Home / ਵੀਡੀਓ / ਦੋ ਦਿਨਾਂ ਲਈ ਬਾਰਸ਼ ਤੇ ਗੜ੍ਹਿਆਂ ਦਾ ਅਲਰਟ

ਦੋ ਦਿਨਾਂ ਲਈ ਬਾਰਸ਼ ਤੇ ਗੜ੍ਹਿਆਂ ਦਾ ਅਲਰਟ

ਪੰਜਾਬ ਵਿੱਚ ਅੱਜ ਮੁੜ ਮੌਸਮ ਕਰਵਟ ਲੈ ਰਿਹਾ ਹੈ। ਅੱਜ ਤੋਂ ਉੱਤਰੀ ਭਾਰਤ ਵਿੱਚ ਪੱਛਮੀ ਗੜਬੜੀ ਐਕਟਿਵ ਹੋ ਰਹੀ ਹੈ। ਮੌਸਮ ਵਿਭਾਗ ਮੁਤਾਬਕ ਇਸ ਦਾ ਪ੍ਰਭਾਵ ਉੱਤਰੀ ਤੇ ਮੱਧ ਭਾਰਤ ਵਿੱਚ 6 ਦਿਨਾਂ ਤੱਕ ਰਹਿਣ ਵਾਲਾ ਹੈ। ਇਸ ਦੇ ਪ੍ਰਭਾਵ ਕਾਰਨ ਅੱਜ ਤੇ ਕੱਲ੍ਹ ਪੰਜਾਬ, ਹਰਿਆਣਾ ਤੇ ਚੰਡੀਗੜ੍ਹ ਵਿੱਚ ਮੀਂਹ ਪਵੇਗਾ। ਹਿਮਾਚਲ ਵਿੱਚ 3 ਮਾਰਚ ਤੱਕ ਮੌਸਮ ਖਰਾਬ ਰਹੇਗਾ। ਇਸ ਦੇ ਨਾਲ ਹੀ ਤੇਜ਼ ਹਵਾਵਾਂ ਚੱਲਣਗੀਆਂ ਤੇ ਗੜੇਮਾਰੀ ਵੀ ਹੋ ਸਕਦੀ ਹੈ।

ਹਾਸਲ ਜਾਣਕਾਰੀ ਮੁਤਾਬਕ ਅੰਮ੍ਰਿਤਸਰ ਸਮੇਤ ਪੰਜਾਬ ਦੇ ਕਈ ਸ਼ਹਿਰਾਂ ‘ਚ ਸਵੇਰ ਤੋਂ ਹੀ ਬੱਦਲਵਾਈ ਹੈ। ਕਈ ਥਾਵਾਂ ਉਪਰ ਸਵੇਰ ਤੋਂ ਹੀ ਰੁਕ-ਰੁਕ ਕੇ ਮੀਂਹ ਪੈ ਰਿਹਾ ਹੈ। ਮੌਸਮ ਵਿਭਾਗ ਵੱਲੋਂ ਜਾਰੀ ਅਲਰਟ ਮੁਤਾਬਕ ਵੈਸਟਰਨ ਡਿਸਟਰਬੈਂਸ ਅੱਜ ਤੋਂ ਸਰਗਰਮ ਹੋ ਗਿਆ ਹੈ। ਇਸ ਦੌਰਾਨ ਅੰਮ੍ਰਿਤਸਰ, ਤਰਨ ਤਾਰਨ, ਗੁਰਦਾਸਪੁਰ ਤੇ ਪਠਾਨਕੋਟ ਵਿੱਚ ਮੀਂਹ, ਤੇਜ਼ ਹਵਾਵਾਂ ਤੇ ਗੜੇ ਪੈਣ ਦੀ ਸੰਭਾਵਨਾ ਹੈ। ਮੌਸਮ ਵਿਭਾਗ ਨੇ ਇਨ੍ਹਾਂ ਸਥਾਨਾਂ ਲਈ ਔਰੇਂਜ ਅਲਰਟ ਜਾਰੀ ਕੀਤਾ ਹੈ। ਜਦੋਂਕਿ ਪੂਰੇ ਪੰਜਾਬ ਲਈ ਯੈਲੋ ਅਲਰਟ ਰਹੇਗਾ।

ਇਸ ਦੇ ਨਾਲ ਹੀ ਅੱਜ ਚੰਡੀਗੜ੍ਹ ਸਮੇਤ ਹਰਿਆਣਾ ਵਿੱਚ ਯੈਲੋ ਅਲਰਟ ਜਾਰੀ ਕੀਤਾ ਗਿਆ ਹੈ। ਹਰਿਆਣਾ ਦੇ ਪੰਚਕੂਲਾ, ਅੰਬਾਲਾ, ਯਮੁਨਾਨਗਰ, ਕੁਰੂਕਸ਼ੇਤਰ, ਕੈਥਲ, ਕਰਨਾਲ, ਜੀਂਦ, ਪਾਣੀਪਤ, ਸੋਨੀਪਤ, ਰੋਹਤਕ, ਝੱਜਰ, ਗੁਰੂਗ੍ਰਾਮ ਤੇ ਸਿਰਸਾ ਵਿੱਚ ਮੀਂਹ ਦਾ ਯੈਲੋ ਅਲਰਟ ਜਾਰੀ ਕੀਤਾ ਗਿਆ ਹੈ। ਇੱਥੇ ਤੇਜ਼ ਹਵਾਵਾਂ ਚੱਲਣ ਦੀ ਸੰਭਾਵਨਾ ਹੈ।

