ਆਮ ਆਦਮੀ ਪਾਰਟੀ (ਆਪ) ‘ਮੈਂ ਵੀ ਕੇਜਰੀਵਾਲ’ ਮੁਹਿੰਮ ਚਲਾਵੇਗੀ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਆਪਣੇ ਅਹੁਦੇ ਤੋਂ ਅਸਤੀਫ਼ਾ ਨਹੀਂ ਦੇਣਗੇ, ਪਾਰਟੀ ਨੇ ਐਤਵਾਰ ਨੂੰ ਹੋਈ ਮੀਟਿੰਗ ਵਿੱਚ ਫੈਸਲਾ ਕੀਤਾ। ‘ਆਪ’ ਨੇ ਪਾਰਟੀ ਦੇ ਰਾਸ਼ਟਰੀ ਕਨਵੀਨਰ ਕੇਜਰੀਵਾਲ ਦੀ ਆਬਕਾਰੀ ਨੀਤੀ ਮਾਮਲੇ ‘ਚ ਗ੍ਰਿਫਤਾਰੀ ਤੋਂ ਬਾਅਦ ਆਪਣੀ ਭਵਿੱਖੀ ਕਾਰਵਾਈ ਦਾ ਫੈਸਲਾ ਕਰਨ ਲਈ ਮੀਟਿੰਗ ਕੀਤੀ।
ਕੇਜਰੀਵਾਲ ਦੀ ਗ੍ਰਿਫਤਾਰੀ ਤੋਂ ਬਾਅਦ ਪਾਰਟੀ ਦੀ ਇਹ ਪਹਿਲੀ ਵੱਡੀ ਮੀਟਿੰਗ ਸੀ। ਇਸ ਦੀ ਪ੍ਰਧਾਨਗੀ ਆਮ ਆਦਮੀ ਪਾਰਟੀ ਦੇ ਕੌਮੀ ਜਨਰਲ ਸਕੱਤਰ (ਸੰਗਠਨ) ਡਾ: ਸੰਦੀਪ ਪਾਠਕ ਨੇ ਕੀਤੀ। ਪਾਰਟੀ ਨੇ ਇੱਕ ਬਿਆਨ ਵਿੱਚ ਕਿਹਾ ਕਿ ਮੀਟਿੰਗ ਵਿੱਚ ਇਹ ਫੈਸਲਾ ਕੀਤਾ ਗਿਆ ਕਿ ਕੇਜਰੀਵਾਲ ਮੁੱਖ ਮੰਤਰੀ ਦੇ ਅਹੁਦੇ ਤੋਂ ਅਸਤੀਫਾ ਨਹੀਂ ਦੇਣਗੇ ਅਤੇ ਮੰਤਰੀ, ਵਿਧਾਇਕ ਅਤੇ ਪਾਰਟੀ ਜੇਲ੍ਹ ਵਿੱਚੋਂ ਉਨ੍ਹਾਂ ਦੇ ਹੁਕਮਾਂ ਦੀ ਪਾਲਣਾ ਕਰਦੇ ਰਹਿਣਗੇ।
ਪਾਠਕ ਨੇ ਕਿਹਾ ਕਿ ‘ਮੈਂ ਵੀ ਕੇਜਰੀਵਾਲ’ ਮੁਹਿੰਮ ਜਲਦੀ ਸ਼ੁਰੂ ਹੋਵੇਗੀ, ਜਿਸ ਤਹਿਤ ਘਰਾਂ ਦੇ ਬਾਹਰ ਅਤੇ ਆਟੋ ਰਿਕਸ਼ਿਆਂ ਉਤੇ ਸਟਿੱਕਰ ਚਿਪਕਾਏ ਜਾਣਗੇ ਅਤੇ ਹੋਰਡਿੰਗ ਵੀ ਲਗਾਏ ਜਾਣਗੇ।ਉਨ੍ਹਾਂ ਕਿਹਾ ਕਿ 31 ਮਾਰਚ ਦੀ ਇੰਡੀਆ ਬਲਾਕ ਰੈਲੀ ਵਿੱਚ ਸ਼ਾਮਲ ਹੋਣ ਵਾਲੇ ਲੋਕਾਂ ਨੂੰ ਆਪਣੇ ਵਾਹਨਾਂ ’ਤੇ ‘ਮੈਂ ਵੀ ਕੇਜਰੀਵਾਲ’ ਦੇ ਸਟਿੱਕਰ ਚਿਪਕਾਏ ਹੋਣੇ ਚਾਹੀਦੇ ਹਨ।
ਵਿਰੋਧੀ ਧਿਰ ਇੰਡੀਆ ਬਲਾਕ 31 ਮਾਰਚ ਨੂੰ ਦਿੱਲੀ ਦੇ ਰਾਮਲੀਲਾ ਮੈਦਾਨ ਵਿੱਚ ਇੱਕ “ਮਹਾ ਰੈਲੀ” ਕਰੇਗਾ, ਜਿਸ ਵਿੱਚ ‘ਆਪ’ ਅਤੇ ਕਾਂਗਰਸ ਦੇ ਆਗੂ ਹਿੱਸਾ ਲੈਣਗੇ। ਉਨ੍ਹਾਂ ਕਿਹਾ ਕਿ 31 ਮਾਰਚ ਦੇ ਰੋਸ ਧਰਨੇ ਨੂੰ ਸਫਲ ਬਣਾਉਣ ਲਈ 26 ਮਾਰਚ ਨੂੰ ਸਮੂਹ ਕੌਂਸਲਰਾਂ ਨਾਲ ਸਾਰੇ ਵਿਧਾਨ ਸਭਾ ਹਲਕਿਆਂ ਵਿੱਚ ਤਿਆਰੀਆਂ ਸਬੰਧੀ ਮੀਟਿੰਗਾਂ ਕੀਤੀਆਂ ਜਾਣਗੀਆਂ। ਉਨ੍ਹਾਂ ਪਾਰਟੀ ਆਗੂਆਂ ਨੂੰ ਅਪੀਲ ਕੀਤੀ ਕਿ ਉਹ 27-28 ਮਾਰਚ ਨੂੰ ਵਿਧਾਇਕਾਂ ਅਤੇ ਕੌਂਸਲਰਾਂ ਨਾਲ ਜ਼ੋਨਲ ਪੱਧਰੀ ਮੀਟਿੰਗਾਂ ਕਰਨ ਤਾਂ ਜੋ 31 ਮਾਰਚ ਨੂੰ ਰਾਮਲੀਲਾ ਮੈਦਾਨ ਵਿੱਚ ਪਹੁੰਚਣ ਨੂੰ ਯਕੀਨੀ ਬਣਾਉਣ ਲਈ ਹਰੇਕ ਬੂਥ ਤੋਂ 10 ਦੀ ਡਿਊਟੀ ਲਾਈ ਹੈ।