ਲੋਕ ਸਭਾ ਹਲਕਾ ਖਡੂਰ ਸਾਹਿਬ ਤੋਂ ਆਜ਼ਾਦ ਉਮੀਦਵਾਰ ਵਜੋਂ ਚੋਣ ਲੜ ਰਹੇ ਅੰਮ੍ਰਿਤਪਾਲ ਸਿੰਘ ਦੇ ਪੋਲਿੰਗ ਏਜੰਟ ਵਜੋਂ ਕੰਮ ਕਰਨ ਦੇ ਦੋਸ਼ ਹੇਠ ਪੁਲਿਸ ਨੇ ਮਾਨਾਂਵਾਲਾ ਸਥਿਤ ਕਮਿਊਨਿਟੀ ਹੈਲਥ ਸੈਂਟਰ ਦੇ ਮਲਟੀਪਰਪਜ਼ ਹੈਲਥ ਵਰਕਰ ਬਲਬੀਰ ਸਿੰਘ ਖ਼ਿਲਾਫ਼ ਕੇਸ ਦਰਜ ਕੀਤਾ ਹੈ।
ਅੰਮ੍ਰਿਤਪਾਲ ਇਸ ਸਮੇਂ ਕੌਮੀ ਸੁਰੱਖਿਆ ਕਾਨੂੰਨ ਦੇ ਦੋਸ਼ ਤਹਿਤ ਆਸਾਮ ਦੀ ਡਿਬਰੂਗੜ੍ਹ ਜੇਲ੍ਹ ਵਿੱਚ ਬੰਦ ਹੈ। ਇਸ ਸਬੰਧ ਵਿੱਚ ਇੱਕ ਸਹਾਇਕ ਰਿਟਰਨਿੰਗ ਅਫ਼ਸਰ-ਕਮ ਸਹਾਇਕ ਕਮਿਸ਼ਨਰ ਵੱਲੋਂ ਸ਼ਿਕਾਇਤ ਦਰਜ ਕਰਵਾਈ ਗਈ ਹੈ ਜਿਸ ਦੇ ਆਧਾਰ ’ਤੇ ਉਸ ਖਿਲਾਫ਼ ਲੋਕ ਪ੍ਰਤੀਨਿਧਤਾ ਐਕਟ ਦੀ ਧਾਰਾ 134-ਏ ਤਹਿਤ ਥਾਣਾ ਜੰਡਿਆਲਾ ਗੁਰੂ ਵਿੱਚ ਕੇਸ ਦਰਜ ਕੀਤਾ ਗਿਆ ਹੈ।
ਪੁਲਿਸ ਅਨੁਸਾਰ ਮੁਲਜ਼ਮ ਜੰਡਿਆਲਾ ਗੁਰੂ ਵਿੱਚ ਆਪਣੇ ਜੱਦੀ ਪਿੰਡ ਝੰਡ ਦੇ ਬੂਥ ਨੰਬਰ 144 ਵਿੱਚ ਪੋਲਿੰਗ ਏਜੰਟ ਵਜੋਂ ਕੰਮ ਕਰ ਰਿਹਾ ਸੀ। ਮੁਲਜ਼ਮ ਦੀ ਗ੍ਰਿਫ਼ਤਾਰੀ ਹੋਣੀ ਬਾਕੀ ਹੈ।
ਜ਼ਿਕਰ ਕਰ ਦਈਏ ਕਿ ਪੰਜਾਬ ਦੀਆਂ ਸਾਰੀਆਂ 13 ਲੋਕ ਸਭਾ ਸੀਟਾਂ ‘ਤੇ ਕੁੱਲ 328 ਉਮੀਦਵਾਰਾਂ ਦੀ ਕਿਸਮਤ ਈਵੀਐਮ ਵਿੱਚ ਸੀਲ ਹੋ ਗਈ ਹੈ। ਕਾਂਗਰਸ ਅਤੇ ‘ਆਪ’ ਨੇ ਆਪਸੀ ਸਹਿਮਤੀ ਨਾਲ ਸੂਬੇ ‘ਚ ਵੱਖ-ਵੱਖ ਚੋਣਾਂ ਲੜੀਆਂ ਹਨ। ਇਸ ਦੇ ਨਾਲ ਹੀ ਭਾਜਪਾ ਅਤੇ ਅਕਾਲੀ ਦਲ ਵੀ ਮੈਦਾਨ ਵਿੱਚ ਇਕੱਲੇ ਰਹਿ ਗਏ। 