Home / ਪੰਜਾਬੀ ਖਬਰਾਂ / ਮੌਸਮ ਵਿਭਾਗ ਵੱਲੋਂ 4 ਸੂਬਿਆਂ ‘ਚ ਰੈੱਡ ਅਲਰਟ

ਮੌਸਮ ਵਿਭਾਗ ਵੱਲੋਂ 4 ਸੂਬਿਆਂ ‘ਚ ਰੈੱਡ ਅਲਰਟ

ਪਿਛਲੇ ਤਿੰਨ-ਚਾਰ ਦਿਨਾਂ ਤੋਂ ਗਰਮੀ ’ਚ ਭਾਰੀ ਇਜ਼ਾਫ਼ਾ ਵੇਖਣ ਨੂੰ ਮਿਲਿਆ ਹੈ। ਕੜਕਦੀ ਧੁੱਪ ਨਾਲ ਚੱਲਣ ਵਾਲੇ ਲੂ ਦੇ ਗਰਮ ਥਪੇੜਿਆਂ ਨੇ ਜਿੱਥੇ ਲੋਕਾਂ ਦਾ ਘਰੋਂ ਬਾਹਰ ਨਿਕਲਣਾ ਮੁਸ਼ਕਿਲ ਕਰ ਦਿੱਤਾ ਹੈ, ਉੱਥੇ ਧਨਾਢ ਪਰਿਵਾਰਾਂ ਨੇ ਗਰਮੀ ਦੇ ਮੱਦੇਨਜ਼ਰ ਠੰਢੇ ਪਹਾੜੀ ਇਲਾਕਿਆਂ ਵੱਲ ਨੂੰ ਚਾਲੇ ਪਾਉਣੇ ਸ਼ੁਰੂ ਕਰ ਦਿੱਤੇ ਹਨ। ਦਿਨ ਵੇਲੇ 42 ਤੋ 43 ਡਿਗਰੀ ਸੈਲਸੀਅਸ ਤੱਕ ਤਾਪਮਾਨ ਦਰਜ ਕੀਤਾ ਗਿਆ ਹੈ। ਜਿਹੜਾ ਕਿ ਪਿਛਲੀਆਂ ਗਰਮੀਆਂ ਦੇ ਮੁਕਾਬਲੇ ਥੋੜਾ ਜ਼ਿਆਦਾ ਦੱਸਿਆ ਜਾਂਦਾ ਹੈ। ਗਰਮੀ ਦਾ ਕਹਿਰ ਦਿਨੋਂ-ਦਿਨ ਵੱਧਣ ਕਾਰਨ ਬਹੁਤੇ ਲੋਕਾਂ ਵੱਲੋਂ ਹੁਣ ਦੁਪਹਿਰ ਸਮੇਂ ਘਰੋਂ ਬਾਹਰ ਨਿਕਲਣ ਤੋਂ ਪਰਹੇਜ ਕਰਨ ਕਾਰਨ ਬਾਜ਼ਾਰ ਸੁੰਨੇ ਦਿਖਾਈ ਦੇਣ ਲੱਗੇ ਹਨ, ਜਿਸ ਕਾਰਨ ਕਈ ਲੋਕਾਂ ਦੇ ਕੰਮਕਾਰ ’ਤੇ ਵੀ ਗਰਮੀ ਦਾ ਮਾੜਾ ਅਸਰ ਹੋਣ ਲੱਗਿਆ ਹੈ।

