ਲੋਕ ਸਭਾ ਚੋਣਾਂ ਦੇ ਨਤੀਜੇ ਕੱਲ੍ਹ ਯਾਨੀ 4 ਜੂਨ ਨੂੰ ਆ ਰਹੇ ਹਨ। ਹੁਣ ਸਾਰਿਆਂ ਦੀਆਂ ਨਜ਼ਰਾਂ ਨਤੀਜਿਆਂ ਦੇ ਐਲਾਨ ‘ਤੇ ਟਿਕੀਆਂ ਹੋਈਆਂ ਹਨ। ਇਸ ਵਾਰ ਪੰਜਾਬ ਅੰਦਰ ਵੱਡੇ ਫੇਰਬਦਲ ਵੇਖਣ ਨੂੰ ਮਿਲਣਗੇ। ਇਹ ਚੋਣਾਂ ਪੰਜਾਬ ਅੰਦਰ ਸ਼੍ਰੋਮਣੀ ਅਕਾਲੀ ਦਲ ਤੇ ਬੀਜੇਪੀ ਦਾ ਸਿਆਸੀ ਭਵਿੱਖ ਵੀ ਤੈਅ ਕਰਨਗੀਆਂ। ਇਸ ਤੋਂ ਇਲਾਵਾ ਕਈ ਸਾਲਾਂ ਬਾਅਦ ਪੰਜਾਬ ਦੇ ਤਿੰਨ ਲੋਕ ਸਭਾ ਹਲਕਿਆਂ ਵਿੱਚ ਖਾਲਿਸਤਾਨੀ ਵਿਚਾਰਧਾਰਾ ਨਾਲ ਜੁੜੇ ਉਮੀਦਵਾਰ ਵੀ ਫਸਵੀਂ ਟੱਕਰ ਦੇ ਰਹੇ ਹਨ।
ਦੱਸ ਦਈਏ ਕਿ ਇਸ ਵਾਰ ਖਾਲਿਸਤਾਨ ਸਮਰਥਕ ਉਮੀਦਵਾਰ ਪੰਜਾਬ ਦੀਆਂ 3 ਸੀਟਾਂ ‘ਤੇ ਸਿਆਸੀ ਸਮੀਕਰਨ ਬਦਲ ਸਕਦੇ ਹਨ। ਇਨ੍ਹਾਂ ਵਿੱਚ ਸਭ ਤੋਂ ਪਹਿਲਾਂ ਨਾਮ ਸਿਮਰਨਜੀਤ ਸਿੰਘ ਮਾਨ ਦਾ ਹੈ, ਜੋ ਸੰਗਰੂਰ ਤੋਂ ਮੌਜੂਦਾ ਸੰਸਦ ਮੈਂਬਰ ਹਨ। ਦੂਜਾ ਉਮੀਦਵਾਰ ਦੇਸ਼ ਦੀ ਸਾਬਕਾ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦੇ ਕਤਲ ਕੇਸ ਦੇ ਦੋਸ਼ੀ ਬੇਅੰਤ ਸਿੰਘ ਦੇ ਬੇਟੇ ਸਰਬਜੀਤ ਸਿੰਘ ਖਾਲਸਾ ਹਨ। ਉਹ ਫ਼ਰੀਦਕੋਟ ਤੋਂ ਚੋਣ ਲੜ ਰਹੇ ਹਨ ਤੇ ਡਟਵੀਂ ਟੱਕਰ ਦੇ ਰਹੇ ਹਨ।
