ਹੇ ਸੱਜਣੋ! ਪਰਮਾਤਮਾ ਦੀ ਅਸਚਰਜ ਸਿਫ਼ਤਿ-ਸਾਲਾਹ ਸੁਣਿਆ ਕਰੋ, ਜਿਸ ਦੀ ਬਰਕਤਿ ਨਾਲ ਹਰੇਕ ਕਿਸਮ ਦਾ ਸਹਿਮ ਹਰੇਕ ਦੁੱਖ ਦੂਰ ਹੋ ਜਾਂਦਾ ਹੈ, (ਮਾਇਆ ਦੀ) ਭੁੱਖ ਮਿਟ ਜਾਂਦੀ ਹੈ।੧।ਰਹਾਉ।
ਹੇ ਭਾਈ! ਨੀਵੀਂ ਜਾਤਿ ਵਾਲਾ ਮਨੁੱਖ ਭੀ ਪਰਮਾਤਮਾ ਦਾ ਨਾਮ ਜਪਣ ਨਾਲ ਉੱਚਾ ਆਤਮਕ ਦਰਜਾ ਹਾਸਲ ਕਰ ਲੈਂਦਾ ਹੈ (ਜੇ ਯਕੀਨ ਨਹੀਂ ਆਉਂਦਾ, ਤਾਂ ਕਿਸੇ ਪਾਸੋਂ) ਦਾਸੀ ਦੇ ਪੁੱਤਰ ਬਿਦਰ ਦੀ ਗੱਲ ਪੁੱਛ ਵੇਖੋ। ਉਸ ਬਿਦਰ ਦੇ ਘਰ ਵਿਚ ਕ੍ਰਿਸ਼ਨ ਜੀ ਜਾ ਕੇ ਠਹਿਰੇ ਸਨ।੧।
ਹੇ ਭਾਈ! ਭਗਤ) ਰਵਿਦਾਸ (ਜਾਤਿ ਦਾ) ਚਮਾਰ (ਸੀ, ਉਹ ਪਰਮਾਤਮਾ ਦੀ) ਸਿਫ਼ਤਿ-ਸਾਲਾਹ ਕਰਦਾ ਸੀ, ਉਹ ਹਰ ਵੇਲੇ ਪ੍ਰਭੂ ਦੀ ਕੀਰਤੀ ਗਾਂਦਾ ਰਹਿੰਦਾ ਸੀ। ਨੀਵੀਂ ਜਾਤਿ ਦਾ ਰਵਿਦਾਸ ਮਹਾਂ ਪੁਰਖ ਬਣ ਗਿਆ। ਚੌਹਾਂ ਵਰਨਾਂ ਦੇ ਮਨੁੱਖ ਉਸ ਦੇ ਪੈਰੀਂ ਆ ਕੇ ਲੱਗ ਪਏ।੨।
ਹੇ ਭਾਈ! ਭਗਤ) ਨਾਮਦੇਵ ਦੀ ਪਰਮਾਤਮਾ ਨਾਲ ਪ੍ਰੀਤਿ ਬਣ ਗਈ। ਜਗਤ ਉਸ ਨੂੰ ਛੀਂਬਾ ਆਖ ਕੇ ਸੱਦਿਆ ਕਰਦਾ ਸੀ। ਪਰਮਾਤਮਾ ਨੇ ਖਤ੍ਰੀਆਂ ਬ੍ਰਾਹਮਣਾਂ ਨੂੰ ਪਿੱਠ ਦੇ ਦਿੱਤੀ, ਤੇ, ਨਾਮਦੇਵ ਨੂੰ ਮੱਥੇ ਲਾਇਆ ਸੀ।੩।
ਹੇ ਭਾਈ! ਪਰਮਾਤਮਾ ਦੇ ਜਿਤਨੇ ਭੀ ਭਗਤ ਹਨ, ਸੇਵਕ ਹਨ, ਉਹਨਾਂ ਦੇ ਮੱਥੇ ਉਤੇ ਅਠਾਹਠ ਤੀਰਥ ਤਿਲਕ ਲਾਂਦੇ ਹਨ (ਸਾਰੇ ਹੀ ਤੀਰਥ ਭੀ ਉਹਨਾਂ ਦਾ ਆਦਰ-ਮਾਣ ਕਰਦੇ ਹਨ) । ਹੇ ਭਾਈ! ਜੇ ਪ੍ਰਭੂ-ਪਾਤਿਸ਼ਾਹ ਮੇਹਰ ਕਰੇ, ਤਾਂ ਦਾਸ ਨਾਨਕ ਹਰ ਵੇਲੇ ਉਹਨਾਂ (ਭਗਤਾਂ ਸੇਵਕਾਂ) ਦੇ ਚਰਨ ਛੁੰਹਦਾ ਰਹੇ।੪।੧।੮।