ਜੇਕਰ ਆਉਣ ਵਾਲੇ ਦਿਨਾਂ ’ਚ ਤੱਤੀ ਲੂ ਇਸ ਤਰ੍ਹਾਂ ਹੀ ਚੱਲਦੀਆਂ ਰਹੀਆਂ ਤਾਂ ਇਸ ਨਾਲ ਨਰਮੇ ਦੀ ਫ਼ਸਲ ਨੂੰ ਨੁਕਸਾਨ ਹੋਣ ਦਾ ਖਦਸ਼ਾ ਵੀ ਪ੍ਰਗਟਾਇਆ ਜਾ ਰਿਹਾ ਹੈ। ਤੇਜ਼ ਗਰਮੀ ਨੂੰ ਵੇਖ ਕੇ ਲੋਕ ਪਹਿਲਾਂ ਹੀ ਇਸ ਗੱਲੋਂ ਚਿੰਤਤ ਹਨ ਕਿ ਜੇਕਰ ਮਈ ਮਹੀਨੇ ’ਚ ਹੀ ਅਜਿਹੀ ਭਿਆਨਕ ਸਥਿਤੀ ਪੈਦਾ ਹੋ ਗਈ ਹੈ ਤਾਂ ਜੂਨ-ਜੁਲਾਈ ਜਦੋਂ ਗਰਮੀਆਂ ਦਾ ਮੌਸਮ ਆਪਣੇ ਸਿਖਰ ’ਤੇ ਹੋਵੇਗਾ ਉਸ ਸਥਿਤੀ ’ਚ ਕੀ ਹਾਲ ਹੋਵੇਗਾ।

ਆਉਣ ਵਾਲੇ ਦਿਨਾਂ ’ਚ ਗਰਮੀ ਕੱਢੇਗੀ ਵੱਟ, ‘ਲੂ’ ਦਾ ਅਲਰਟ ਜਾਰੀ—-ਮੌਸਮ ਵਿਭਾਗ ਮੁਤਾਬਕ ਆਉਣ ਵਾਲੇ ਦਿਨਾਂ ’ਚ ਪੰਜਾਬ ਦੇ ਕਈ ਜ਼ਿਲ੍ਹਿਆਂ ’ਚ ਲੂ ਚੱਲ ਸਕਦੀ ਹੈ। ਪੰਜਾਬ ’ਚ ਲੋਕਾਂ ਨੂੰ ਭਿਆਨਕ ਗਰਮੀ ਸਹਿਣੀ ਪਵੇਗੀ। ਮੌਸਮ ਵਿਭਾਗ ਚੰਡੀਗੜ੍ਹ ਨੇ ਪੰਜਾਬ ਵਿਚ ਲੂ ਚੱਲਣ ਸੰਬੰਧੀ ਆਰੈਂਜ ਅਲਰਟ ਜਾਰੀ ਕਰ ਦਿੱਤਾ ਹੈ। ਇਸ ਦੌਰਾਨ ਤਾਪਮਾਨ ਕਈ ਜ਼ਿਲ੍ਹਿਆਂ ’ਚ 44 ਅਤੇ ਕਈ ਜ਼ਿਲ੍ਹਿਆਂ ’ਚ 45 ਡਿਗਰੀ ਸੈਲਸੀਅਸ ਤੱਕ ਪੁੱਜ ਸਕਦਾ ਹੈ। ਮੌਸਮ ਵਿਭਾਗ ਨੇ ਲੂ ਤੋਂ ਬਚਾਅ ਨੂੰ ਲੈ ਕੇ ਲੋਕਾਂ ਨੂੰ ਸਾਵਧਾਨੀਆਂ ਵਰਤਣ ਦੀ ਸਲਾਹ ਵੀ ਦਿਤੀ ਹੈ। ਮੌਸਮ ਵਿਭਾਗ ਨੇ ਅੱਜ ਤੋਂ 2 ਦਿਨਾਂ ਲਈ ਯੈਲੋ ਅਲਰਟ ਜਾਰੀ ਕੀਤਾ ਹੈ। 18 ਮਈ ਨੂੰ ਤਾਪਮਾਨ 44 ਡਿਗਰੀ ਸੈਲਸੀਅਸ ਤੱਕ ਪਹੁੰਚ ਜਾਵੇਗਾ। ਇਸ ਕਾਰਨ ਦਿਨ ਵੇਲੇ ਗਰਮੀ ਬਹੁਤ ਵਧ ਜਾਵੇਗੀ। ਇਸ ਦੇ ਲਈ ਮੌਸਮ ਵਿਭਾਗ ਵੱਲੋਂ ਐਡਵਾਈਜਰੀ ਵੀ ਜਾਰੀ ਕੀਤੀ ਗਈ ਹੈ।

