Home / ਪੰਜਾਬੀ ਖਬਰਾਂ / ਚੌਕਾ’ ਲਾਉਣ ਦੀ ਤਿਆਰੀ ‘ਚ ਹਰਸਿਮਰਤ ਕੌਰ ਬਾਦਲ

ਚੌਕਾ’ ਲਾਉਣ ਦੀ ਤਿਆਰੀ ‘ਚ ਹਰਸਿਮਰਤ ਕੌਰ ਬਾਦਲ

ਸ਼੍ਰੋਮਣੀ ਅਕਾਲੀ ਦਲ (SAD) ਵੱਲੋਂ ਬੀਤੇ ਦਿਨ ਬਠਿੰਡਾ ਲੋਕ ਸਭਾ ਸੀਟ ਤੋਂ ਮੌਜੂਦਾ ਮੈਂਬਰ ਪਾਰਲੀਮੈਂਟ ਹਰਸਿਮਰਤ ਕੌਰ ਬਾਦਲ ਨੂੰ ਹੀ ਚੋਣ ਮੈਦਾਨ ‘ਚ ਉਤਾਰ ਦਿੱਤਾ ਗਿਆ ਹੈ, ਜਿਸ ਕਾਰਨ ਮੁਕਾਬਲਾ ਹੁਣ ਚੁਕੰਨਾ ਹੋ ਗਿਆ ਹੈ। ਅਕਾਲੀ ਦਲ ਦਾ ਗੜ੍ਹ ਰਹੀ ਬਠਿੰਡਾ ਲੋਕ ਸਭਾ ਸੀਟ ਤੋਂ ਬੀਬਾ ਹਰਸਿਮਰਤ ਕੌਰ ਬਾਦਲ (Harsimrat Kaur Badal) ਇਸ ਵਾਰ ਚੌਥੀ ਵਾਰ ਜਿੱਤ ਦਰਜ ਕਰਕੇ ਸਿਆਸੀ ਪਿੱਚ ‘ਤੇ ਚੌਕਾ ਮਾਰਨ ਦੀ ਕੋਸ਼ਿਸ਼ ਕਰਨਗੇ, ਜਦਕਿ ਵਿਰੋਧੀ ਆਮ ਆਦਮੀ ਪਾਰਟੀ, ਕਾਂਗਰਸ ਅਤੇ ਭਾਜਪਾ ਨੇ ਵੀ ਫ਼ੀਲਡਿੰਗ ਨੂੰ ਮੁਸਤੈਦੀ ਨਾਲ ਲਗਾਇਆ ਹੋਇਆ ਹੈ, ਜਿਸ ਕਾਰਨ ਹਰਸਿਮਰਤ ਬਾਦਲ ਨੂੰ ਪੂਰੀ ਟੱਕਰ ਮਿਲਣ ਦੀ ਸੰਭਾਵਨਾ ਹੈ।

ਪਿਛਲੇ ਕੁੱਝ ਸਮੇਂ ਤੋਂ ਵੇਖਿਆ ਜਾਵੇ ਤਾਂ Bathinda Lok Sabha, ਪੰਜਾਬ ਅਤੇ ਮਾਲਵਾ ਖੇਤਰ ਦੀ ਸਿਆਸਤ ਦਾ ਮੁੱਖ ਧੁਰਾ ਬਣ ਕੇ ਉਭਰਿਆ ਹੈ, ਜੋ ਦਿੱਲੀ ਤੋਂ 300 ਕਿਲੋਮੀਟਰ ਦੂਰ ਉਤਰ-ਪੱਛਮ ‘ਚ ਸਥਿਤ ਹੈ। ਇਤਿਹਾਸਕ ਕਿਲਾ ਮੁਬਾਰਕ ਅਤੇ ਝੀਲਾਂ ਦੇ ਸ਼ਹਿਰ ਵੱਜੋਂ ਜਾਣਿਆ ਜਾਂਦਾ ਇਹ ਸ਼ਹਿਰ ਅਨਾਜ ਮੰਡੀਆਂ ਵਿੱਚ ਵੀ ਭਾਰਤ ਭਰ ‘ਚ ਮਸ਼ਹੂਰ ਹੈ ਅਤੇ ਲਗਾਤਾਰ ਸਾਲ 2009 ਤੋਂ ਇਸ ਸੀਟ ‘ਤੇ ਸ਼੍ਰੋਮਣੀ ਅਕਾਲੀ ਦਲ ਜਿੱਤ ਦਰਜ ਕਰਦਾ ਆ ਰਿਹਾ ਹੈ, ਜਿਸ ਕਾਰਨ ਅਕਾਲੀ ਦਲ ਲਈ 2024 ਲੋਕ ਸਭਾ ‘ਚ ਇਥੇ ਜਿੱਤ ਦਰਜ ਕਰਨਾ ਵੱਕਾਰ ਦਾ ਸਵਾਲ ਬਣ ਗਿਆ ਹੈ।

