ਸ਼ੁਭਕਰਨ ਦੀ ਮੌਤ ਤੋਂ ਬਾਅਦ ਵੀਰਵਾਰ ਨੂੰ ਉਨ੍ਹਾਂ ਦੇ ਜੱਦੀ ਪਿੰਡ ਬੱਲ੍ਹੋ ਵਿੱਚ ਅੰਤਿਮ ਸੰਸਕਾਰ ਕਰ ਦਿੱਤਾ ਗਿਆ ਹੈ।
ਇਸੇ ਦੌਰਾਨ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵੱਲੋਂ ਦੋਵਾਂ ਸੂਬਿਆਂ ਨੂੰ ਇਸ ਮਾਮਲੇ ਵਿੱਚ ਝਾੜ ਪਾਈ ਗਈ ਹੈ।
ਅਦਾਲਤ ਨੇ ਹਰਿਆਣਾ ਸਰਕਾਰ ਨੂੰ ਫਟਕਾਰ ਲਗਾਉਂਦੇ ਹੋਏ ਕਿਸਾਨਾਂ ਖਿਲਾਫ਼ ਹਿੰਸਕ ਕਾਰਵਾਈ ਉੱਤੇ ਸਵਾਲ ਚੁੱਕੇ ਹਨ।
ਇਸ ਦੇ ਨਾਲ ਹੀ ਕਿਸਾਨ ਆਗੂਆਂ ਨੇ ਲੋਕਾਂ ਨੂੰ ਖਨੌਰੀ ਬਾਰਡਰ ਉੱਪਰ ਇਕੱਠੇ ਹੋਣ ਦਾ ਸੱਦਾ ਦਿੱਤਾ ਹੈ।ਇਸ ਤੋਂ ਪਹਿਲਾਂ ਸ਼ੁਭਕਰਨ ਦੀ ਮੌਤ ਦੇ ਸੰਬੰਧ ਵਿੱਚ ਮਰਹੂਮ ਦੇ ਪਿਤਾ ਚਰਨਜੀਤ ਸਿੰਘ ਦੀ ਸ਼ਿਕਾਇਤ ਉੱਤੇ ਅਨਜਾਣ ਮੁਲਜ਼ਮ ਖਿਲਾਫ਼ ਕਤਲ ਦਾ ਮੁਕੱਦਮਾ ਦਰਜ ਕਰ ਲਿਆ ਗਿਆ ਹੈ।ਪਟਿਆਲਾ ਦੇ ਸ਼ੁਤਰਾਣਾ ਵਿੱਚ ਇਹ ਜ਼ੀਰੋ ਐੱਫਆਈਆਰ ਵਿੱਚ ਭਾਰਤੀ ਦੰਡਾਵਲੀ ਦੀ ਧਾਰਾ 302 ਅਤੇ 114 ਤਹਿਤ ਦਰਜ ