ਪੰਜਾਬੀ ਗਾਇਕ ਗੁਰਦਾਸ ਮਾਨ ਦੀਆਂ ਮੁਸ਼ਕਲਾਂ ਵਧ ਗਈਆਂ ਹਨ। ਸਾਲ 2021 ਵਿੱਚ ਗੁਰਦਾਸ ਮਾਨ ਵੱਲੋਂ ਨਕੋਦਰ ਦੀ ਦਰਗਾਹ ਦੇ ਲਾਡੀ ਸਾਈਂ ਦੀ ਤੁਲਨਾ ਸ੍ਰੀ ਗੁਰੂ ਅਮਰਦਾਸ ਦੇ ਵੰਸ਼ਜ ਵਜੋਂ ਕਰਨ ਦੇ ਮਾਮਲੇ ਵਿੱਚ ਸਿੱਖ ਭਾਈਚਾਰੇ ਵੱਲੋਂ ਐੱਫਆਈਆਰ ਦਰਜ ਕਰਵਾਈ ਗਈ ਸੀ, ਜਿਸ ਨੂੰ ਨਕੋਦਰ ਅਦਾਲਤ ਨੇ ਰੱਦ ਕਰਨ ਦਾ ਹੁਕਮ ਦਿੱਤਾ ਸੀ।
ਹੁਣ ਐੱਫਆਈਆਰ ਦਰਜ ਕਰਵਾਉਣ ਵਾਲੇ ਵਿਅਕਤੀ ਨੇ ਨਕੋਦਰ ਅਦਾਲਤ ਦੇ ਫ਼ੈਸਲੇ ਨੂੰ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵਿੱਚ ਚੁਣੌਤੀ ਦਿੱਤੀ ਹੈ। ਹਰਜਿੰਦਰ ਸਿੰਘ ਉਰਫ ਜਿੰਦਾ ਨਾਮ ਦੇ ਵਿਅਕਤੀ ਦੀ ਪਟੀਸ਼ਨ ਨੂੰ ਸਵੀਕਾਰ ਕਰਦਿਆਂ ਹਾਈ ਕੋਰਟ ਨੇ ਸਾਰੀਆਂ ਸਬੰਧਤ ਧਿਰਾਂ ਨੂੰ ਨੋਟਿਸ ਜਾਰੀ ਕਰ ਕੇ 13 ਜੂਨ ਤੱਕ ਜਵਾਬ ਮੰਗਿਆ ਹੈ।
ਪਟੀਸ਼ਨਰ ਨੇ ਸਪੱਸ਼ਟ ਕੀਤਾ ਹੈ ਕਿ ਗੁਰਦਾਸ ਮਾਨ ਨੇ ਲਾਡੀ ਸਾਈਂ ਨੂੰ ਸ੍ਰੀ ਗੁਰੂ ਅਮਰਦਾਸ ਦੀ ਸੰਤਾਨ ਦੱਸਿਆ ਹੈ, ਜਿਸ ਨਾਲ ਸਿੱਖ ਕੌਮ ਦੀਆਂ ਧਾਰਮਿਕ ਭਾਵਨਾਵਾਂ ਨੂੰ ਠੇਸ ਪੁੱਜੀ ਹੈ। ਦੱਸ ਦਈਏ ਕਿ ਜਦੋਂ ਇਹ ਮਾਮਲਾ ਭਖਿਆ ਤਾਂ ਗੁਰਦਾਸ ਮਾਨ ਨੇ ਲਾਈਵ ਹੋ ਕੇ ਆਪਣੇ ਸੋਸ਼ਲ ਮੀਡੀਆ ਅਕਾਊਂਟ ਉਤੇ ਮੁਆਫੀ ਮੰਗ ਲਈ ਸੀ।