ਨਕਲੀ ਤੇ ਮਿਲਾਵਟੀ ਠੰਢੀਆਂ ਵਸਤਾਂ ਵੇਚਣ ਵਾਲੇ ਹੋਏ ਸਰਗਰਮ—-ਉੱਧਰ, ਗਰਮੀ ਵੱਧਣ ਦੇ ਨਾਲ ਹੀ ਜਿੱਥੇ ਬਾਜ਼ਾਰਾਂ ’ਚ ਲੋਕਾਂ ਨੂੰ ਠੰਢੀਆਂ ਵਸਤਾਂ ਦੇ ਨਾਂ ’ਤੇ ਨਕਲੀ ਅਤੇ ਘਟੀਆ ਕਿਸਮ ਦਾ ਖਾਣ-ਪੀਣ ਵਾਲਾ ਸਾਮਾਨ ਬਣਾਉਣ ਵਾਲੇ ਵੀ ਤੱਤਪਰ ਦਿਖਾਈ ਦੇ ਰਹੇ ਹਨ। ਉਨ੍ਹਾਂ ਵੱਲੋਂ ਬਾਜ਼ਾਰਾਂ ’ਚ ਬਿਨਾਂ ਕਿਸੇ ਸੁਰੱਖਿਆ ਦੇ ਲੋਕਾਂ ਨੂੰ ਮਿਲਾਵਟੀ ਤੇ ਨਕਲੀ ਪਦਾਰਥ ਧੜਾਧੜ ਪਰੋਸੇ ਜਾ ਰਹੇ ਹਨ, ਜਿਸ ਕਾਰਨ ਲੋਕਾਂ ਦੀ ਸਿਹਤ ਨਾਲ ਸਿੱਧਾ ਖਿਲਵਾੜ ਹੋਵੇਗਾ। ਕੁਝ ਹੀ ਦਿਨਾਂ ’ਚ ਪਈ ਇਸ ਅੱਤ ਦੀ ਗਰਮੀ ਨੇ ਜਿੱਥੇ ਆਮ ਲੋਕਾਂ ਨੂੰ ਬੁਰੀ ਤਰ੍ਹਾਂ ਪ੍ਰਭਾਵਿਤ ਕੀਤਾ ਹੈ, ਉੱਥੇ ਨਾਲ ਹੀ ਗਰਮੀ ਕਾਰਨ ਏਅਰ ਕੰਡੀਸ਼ਨਰਾਂ, ਕੂਲਰਾਂ ਤੇ ਪੱਖਿਆਂ ਦੀ ਵਿਕਰੀ ’ਚ ਵੀ ਇਕਦਮ ਭਾਰੀ ਵਾਧਾ ਹੋਇਆ ਹੈ, ਜਿਸ ਕਾਰਨ ਇਲੈਕਟ੍ਰੋਨਿਕ ਦਾ ਉਕਤ ਸਾਮਾਨ ਵੇਚਣ ਵਾਲੇ ਦੁਕਾਨਦਾਰਾਂ ਦੇ ਚਿਹਰਿਆਂ ’ਤੇ ਕੁਝ ਰੋਣਕ ਆਈ ਹੈ।