ਹਰਸਿਮਰਤ ਬਾਦਲ ਨੂੰ ਟੱਕਰ ਦੇਣ ਲਈ ਮੈਦਾਨ ‘ਚ ਹਨ ਇਹ ਉਮੀਦਵਾਰ

ਜੇਕਰ ਗੱਲਬਾਤ ਕੀਤੀ ਜਾਵੇ ਇਸ ਸੀਟ ਤੋਂ ਵਿਰੋਧੀ ਉਮੀਦਵਾਰਾਂ ਦੀ ਤਾਂ ਪੰਜਾਬ ਦੀ ਮੌਜੂਦਾ ਸੱਤਾਧਾਰੀ ਆਮ ਆਦਮੀ ਪਾਰਟੀ (AAP) ਨੇ ਆਪਣੇ ਕੈਬਨਿਟ ਮੰਤਰੀ ਗੁਰਮੀਤ ਸਿੰਘ ਖੁੱਡੀਆਂ (Gurmeet Singh Khudian) ਨੂੰ ਚੋਣ ਮੈਦਾਨ ‘ਚ ਉਤਾਰਿਆ ਹੈ। ਇਸ ਦਾ ਕਾਰਨ ਕਿਉਂਕਿ ਉਨ੍ਹਾਂ ਨੇ 2022 ‘ਚ ਹੋਈਆਂ ਪੰਜਾਬ ਵਿਧਾਨ ਸਭਾ ਚੋਣਾਂ ਵਿੱਚ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੂੰ ਹਰਾਇਆ ਸੀ, ਜੋ ਕਿ ਕਿਸੇ ਵੀ ਉਮੀਦਵਾਰ ਲਈ ਸੁਪਨੇ ਵਰਗਾ ਹੋ ਸਕਦਾ ਹੈ।

ਦੂਜੇ ਪਾਸੇ ਕਾਂਗਰਸ (Congress) ਨੇ ਸਾਬਕਾ ਵਿਧਾਇਕ ਜੀਤ ਮਹਿੰਦਰ ਸਿੰਘ ਸਿੱਧੂ (Jeet Mohinder Singh Sidhu) ਨੂੰ ਟਿਕਟ ਦਿੱਤੀ ਹੈ, ਜਿਨ੍ਹਾਂ ਦਾ ਵੀ ਪਿਛੋਕੜ ਅਕਾਲੀ ਦਲ ਦਾ ਹੈ। ਸਿੱਧੂ ਅਕਾਲੀ ਦਲ ਵੱਲੋਂ 4 ਵਾਰ ਤਲਵੰਡੀ ਸਾਬੋ ਤੋਂ ਵਿਧਾਇਕ ਰਹੇ ਹਨ। ਪਿਛਲੇ ਸਾਲ 2023 ‘ਚ ਉਹ ਸ਼੍ਰੋਮਣੀ ਅਕਾਲੀ ਦਲ ਨੂੰ ਛੱਡ ਕੇ ਕਾਂਗਰਸ ਪਾਰਟੀ ਵਿੱਚ ਸ਼ਾਮਲ ਹੋ ਗਏ ਸਨ। ਹਾਲਾਂਕਿ ਕਾਂਗਰਸ ਨੇ ਸਿੱਧੂ ਨੂੰ ਟਿਕਟ ਤਾਂ ਦੇ ਦਿੱਤੀ ਹੈ, ਪਰ ‘ਬਾਗੀ ਸੁਰਾਂ’ ਵੀ ਉਠ ਖੜੀਆਂ ਹਨ, ਕਿਉਂਕਿ ਲੋਕਲ ਆਗੂਆਂ ਨੇ ਤਲਵੰਡੀ ਸਾਬੋ ਹਲਕਾ ਇੰਚਾਰਜ ਖੁਸ਼ਬਾਜ ਜਟਾਣਾ ਕੋਲ ‘ਨਾਖੁਸ਼ੀ’ ਵੀ ਜ਼ਾਹਰ ਕੀਤੀ ਹੈ। ਆਗੂਆਂ ਦਾ ਮੰਨਣਾ ਹੈ ਕਿ ਪਾਰਟੀ ਨੇ ਸਿੱਧੂ ਨੂੰ ਟਿਕਟ ਦੇਣ ‘ਚ ਕਾਹਲੀ ਕੀਤੀ ਹੈ, ਕਿਉਂਕਿ ਕਿਸੇ ਦੂਜੀ ਪਾਰਟੀ ‘ਚੋਂ ਆਏ ਵਿਅਕਤੀ ਨੂੰ ਟਿਕਟ ਦੇਣਾ ਪਾਰਟੀ ਦੇ ਵਫਦਾਰਾਂ ਨਾਲ ਬੇਇਨਸਾਫ਼ੀ ਹੈ।

