ਦੁੱਖ ਭੰਜਨੀ ਸਾਹਿਬ….ਇਹ ਉਹ ਅਸਥਾਨ ਹੈ ਜਿਥੇ ਇਸ਼ਨਾਨ ਕਰਕੇ ਬੀਬੀ ਰਜਨੀ ਦਾ ਪਿੰਗਲਾ ਪਤੀ ਗੁਰੂ ਦੀ ਕ੍ਰਿਪਾ ਨਾਲ ਦੇਹ ਅਰੋਗ ਹੋਇਆ ਸੀ।ਹੋਇਆ ਇਸ ਤਰ੍ਹਾਂ ਕਿ ਪੱਟੀ ਦੇ ਇੱਕ ਹੰਕਾਰੀ ਚੌਧਰੀ ਦੁਨੀ ਚੰਦ ਨੇ ਆਪਣੀਆਂ ਪੁੱਤਰੀਆਂ ਤੋਂ ਪੁੱਛਿਆ ਕਿ ਉਹਨਾਂ ਦੀ ਪਾਲਣਾ ਕੌਣ ਕਰਦਾ ਹੈ ਤਾਂ ਹੋਰ ਸਭਨਾ ਨੇ ਦੁਨੀ ਚੰਦ ਦੀ ਇੱਛਾ ਅਨੁਸਾਰ ਕਹਿ ਦਿੱਤਾ ਕੇ ਉਹ ਉਸਦਾ ਦਿੱਤਾ ਖਾਂਦੀਆਂ ਹਨ,
ਪਰ ਬੀਬੀ ਰਜਨੀ ਜੋ ਬਚਪਨ ਵਿੱਚ ਲਾਹੌਰ ਵਿਖੇ ਗੁਰੂ ਜੀ ਦੇ ਸ਼ਰਧਾਲੂ ਪਰਿਵਾਰ ਆਪਣੇ ਨਾਨਕੇ ਘਰ ਵਿੱਚ ਪਲਣ ਕਾਰਨ ਗੁਰਮਤਿ ਦੇ ਰਹੱਸ ਨੂੰ ਸਮਝਦੀ ਸੀ , ਉਸ ਨੇ ਸ਼ਪੱਸ਼ਟ ਕਹਿ ਦਿੱਤਾ ਕਿ ਸਭ ਦਾ ਪਾਲਣਹਾਰ ਕੇਵਲ ਪਰਮਾਤਮਾ ਹੈ ਅਤੇ ਸਭ ਉਸ ਵਾਹਿਗੁਰੂ ਦਾ ਦਿੱਤਾ ਖਾਂਦੇ ਹਨ।ਐਸਾ ਜਵਾਬ ਸੁਣ ਕੇ ਕ੍ਰੋਧ ਵਿੱਚ ਆਏ ਹੰਕਾਰੀ ਪਿਤਾ ਨੇ ਬੀਬੀ ਰਜਨੀ ਦਾ ਵਿਆਹ ਇੱਕ ਪਿੰਗਲੇ ਨਾਲ ਕਰ ਦਿੱਤਾ। ਬੀਬੀ ਭਾਣਾ ਮੰਨਦਿਆਂ ਆਪਣੇ ਪਿੰਗਲੇ ਪਤੀ ਨੂੰ ਟੋਕਰੇ ਵਿੱਚ ਰੱਖ ਸਿਰ ਉੱਪਰ ਚੁੱਕ ਕੇ ਪਿੰਡੋ ਪਿੰਡੀ ਹੁੰਦਿਆਂ ਇਸ ਅਸਥਾਨ ਤੇ ਪਹੁੰਚੀ।
ਟੋਕਰਾ ਇਸ ਬੇਰੀ ਦੀ ਛਾਂ ਹੇਠ ਰੱਖ ਕੇ ਬੀਬੀ ਪ੍ਰਸ਼ਾਦੇ ਆਦਿ ਲੈਣ ਲਈ ਤੁੰਗ ਪਿੰਡ ਜਦ ਗਈ ਤਾਂ ਪਿੱਛੋਂ ਪਿੰਗਲੇ ਪਤੀ ਨੂੰ ਅਦਭੁੱਤ ਨਜ਼ਾਰਾ ਡਿੱਠਾ। ਉਸਨੇ ਦੇਖਿਆ ਕਿ ਕਾਲੇ ਕਾਂ ਸਰੋਵਰ ਵਿੱਚ ਟੁੱਭੀ ਲਾ ਕੇ ਹੰਸ ਬਣ ਕੇ ਉੱਡਦੇ ਜਾ ਰਹੇ ਹਨ। ਇਹ ਤੱਕ ਸਾਹਸ ਕਰਦੇ ਉਸਨੇ ਵੀ ਬੇਰੀ ਦੀਆਂ ਜੜਾਂ ਦੇ ਆਸਰੇ ਨਾਲ ਸਰੋਵਰ ਵਿੱਚ ਟੁੱਭੀ ਲਾਈ। ਗੁਰੂ ਦੀ ਕ੍ਰਿਪਾ ਨਾਲ ਉਸਦੀ ਦੇਹ ਅਰੋਗ ਹੋ ਗਈ। ਬੀਬੀ ਨੇ ਵਾਪਿਸ ਆ ਕੇ ਜਦ ਆਪਣੇ ਪਿੰਗਲੇ ਪਤੀ ਦੀ ਥਾਂ ਖੂਬਸੂਰਤ ਨੌਜਵਾਨ ਨੂੰ ਦੇਖਿਆ ਤਾਂ ਉਸ ਨੂੰ ਸ਼ੰਕਾ ਹੋਇਆ ਕਿ ਸ਼ਾਇਦ ਇਸ ਨੌਜਵਾਨ ਨੇ ਉਸ ਦੇ ਪਿੰਗਲੇ ਪਤੀ ਨੂੰ ਮਾਰ ਦਿੱਤਾ ਹੈ।
ਜਦ ਇਹ ਮਸਲਾ ਸੰਤੋਖਸਰ ਦੀ ਸੇਵਾ ਕਰਵਾ ਰਹੇ ਸ਼੍ਰੀ ਗੁਰੂ ਰਾਮਦਾਸ ਜੀ ਪਾਸ ਪੁੱਜਾ ਤਾਂ ਉਹਨਾਂ ਬੀਬੀ ਦਾ ਸ਼ੰਕਾ ਦੂਰ ਕਰਦਿਆਂ ਕਿਹਾ ਕਿ ਬੀਬੀ , ਤੇਰੀ ਸੇਵਾ , ਸ਼ਰਧਾ , ਦ੍ਰਿੜਤਾ ਅਤੇ ਇਸ ਅਸਥਾਨ ਦੀ ਸ਼ਕਤੀ ਸਦਕਾ ਤੇਰਾ ਪਿੰਗਲਾ ਪਤੀ ਅਰੋਗ ਹੋ ਗਿਆ ਹੈ। ਗੁਰੂ ਜੀ ਨੇ ਆਪ ਇਸ ਅਸਥਾਨ ਦਾ ਨਾਮ , ਦੁੱਖ ਭੰਜਨੀ ਸਾਹਿਬ ਰੱਖਿਆ।