ਲੋਕ ਕੂਲਰਾਂ ਦੀ ਬਜਾਏ ਸਿੱਧਾ ਏ. ਸੀ. ਲਾਉਣ ਨੂੰ ਦੇਣ ਲੱਗੇ ਤਰਜੀਹ—ਦੁਕਾਨਦਾਰਾਂ ਨੇ ਦੱਸਿਆ ਕਿ ਇਸ ਮੌਕੇ ਏ. ਸੀ. ਦੀ ਵਰਤੋਂ ਜ਼ਿਆਦਾ ਹੋਣ ਲੱਗ ਪਈ ਹੈ, ਕਿਉਂਕਿ ਕੂਲਰ ਵੀ 10 ਤੋਂ 20 ਹਜ਼ਾਰ ਰੁਪਏ ਔਸਤਨ ਰੇਟ ’ਤੇ ਆਉਂਦੇ ਹਨ ਅਤੇ ਲੋਕ ਕੂਲਰ ਲੈਣ ਦੀ ਬਜਾਏ ਹੁਣ ਏ. ਸੀ. ਲਗਾਉਣ ਨੂੰ ਹੀ ਤਰਜੀਹ ਦੇਣ ਲੱਗ ਪਏ ਹਨ। ਇਸ ਦਾ ਇਕ ਵੱਡਾ ਕਾਰਨ ਇਹ ਵੀ ਹੈ ਕਿ ਹੁਣ ਬਹੁਤ ਸਾਰੀਆਂ ਕੰਪਨੀਆਂ ਵੱਲ ਬਹੁਤ ਘੱਟ ਵਿਆਜ਼ ’ਤੇ ਹੀ ਵੱਖ-ਵੱਖ ਚੀਜ਼ਾਂ ਕਿਸ਼ਤਾਂ ’ਤੇ ਦਿੱਤੀਆਂ ਜਾ ਰਹੀਆਂ ਹਨ ਤੇ ਤਿੰਨ ਤੋਂ ਚਾਰ ਹਜ਼ਾਰ ਰੁਪਏ ਦੀ ਕਿਸ਼ਤ ’ਚ ਕੋਈ ਵੀ ਮਹਿੰਗੀ ਤੋਂ ਮਹਿੰਗੀ ਚੀਜ਼ ਆਸਾਨੀ ਨਾਲ ਖਰੀਦੀ ਜਾ ਸਕਦੀ ਹੈ। ਜਿਸ ਕਾਰਨ ਹੁਣ ਲੋਕ ਕੂਲਰਾਂ ਦੀ ਬਜਾਏ ਸਿੱਧਾ ਏ. ਸੀ. ਲਗਾਉਣ ਨੂੰ ਤਰਜੀਹ ਦਿੰਦੇ ਹਨ। ਇਸੇ ਤਰ੍ਹਾਂ ਹੁਣ ਚਾਹ ਵਾਲੀਆਂ ਦੁਕਾਨਾਂ ’ਤੇ ਰੌਣਕ ਘੱਟ ਵਿਖਾਈ ਦੇ ਰਹੀ ਹੈ ਅਤੇ ਬਾਜ਼ਾਰ ’ਚ ਆਈਸਕ੍ਰੀਮ, ਜੂਸ, ਕੋਲਡ ਡ੍ਰਿੰਕ ਤੇ ਹੋਰ ਮੌਸਮੀ ਫਲਾਂ ਵਾਲੀਆਂ ਰੇਹੜੀਆਂ ਤੇ ਦੁਕਾਨਾਂ ’ਤੇ ਰੋਣਕਾਂ ਜ਼ਿਆਦਾ ਦਿਖਾਈ ਦਿੰਦੀਆਂ ਹਨ। ਨਿੰਬੂ ਪਾਣੀ ਤੇ ਗੰਨੇ ਦੇ ਰਸ ਵਾਲੀਆਂ ਦੁਕਾਨਾਂ ’ਤੇ ਵੀ ਆਮ ਨਾਲੋਂ ਜ਼ਿਆਦਾ ਭੀੜ ਦਿਖਾਈ ਦਿੰਦੀ ਹੈ।

Check Also

PM ਮੋਦੀ ਨੇ ਟਰੰਪ ਨਾਲ ਖੜ੍ਹ ਆਖ਼’ਤੀ ਵੱਡੀ ਗੱਲ

ਅਮਰੀਕਾ ਵੱਲੋਂ ਗੈਰ-ਕਾਨੂੰਨੀ ਪ੍ਰਵਾਸੀਆਂ ਨੂੰ ਡਿਪੋਰਟ ਕਰ ਕੇ ਉਨ੍ਹਾਂ ਦੇ ਮੁਲਕ ਵਾਪਸ ਭੇਜਿਆ ਜਾ ਰਿਹਾ …