ਇਸੇ ਤਰ੍ਹਾਂ ਤੀਜੀ ਸੀਟ ਖਡੂਰ ਸਾਹਿਬ ਹੈ, ਜਿੱਥੋਂ ‘ਵਾਰਿਸ ਪੰਜਾਬ ਦੇ’ ਜਥੇਬੰਦੀ ਦੇ ਮੁਖੀ ਅੰਮ੍ਰਿਤਪਾਲ ਸਿੰਘ ਚੋਣ ਮੈਦਾਨ ਵਿੱਚ ਹਨ। ਤਿੰਨ ਵਿੱਚੋਂ ਦੋ ਸੀਟਾਂ ‘ਤੇ ਅੰਮ੍ਰਿਤਪਾਲ ਸਿੰਘ ਤੇ ਸਰਬਜੀਤ ਸਿੰਘ ਵਿਚਾਲੇ ਸਖਤ ਟੱਕਰ ਹੈ। ਇਸ ਤੋਂ ਇਲਾਵਾ ਸੰਗਰੂਰ ਵਿੱਚ ਸਿਮਰਨਜੀਤ ਸਿੰਘ ਮਾਨ ਵੀ ਜਿੱਤ-ਹਾਰ ਵਿੱਚ ਨਿਰਣਾਇਕ ਭੂਮਿਕਾ ਨਿਭਾਅ ਸਕਦੇ ਹਨ।
ਖਡੂਰ ਸਾਹਿਬ ਹਲਕਾ ਚਰਚਾ ‘ਚ
ਖਡੂਰ ਸਾਹਿਬ ਪੰਜਾਬ ਦੀਆਂ ਕਈ ਵੀਵੀਆਈਪੀ ਸੀਟਾਂ ਨੂੰ ਪਛਾੜਦਿਆਂ ਸੂਬੇ ਦੀ ਸਭ ਤੋਂ ਚਰਚਿਤ ਸੀਟ ਬਣ ਗਿਆ ਹੈ ਕਿਉਂਕਿ ਵਾਰਿਸ ਪੰਜਾਬ ਦੇ ਮੁਖੀ ਅੰਮ੍ਰਿਤਪਾਲ ਸਿੰਘ ਇੱਥੋਂ ਚੋਣ ਲੜ ਰਹੇ ਹਨ। ਇੱਥੋਂ ਆਮ ਆਦਮੀ ਪਾਰਟੀ ਦੇ ਮੰਤਰੀ ਲਾਲਜੀਤ ਸਿੰਘ ਭੁੱਲਰ ਚੋਣ ਮੈਦਾਨ ਵਿੱਚ ਹਨ ਪਰ ਇਸ ਵਾਰ ਇੱਥੇ ਵੋਟਿੰਗ ਵਿੱਚ 3 ਫੀਸਦੀ ਦੀ ਗਿਰਾਵਟ ਦਰਜ ਕੀਤੀ ਗਈ। ਕੁੱਲ 61.60% ਵੋਟਿੰਗ ਹੋਈ, ਜੋ ਮੌਜੂਦਾ ਸਰਕਾਰ ਲਈ ਚੰਗੀ ਗੱਲ ਨਹੀਂ ਮੰਨੀ ਜਾ ਰਹੀ ਹੈ।
ਜਦੋਂਕਿ ਕਾਂਗਰਸ ਦੇ ਉਮੀਦਵਾਰ ਕੁਲਬੀਰ ਸਿੰਘ ਜ਼ੀਰਾ ਤੇ ਭਾਜਪਾ ਦੇ ਮਨਜੀਤ ਸਿੰਘ ਮੀਆਂਵਿੰਡ ਚੋਣ ਮੈਦਾਨ ਵਿੱਚ ਹਨ। ਸਿਆਸੀ ਮਾਹਿਰਾਂ ਮੁਤਾਬਕ ਇੱਥੇ ਅੰਮ੍ਰਿਤਪਾਲ ਸਿੰਘ ਦੀ ਲਾਲਜੀਤ ਸਿੰਘ ਭੁੱਲਰ ਤੇ ਕੁਲਬੀਰ ਸਿੰਘ ਜ਼ੀਰਾ ਨਾਲ ਫਸਵੀਂ ਟੱਕਰ ਹੈ। ਬੀਜੇਪੀ ਉਮੀਦਵਾਰ ਦੌੜ ਤੋਂ ਬਾਹਰ ਹੈ।