ਚੌਥੇ ਮੁੱਖ ਉਮੀਦਵਾਰ ਦੀ ਗੱਲ ਕਰੀਏ ਤਾਂ ਭਾਜਪਾ (BJP) ਦੇ ਪਰਮਪਾਲ ਕੌਰ ਸਿੱਧੂ (Parampal Kaur Sidhu) ਹਨ, ਜੋ ਕਿ ਸਾਬਕਾ ਆਈਏਐਸ ਹਨ ਅਤੇ ਕੁੱਝ ਦਿਨ ਪਹਿਲਾਂ ਹੀ ਵੀਆਰਐਸ (ਸਮੇਂ ਤੋਂ ਪਹਿਲਾਂ ਸੇਵਾਮੁਕਤੀ) ਲੈ ਕੇ ਆਪਣੇ ਪਤੀ ਗੁਰਪ੍ਰੀਤ ਸਿੰਘ ਮਲੂਕਾ ਨਾਲ ਪਾਰਟੀ ‘ਚ ਸ਼ਾਮਲ ਹੋਏ ਹਨ, ਨੂੰ ਬਠਿੰਡਾ ਤੋਂ ਚੋਣ ਮੈਦਾਨ ‘ਚ ਉਤਾਰਿਆ ਹੈ। ਪਰਮਪਾਲ ਕੌਰ ਸਿੱਧੂ, ਸੀਨੀਅਰ ਅਕਾਲੀ ਆਗੂ ਸਿਕੰਦਰ ਸਿੰਘ ਮਲੂਕਾ ਦੇ ਨੂੰਹ ਹਨ। ਪਰ ਭਾਜਪਾ ਉਮੀਦਵਾਰ ਹੋਣ ਕਰਕੇ ਉਨ੍ਹਾਂ ਨੂੰ ਲਗਾਤਾਰ ਕਿਸਾਨਾਂ ਦੇ ਵਿਰੋਧ ਦਾ ਸਾਹਮਣਾ ਕਰਨਾ ਪੈ ਰਿਹਾ ਹੈ, ਜੋ ਕਿ ਚੋਣ ਪ੍ਰਚਾਰ ਵਿੱਚ ਹੀ ਉਨ੍ਹਾਂ ਲਈ ਮੁਸ਼ਕਲਾਂ ਖੜੀਆਂ ਕਰ ਰਿਹਾ ਹੈ।

