼ਨ ਵਿਚ ਵੀ ਮਤਾ ਲਿਆਂਦਾ ਜਾਵੇਗਾ। ਇਸ ਨਾਲ ਪੰਜਾਬ ਦੇ ਮੁੰਡੇ-ਕੁੜੀਆਂ ਨੂੰ ਰੁਜ਼ਗਾਰ ਮਿਲੇਗਾ। ਪੁਲਸ ਵਿਚ ਨਵੀਂ ਭਰਤੀ ਨਾਲ ਨਫਰੀ ਵੀ ਵਧਾਈ ਜਾਵੇਗੀ, ਇਸ ਨਾਲ ਅਪਰਾਧ ਵੀ ਘਟੇਗਾ। ਉਨ੍ਹਾਂ ਕਿਹਾ ਕਿ ਤੁਸੀਂ ਸਿਰਫ ਮਿਹਨਤ ਕਰੋ ਅਤੇ ਟੈਸਟ ਪਾਸ ਕਰਕੇ ਨੌਕਰੀ ਤੁਹਾਨੂੰ ਪੰਜਾਬ ਸਰਕਾਰ ਦੇਵੇਗੀ। ਨਾ ਤਾਂ ਇਸ ਲਈ ਕਿਸੇ ਸਿਫਾਰਸ਼ ਦੀ ਲੋੜ ਹੈ ਅਤੇ ਨਾ ਹੀ ਰਿਸ਼ਵਤ ਦੀ। ਸਿਰਫ ਮਿਹਨਤ ਕਰੋ ਅਤੇ ਅੱਗੇ ਆਓ।