13 ਅਗਸਤ 2024- ਜੇਲ੍ਹ ਦੇ ਅੰਦਰ ਬੰਦ ਭਾਈ ਬਲਵੰਤ ਸਿੰਘ ਰਾਜੋਆਣਾ ਦੇ ਨਾਲ ਜਥੇਦਾਰ ਅਕਾਲ ਤਖਤ ਸਾਹਿਬ ਦੇ ਵਲੋਂ ਮੁਲਾਕਾਤ ਕੀਤੀ ਗਈ। ਇਸ ਮੌਕੇ ਐਸਜੀਪੀਸੀ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਵੀ ਮੌਜੂਦ ਰਹੇ। ਧਾਮੀ ਨੇ ਮੀਡੀਆ ਨਾਲ ਗੱਲਬਾਤ ਦੌਰਾਨ ਕਿਹਾ ਕਿ, ਰਾਜੋਆਣਾ ਨਾਲ ਪਰਿਵਾਰਿਕ ਮੁਲਾਕਾਤ ਸੀ।
ਕੇਂਦਰੀ ਜੇਲ੍ਹ ਪਟਿਆਲਾ ’ਚ ਸਜ਼ਾਯਾਫ਼ਤਾ ਭਾਈ ਬਲਵੰਤ ਸਿੰਘ ਰਾਜੋਆਣਾ ਨਾਲ ਅੱਜ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਰਘਬੀਰ ਸਿੰਘ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਨੇ ਮੁਲਾਕਾਤ ਕੀਤੀ। ਇਸ ਮੌਕੇ ਭਾਈ ਬਲਵੰਤ ਸਿੰਘ ਰਾਜੋਆਣਾ ਨੂੰ ਦਰਬਾਰ ਸਾਹਿਬ ਤੋਂ ਲਿਆਂਦੀ ਗਈ ਕੜਾਹ ਪ੍ਰਸ਼ਾਦਿ ਦੀ ਦੇਗ ਅਤੇ ਸਰੋਵਰ ਦਾ ਜਲ ਭੇਟ ਕੀਤਾ ਗਿਆ।
ਇਸ ਮੁਲਾਕਾਤ ਦਾ ਮਕਸਦ ਭਾਈ ਰਾਜੋਆਣਾ ਨੂੰ ਵਿਸ਼ੇਸ਼ ਸੰਦੇਸ਼ ਦੇਣਾ ਦੱਸਿਆ ਜਾ ਰਿਹਾ ਹੈ। ਇਹ ਵੀ ਚਰਚਾ ਹੈ ਕਿ ਆਉਂਦੇ ਦਿਨਾਂ ਵਿੱਚ ਭਾਈ ਰਾਜੋਆਣਾ ਦੀ ਕੋਈ ਵਿਸ਼ੇਸ਼ ਚਿੱਠੀ ਬਾਹਰ ਆ ਸਕਦੀ ਹੈ, ਜੋ ਖ਼ਾਸ ਕਰ ਕੇ ਸੁਖਬੀਰ ਸਿੰਘ ਬਾਦਲ ਨੂੰ ਸਿਆਸੀ ਤੌਰ ’ਤੇ ਖੜ੍ਹਾ ਕਰਨ ਲਈ ਸਹਾਰਾ ਦੇਣ ਜੋਗੀ ਹੋਵੇ। ਮੁਲਾਕਾਤ ਤੋਂ ਬਾਅਦ ਗਿਆਨੀ ਰਘਬੀਰ ਸਿੰਘ ਨੇ ਕਿਸੇ ਵੀ ਸਵਾਲ ਦਾ ਜਵਾਬ ਨਹੀਂ ਦਿੱਤਾ। ਐਡਵੋਕੇਟ ਧਾਮੀ ਨੇ ਕਿਹਾ, ‘‘ਭਾਈ ਬਲਵੰਤ ਸਿੰਘ ਰਾਜੋਆਣਾ ਨਾਲ ਕੀਤੀ ਗਈ ਮੁਲਾਕਾਤ ਉਨ੍ਹਾਂ ਦੀ ਸਿਹਤਯਾਬੀ ਜਾਣਨ ਲਈ ਕੀਤੀ ਗਈ ਪਰਿਵਾਰਕ ਮਿਲਣੀ ਸੀ, ਇਸ ਨੂੰ ਹੋਰ ਪੱਖ ਤੋਂ ਨਹੀਂ ਲਿਆ ਜਾਣਾ ਚਾਹੀਦਾ।’’ ਮੁਲਾਕਾਤ ਤੋਂ ਪਹਿਲਾਂ ਗਿਆਨੀ ਰਘਬੀਰ ਸਿੰਘ ਅਤੇ ਐਡਵੋਕੇਟ ਧਾਮੀ ਨੇ ਗੁਰਦੁਆਰਾ ਦੂਖ ਨਿਵਾਰਨ ਸਾਹਿਬ ਮੱਥਾ ਟੇਕਿਆ।