ਕੀ ਕਹਿੰਦੇ ਹਨ ਹੁਣ ਤੱਕ ਹਰਸਿਮਰਤ ਬਾਦਲ ਦੀ ਜਿੱਤ ਦੇ ਅੰਕੜੇ

ਮੈਂਬਰ ਪਾਰਲੀਮੈਂਟ ਹਰਸਿਮਰਤ ਕੌਰ ਬਾਦਲ ਨੇ 2009 ਤੋਂ ਸਿਆਸੀ ਸਫ਼ਰ ਦੀ ਸ਼ੁਰੂਆਤ ਕੀਤੀ ਸੀ ਅਤੇ ਕੈਪਟਨ ਅਮਰਿੰਦਰ ਸਿੰਘ ਦੇ ਮੁੰਡੇ ਰਣਇੰਦਰ ਸਿੰਘ ਟਿੱਕੂ ਨੂੰ 1,20,948 ਵੋਟਾਂ ਦੇ ਅੰਤਰ ਨਾਲ ਹਰਾਇਆ ਸੀ। ਹਰਸਿਮਰਤ ਕੌਰ ਬਾਦਲ ਨੂੰ ਕੁੱਲ 5,29,472 ਵੋਟਾਂ ਮਿਲੀਆਂ ਸਨ, ਜਦਕਿ ਰਣਇੰਦਰ ਸਿੰਘ ਨੂੰ 4,08,524 ਵੋਟਾਂ ਪਈਆਂ ਸਨ। 2014 ‘ਚ ਹਰਸਿਮਰਤ ਕੌਰ ਬਾਦਲ ਨੇ ਕਾਂਗਰਸ ਦੇ ਮਨਪ੍ਰੀਤ ਸਿੰਘ ਬਾਦਲ ਨੂੰ ਹਰਾਇਆ। ਹਾਲਾਂਕਿ ਇਸ ਦੌਰਾਨ ਸਿਰਫ਼ 19,395 ਵੋਟਾਂ ਦਾ ਹੀ ਫਰਕ ਰਿਹਾ। ਫਿਰ ਤੀਜੀ ਵਾਰ 2019 ‘ਚ ਮੈਂਬਰ ਪਾਰਲੀਮੈਂਟ ਹਰਸਿਮਰਤ ਕੌਰ ਬਾਦਲ ਨੇ ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੂੰ ਭਾਂਜ ਦਿੱਤੀ ਅਤੇ 21,772 ਵੋਟਾਂ ਦੇ ਫਰਕ ਨਾਲ ਜਿੱਤ ਦਰਜ ਕੀਤੀ।

ਇਸ ਸੀਟ ਭਾਵੇਂ ਹਰਸਿਮਰਤ ਕੌਰ ਬਾਦਲ ਦਾ 2009 ਦੀਆਂ ਚੋਣਾਂ ਤੋਂ ਬਾਅਦ ਜਿੱਤ ਦਾ ਅੰਤਰ ਘਟਿਆ, ਪਰ 2019 ਦੀਆਂ ਚੋਣਾਂ ‘ਚ ਥੋੜ੍ਹੇ ਵਧੇ ਫਰਕ ਨੇ ਇਹ ਜਤਾਉਣ ਦੀ ਕੋਸ਼ਿਸ਼ ਕੀਤੀ ਕਿ ਵਿਰੋਧੀਆਂ ਲਈ ਇਸ ਸੀਟ ‘ਤੇ ਉਨ੍ਹਾਂ ਨੂੰ ਹਰਾਉਣਾ ਸੌਖਾ ਨਹੀਂ ਹੋਵੇਗਾ।

ਬਠਿੰਡਾ ਲੋਕ ਸਭਾ ਸੀਟ ਇਤਿਹਾਸ

ਬਠਿੰਡਾ ਲੋਕ ਸਭਾ ਸੀਟ ‘ਤੇ ਜ਼ਿਆਦਾਤਰ ਅਕਾਲੀ ਦਲ ਦਾ ਹੀ ਕਬਜ਼ਾ ਰਿਹਾ ਹੈ। 13 ਲੋਕ ਸਭਾ ਸੀਟਾਂ ਵਿਚੋਂ ਪੰਜਾਬ ਦੀ ਇਹ ਜਨਰਲ ਸੀਟ ਅਧੀਨ ਕੁੱਲ 9 ਵਿਧਾਨ ਸਭਾ ਸੀਟਾਂ ਵਿੱਚ ਭੁੱਚੋ ਮੰਡੀ, ਲੰਬੀ, ਬਠਿੰਡਾ ਸ਼ਹਿਰੀ, ਬਠਿੰਡਾ ਦਿਹਾਤੀ, ਮੌੜ, ਤਲਵੰਡੀ ਸਾਬੋ, ਮਾਨਸਾ, ਸਰਦੂਲਗੜ੍ਹ ਅਤੇ ਬੁਢਲਾਡਾ ਆਉਂਦੀਆਂ ਹਨ, ਜਿਨ੍ਹਾਂ ਵਿਚੋਂ ਤਿੰਨ ਸੀਟਾਂ ਭੁੱਚੋ ਮੰਡੀ, ਬਠਿੰਡਾ ਦਿਹਾਤੀ ਅਤੇ ਬੁਢਲਾਡਾ ਵਿਧਾਨ ਸਭਾ ਐਸਸੀ ਭਾਈਚਾਰੇ ਦੇ ਲੋਕਾਂ ਲਈ ਰਾਖਵੀਆਂ ਹਨ।

