ਭਾਜਪਾ ਦੀ ਟਿਕਟ ‘ਤੇ ਮੰਡੀ ਲੋਕ ਸਭਾ ਹਲਕੇ ਤੋਂ ਜਿੱਤ ਹਾਸਲ ਕਰਨ ਵਾਲੀ ਬਾਲੀਵੁੱਡ ਅਦਾਕਾਰਾ ਕੰਗਨਾ ਰਣੌਤ ਨੂੰ ਚੰਡੀਗੜ੍ਹ ਏਅਰਪੋਰਟ ‘ਤੇ ਸੀ.ਆਈ.ਐੱਸ.ਐੱਫ. ਦੀ ਸੁਰੱਖਿਆ ਮੁਲਾਜ਼ਮ ਕੁਲਵਿੰਦਰ ਕੌਰ ਨੇ ਉਸ ਦੇ ਥੱਪੜ ਮਾਰ ਦਿੱਤਾ, ਜਿਸ ਨੂੰ ਲੈ ਕੇ ਵਿਭਾਗ ਨੇ ਸਖ਼ਤ ਕਾਰਵਾਈ ਕਰਦਿਆਂ ਉਸ ਨੂੰ ਸਸਪੈਂਡ ਕਰ ਦਿੱਤਾ ਹੈ। ਇਸ ਤੋਂ ਬਾਅਦ ਚੰਡੀਗੜ੍ਹ ਪੁਲਸ ਨੇ ਉਸ ਨੂੰ ਗ੍ਰਿਫ਼ਤਾਰ ਕਰ ਲਿਆ ਹੈ।
ਇਸ ਤੋਂ ਬਾਅਦ ਮਾਮਲੇ ਦੀ ਵੀਡੀਓ ਵਾਇਰਲ ਹੋਈ ਤਾਂ ਕੁਲਵਿੰਦਰ ਕੌਰ ਨੇ ਦੱਸਿਆ ਕਿ ਕਿਸਾਨ ਅੰਦੋਲਨ ਬਾਰੇ ਬੋਲਦਿਆਂ ਕੰਗਨਾ ਨੇ ਇਕ ਬਿਆਨ ਦਿੱਤਾ ਸੀ, ਕਿ ਇਸ ਧਰਨੇ ‘ਚ ਔਰਤਾਂ ਨੂੰ 100-100 ਰੁਪਏ ਦੇ ਕੇ ਸ਼ਾਮਲ ਕੀਤਾ ਗਿਆ ਹੈ, ਜਿਸ ਕਾਰਨ ਉਸ ਨੇ ਇਹ ਕਦਮ ਚੁੱਕਿਆ ਹੈ।
ਇਸ ਮਾਮਲੇ ਬਾਰੇ ਬੋਲਦਿਆਂ ਕਿਸਾਨ ਆਗੂ ਸਰਵਣ ਸਿੰਘ ਪੰਧੇਰ ਨੇ ਕੰਗਨਾ ਰਣੌਤ ਵਲੋਂ ਦਿੱਤੇ ਬਿਆਨ ਦੀ ਨਿਖੇਧੀ ਕਰਦਿਆਂ ਕਿਹਾ ਕਿ ਕੰਗਨਾ ਪੰਜਾਬੀ ਭਾਈਚਾਰੇ ਅਤੇ ਕਿਸਾਨਾਂ ਨੂੰ ਠੇਸ ਪਹੁੰਚਾਉਣ ਲਈ ਗਲਤ ਬਿਆਨਬਾਜੀ ਕਰਦੀ ਆਈ ਹੈ, ਜਿਸ ਦੇ ਸਿੱਟੇ ਵਜੋਂ ਇਹ ਘਟਨਾ ਘਟੀ ਹੈ। ਉਨ੍ਹਾਂ ਕਿਹਾ ਕਿ ਇਹ ਘਟਨਾ ਇਤਫਾਕਨ ਵਾਪਰੀ ਹੈ।
ਸ਼ੰਭੂ ਬਾਰਡਰ ਤੋਂ ਵੀਡਿਓ ਸੰਦੇਸ਼ ਜਾਰੀ ਕਰਕੇ ਸਰਵਣ ਸਿਘ ਪੰਧੇਰ ਨੇ ਕਿਹਾ ਕਿ ਕੰਗਨਾਂ ਰਣੌਤ ਨੇ ਵੱਡੀ ਉਮਰ ਦੀਆਂ ਮਾਵਾਂ-ਭੈਣਾਂ ਲਈ ਗਲਤ ਬੋਲਿਆ ਸੀ ਜੋ ਕਿ ਕੁਲਵਿੰਦਰ ਕੌਰ ਨੂੰ ਸਹੀ ਨਹੀਂ ਲੱਗਿਆ ਹੋਵੇਗਾ। ਉਸ ਭਾਵਨਾ ਵਿਚ ਆ ਕੇ ਉਨ੍ਹਾਂ ਨੇ ਅਜਿਹਾ ਕੀਤਾ ਹੋਵੇਗਾ। ਉਨ੍ਹਾਂ ਕਿਹਾ ਕਿ ਇਹ ਜਾਂਚ ਦਾ ਵਿਸ਼ਾ ਹੈ ਅਤੇ ਮਾਮਲੇ ਦੀ ਜਾਂਚ ਹੋਣੀ ਚਾਹੀਦੀ ਹੈ।
ਉਨ੍ਹਾਂ ਕਿਹਾ ਕਿ ਜੋ ਕੰਗਨਾ ਰਣੌਤ ਨੇ ਬਿਆਨ ਦਿੱਤਾ ਹੈ, ਉਹ ਸਹੀ ਨਹੀਂ ਹੈ, ਅਸੀਂ ਇਸ ਦੀ ਨਿੰਦਾ ਕਰਦੇ ਹਾਂ। ਉਨ੍ਹਾਂ ਕਿਹਾ ਬੀਬੀ ਕੁਲਵਿੰਦਰ ਕੌਰ ਨੂੰ ਗ੍ਰਿਫ਼ਤਾਰ ਕਰਨ ਦੇ ਫੈਸਲੇ ਨੂੰ ਵੀ ਅਸੀਂ ਸਹੀ ਨਹੀਂ ਮੰਨਦੇ ਤੇ ਇਸ ਦੀ ਵੀ ਅਸੀਂ ਨਿਖੇਧੀ ਕਰਦੇ ਹਾਂ।