ਉਧਰ, ਹਿਮਾਚਲ ਦੇ 8 ਜ਼ਿਲ੍ਹਿਆਂ ਵਿੱਚ ਮੀਂਹ ਪੈਣ ਦੀ ਸੰਭਾਵਨਾ ਹੈ। ਸੂਬੇ ‘ਚ ਅੱਜ ਤੇ ਕੱਲ੍ਹ ਭਾਰੀ ਬਰਫਬਾਰੀ ਤੇ ਬਾਰਸ਼ ਦਾ ਔਰੇਂਜ ਅਲਰਟ ਜਾਰੀ ਕੀਤਾ ਗਿਆ ਹੈ। ਮੌਸਮ ਵਿਭਾਗ ਨੇ 8 ਜ਼ਿਲ੍ਹਿਆਂ ਲਾਹੌਲ-ਸਪਿਤੀ, ਕਿਨੌਰ, ਚੰਬਾ, ਊਨਾ, ਕਾਂਗੜਾ, ਕੁੱਲੂ, ਮੰਡੀ ਤੇ ਸ਼ਿਮਲਾ ਦੇ ਕੁਝ ਹਿੱਸਿਆਂ ਵਿੱਚ ਭਾਰੀ ਬਰਫ਼ਬਾਰੀ ਤੇ ਮੀਂਹ ਦੀ ਭਵਿੱਖਬਾਣੀ ਕੀਤੀ ਹੈ, ਜਦੋਂਕਿ ਹੇਠਲੇ ਅਤੇ ਮੱਧ ਖੇਤਰਾਂ ਵਿੱਚ ਮੀਂਹ ਪੈਣ ਦੀ ਸੰਭਾਵਨਾ ਹੈ।

ਮੌਸਮ ਵਿਭਾਗ ਨੇ ਇਸ ਦੌਰਾਨ ਦਰੱਖਤਾਂ ਦੀਆਂ ਟਾਹਣੀਆਂ ਡਿੱਗਣ, ਹਵਾ ਵਿੱਚ ਮਲਬਾ ਉੱਡਣ, ਬਿਜਲੀ ਦੇ ਖੰਭਿਆਂ ਨੂੰ ਨੁਕਸਾਨ ਪਹੁੰਚਣ ਆਦਿ ਦੀ ਭਵਿੱਖਬਾਣੀ ਕੀਤੀ ਹੈ। ਇਸ ਦੇ ਨਾਲ ਹੀ ਜੇਕਰ ਗੜੇਮਾਰੀ ਹੁੰਦੀ ਹੈ ਤਾਂ ਪਸ਼ੂਆਂ, ਕਾਰਾਂ ਦੇ ਸ਼ੀਸ਼ੇ ਤੇ ਕੱਚੇ ਮਕਾਨਾਂ ਨੂੰ ਨੁਕਸਾਨ ਹੋਣ ਦਾ ਖਦਸ਼ਾ ਹੈ। ਇਸ ਦੇ ਨਾਲ ਹੀ ਸੜਕਾਂ ‘ਤੇ ਤਿਲਕਣ ਵੀ ਹੋ ਸਕਦੀ ਹੈ। ਇਸ ਦੌਰਾਨ ਲੋਕਾਂ ਨੂੰ ਚੌਕਸ ਰਹਿਣ ਦੇ ਨਿਰਦੇਸ਼ ਦਿੱਤੇ ਗਏ ਹਨ।

ਮੌਸਮ ਵਿਭਾਗ ਨੇ ਕੁਝ ਸੁਝਾਅ ਵੀ ਦਿੱਤੇ ਹਨ, ਤਾਂ ਜੋ ਗੜੇਮਾਰੀ ਜਾਂ ਗਰਜ ਕਾਰਨ ਬਿਜਲੀ ਡਿੱਗਣ ਤੋਂ ਬਚਿਆ ਜਾ ਸਕੇ। ਮੌਸਮ ਵਿਭਾਗ ਅਨੁਸਾਰ ਮੌਸਮ ਵਿਭਾਗ ਨੇ ਗੜੇਮਾਰੀ ਦੌਰਾਨ ਆਪਣੇ ਸਿਰ ਦੀ ਰੱਖਿਆ ਕਰਨ, ਸੁਰੱਖਿਅਤ ਥਾਂ ‘ਤੇ ਰਹਿਣ, ਪਸ਼ੂਆਂ ਨੂੰ ਸੁਰੱਖਿਅਤ ਤੇ ਢੱਕਣ ਵਾਲੀ ਥਾਂ ‘ਤੇ ਬੰਨ੍ਹਣ ਤੇ ਬਿਜਲੀ ਦੇ ਉਪਕਰਨਾਂ ਨੂੰ ਵੀ ਬਿਨਾਂ ਪਲੱਗ ਰੱਖਣ ਦੇ ਸੁਝਾਅ ਦਿੱਤੇ ਹਨ।

Check Also

Arvind Kejriwal ਨੂੰ ਮਿਲੀ Bail

ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ਸੁਪਰੀਮ ਕੋਰਟ ਵੱਲੋਂ ਜ਼ਮਾਨਤ ਦਿੱਤੇ ਜਾਣ ’ਤੇ ਰਾਜ …