ਭਾਈ ਰਾਜੋਆਣਾ ਨਾਲ ਮੁਲਾਕਾਤ ਕਰਨ ਮਗਰੋਂ ਜੇਲ੍ਹ ਤੋਂ ਬਾਹਰ ਆ ਕੇ ਗੱਲਬਾਤ ਕਰਦਿਆਂ ਹਰਜਿੰਦਰ ਸਿੰਘ ਧਾਮੀ ਨੇ ਕਿਹਾ, ‘‘ਰੋਹਤਕ ਜੇਲ੍ਹ ’ਚ ਸੰਗੀਨ ਦੋਸ਼ਾਂ ਤਹਿਤ ਸਜ਼ਾ ਭੁਗਤ ਰਹੇ ਰਾਮ ਰਹੀਮ ਨੂੰ ਵਾਰ-ਵਾਰ ਪੈਰੋਲ ਦੇਣ ਪਿੱਛੇ ਹਰਿਆਣਾ ਸਰਕਾਰ ਦਾ ਸਿਆਸੀ ਏਜੰਡਾ ਦਿਖਾਈ ਦੇ ਰਿਹਾ ਹੈ।’’ ਉਨ੍ਹਾਂ ਕਿਹਾ ਕਿ ਰਾਮ ਰਹੀਮ ਨੂੰ ਦਿੱਤੀ ਜਾ ਰਹੀ ਪੈਰੋਲ ’ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸਮੇਤ ਸਿੱਖ ਸੰਗਤ ਆਪਣਾ ਸਖ਼ਤ ਇਤਰਾਜ਼ ਦਰਜ ਕਰ ਰਹੀ ਹੈ ਪਰ ਹਰਿਆਣਾ ਸਰਕਾਰ ਕਾਨੂੰਨ ’ਚ ਤਰਮੀਮ ਲਿਆ ਕੇ ਰਾਮ ਰਹੀਮ ਨੂੰ ਪੈਰੋਲ ਦੁਆ ਰਹੀ ਹੈ ਅਜਿਹਾ ਕਦਮ ਮੰਦਭਾਗਾ ਵਰਤਾਰਾ ਹੈ। ਉਨ੍ਹਾਂ ਇਹ ਵੀ ਕਿਹਾ ਕਿ ਜੇਲ੍ਹਾਂ ’ਚ ਨਜ਼ਰਬੰਦ ਸਜ਼ਾਵਾਂ ਪੂਰੀਆਂ ਕਰ ਚੁੱਕੇ ਬੰਦੀ ਸਿੰਘਾਂ ਨੂੰ ਲੈ ਕੇ ਸਰਕਾਰਾਂ ਦੋਹਰੇ ਮਾਪਦੰਡ ਅਪਣਾ ਰਹੀਆਂ ਹਨ। ਉਨ੍ਹਾਂ ਕਿਹਾ ਕਿ ਭਾਈ ਬਲਵੰਤ ਸਿੰਘ ਰਾਜੋਆਣਾ ਸਮੇਤ ਪੰਥਕ ਮਸਲਿਆਂ ਨੂੰ ਲੈ ਕੇ ਕਮੇਟੀ ਦਾ ਇਕ ਵਫ਼ਦ ਦੇਸ਼ ਦੇ ਗ੍ਰਹਿ ਮੰਤਰੀ ਅਮਿਤ ਸ਼ਾਹ ਨਾਲ ਮੁਲਾਕਾਤ ਕਰਨਾ ਚਾਹੁੰਦਾ ਹੈ ਪਰ ਵਾਰ-ਵਾਰ ਭੇਜੇ ਜਾ ਰਹੇ ਚਿੱਠੀ ਪੱਤਰਾਂ ਦਾ ਕੋਈ ਜਵਾਬ ਨਾ ਆਉਣਾ ਮੰਦਭਾਗਾ ਹੈ।
Punjabi In World Punjabi In World is a Web News Channel about Punjab and Punjabis residing in the different parts of the world. It covers news about People of Punjab, Politics, Sikh Religion, Village Sports, Punjabi Entertainment and International affairs that interest Punjabi.