4 ਜੂਨ ਨੂੰ ਨਤੀਜੇ ਐਲਾਨੇ ਜਾਣੇ ਹਨ ਅਤੇ ਇਸ ਦਿਨ ਹੀ ਇਹ ਪੂਰੀ ਤਰ੍ਹਾਂ ਸਪੱਸ਼ਟ ਹੋ ਜਾਵੇਗਾ ਕਿ ਪੰਜਾਬ ਵਿੱਚ ਕਿਹੜੀ ਪਾਰਟੀ ਨੂੰ ਕਿੰਨੀਆਂ ਸੀਟਾਂ ਮਿਲਦੀਆਂ ਹਨ।
ਪੰਜਾਬ ਦੀਆਂ ਸਾਰੀਆਂ 13 ਲੋਕ ਸਭਾ ਸੀਟਾਂ ‘ਤੇ 1 ਜੂਨ ਨੂੰ ਵੋਟਿੰਗ ਦੇ ਆਖਰੀ ਪੜਾਅ ਦੀ ਸਮਾਪਤੀ ਤੋਂ ਬਾਅਦ, ਐਗਜ਼ਿਟ ਪੋਲ ਦੇ ਨਤੀਜੇ ਜਾਰੀ ਕਰ ਦਿੱਤੇ ਗਏ ਹਨ। ਏਬੀਪੀ ਸੀ-ਵੋਟਰ ਦੇ ਐਗਜ਼ਿਟ ਪੋਲ ਦੇ ਨਤੀਜਿਆਂ ਮੁਤਾਬਕ ਆਮ ਆਦਮੀ ਪਾਰਟੀ ਨੂੰ ਪੰਜਾਬ ਵਿੱਚ 10.5 ਫੀਸਦੀ ਵੋਟਾਂ ਮਿਲਣ ਦੀ ਉਮੀਦ ਹੈ। ਐਗਜ਼ਿਟ ਪੋਲ ਦੇ ਨਤੀਜਿਆਂ ਮੁਤਾਬਕ ਕਾਂਗਰਸ ਨੂੰ ਇੱਥੇ 32.7 ਫੀਸਦੀ ਵੋਟ ਸ਼ੇਅਰ ਮਿਲਣ ਦਾ ਅਨੁਮਾਨ ਹੈ। ਜਦਕਿ ਭਾਜਪਾ ਨੂੰ 21.3 ਫੀਸਦੀ ਵੋਟਾਂ ਮਿਲਣ ਦੀ ਉਮੀਦ ਹੈ।
ਕਾਂਗਰਸ ਨੂੰ 6 ਤੋਂ 8 ਸੀਟਾਂ ਮਿਲ ਸਕਦੀਆਂ ਹਨ। ਆਮ ਆਦਮੀ ਪਾਰਟੀ ਨੂੰ 3 ਤੋਂ 5 ਸੀਟਾਂ ਮਿਲ ਸਕਦੀਆਂ ਹਨ ਇਸ ਤੋਂ ਇਲਾਵਾ ਭਾਜਪਾ ਸੂਬੇ ‘ਚ 1 ਤੋਂ 3 ਸੀਟਾਂ ਜਿੱਤ ਸਕਦੀ ਹੈ। ਸੂਬੇ ਵਿੱਚ ‘ਆਪ’, ਕਾਂਗਰਸ, ਭਾਜਪਾ ਤੇ ਅਕਾਲੀਆਂ ਤੋਂ ਇਲਾਵਾ ਬਸਪਾ ਵੀ ਚੋਣ ਮੈਦਾਨ ਵਿੱਚ ਹੈ।