ਅੰਕੜਿਆਂ ਨੂੰ ਵਾਚਿਆ ਜਾਵੇ ਤਾਂ 1952 ਤੋਂ 1962 ਤੱਕ ਬਠਿੰਡਾ ਲੋਕ ਸਭਾ ਹਲਕੇ ‘ਤੇ ਕਾਂਗਰਸ ਦਾ ਕਬਜ਼ਾ ਰਿਹਾ ਹੈ। 1952 ‘ਚ ਕਾਂਗਰਸ ਦੇ ਹੁਕਮ ਸਿੰਘ ਅਤੇ ਅਜੀਤ ਸਿੰਘ ਵਰਗੇ ਦਿੱਗਜ਼ ਜੇਤੂ ਰਹੇ ਸਨ, ਜਿਸ ਤੋਂ ਬਾਅਦ ਸ਼੍ਰੋਮਣੀ ਅਕਾਲੀ ਦਲ ਨੇ ਇਸ ਸੀਟ ‘ਤੇ ਜਿੱਤ ਦਾ ਝੰਡਾ ਗੱਡਿਆ। ਇਸ ਦੌਰਾਨ ਸੀਪੀਆਈ ਪਾਰਟੀ ਨੇ ਵੀ 1971 ਅਤੇ 1999 ਦੀਆਂ ਚੋਣਾਂ ‘ਚ ਜਿੱਤ ਦਰਜ ਕਰਨ ‘ਚ ਸਫਲਤਾ ਹਾਸਲ ਕੀਤੀ। ਪਰ ਫਿਰ 1984 ਤੋਂ ਲੈ ਕੇ ਲਗਾਤਾਰ 2019 ਤੱਕ ਸਿਰਫ਼ ਦੋ ਮੌਕਿਆਂ ਨੂੰ ਛੱਡ ਦਿੱਤਾ ਜਾਵੇ ਤਾਂ ਅਕਾਲੀ ਦਲ ਉਮੀਦਵਾਰ ਹੀ ਇਸ ਸੀਟ ਤੋਂ ਝੰਡਾ ਲਹਿਰਾਉਂਦਾ ਆ ਰਿਹਾ ਹੈ।

16 ਲੱਖ 39 ਹਜ਼ਾਰ 160 ਵੋਟਰ ਕਰਨਗੇ ਉਮੀਦਵਾਰ ਦੀ ਕਿਸਮਤ ਦਾ ਫੈਸਲਾ—-ਲੋਕ ਸਭਾ ਹਲਕਾ ਬਠਿੰਡਾ ਅਧੀਨ ਪੈਂਦੇ 9 ਵਿਧਾਨ ਸਭਾ ਹਲਕਿਆਂ 83-ਲੰਬੀ, 91-ਭੁੱਚੋ ਮੰਡੀ (ਐਸਸੀ), 92-ਬਠਿੰਡਾ (ਸ਼ਹਿਰੀ), 93-ਬਠਿੰਡਾ (ਦਿਹਾਤੀ) (ਐਸਸੀ), 94-ਤਲਵੰਡੀ ਸਾਬੋ, 95-ਮੌੜ, 96-ਮਾਨਸਾ, 97-ਸਰਦੂਲਗੜ੍ਹ ਅਤੇ 98-ਬੁਢਲਾਡਾ (ਐਸਸੀ) ਚ ਕੁੱਲ 1814 ਪੋਲਿੰਗ ਸਟੇਸ਼ਨ ਹਨ ਅਤੇ ਵੋਟਰਾਂ ਦੀ ਗਿਣਤੀ 16 ਲੱਖ 39 ਹਜ਼ਾਰ 160 ਹੈ। ਇਨ੍ਹਾਂ ਵਿਚ 8 ਲੱਖ 64 ਹਜ਼ਾਰ 129 ਮਰਦ ਵੋਟਰ, 7 ਲੱਖ 74 ਹਜ਼ਾਰ 997 ਔਰਤ ਵੋਟਰ ਹਨ। ਇਸ ਤੋਂ ਇਲਾਵਾ 34 ਟਰਾਂਸਜੈਂਡਰ ਵੋਟਰ ਹਨ।

Check Also

ਕਨੇਡਾ ਦੀ ਪ੍ਰਵਾਸੀਆਂ ਉੱਤੇ ਹੁਣ ਤੱਕ ਦੀ ਸਭ ਤੋਂ ਵੱਡੀ ਪਾਬੰਦੀ

2025 ਤੋਂ ਕੈਨੇਡੀਅਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੀ ਸਰਕਾਰ “ਕੈਨੇਡਾ ਫਸਟ” ਨੀਤੀ ਤਹਿਤ ਵਿਦੇਸ਼ੀ ਅਸਥਾਈ …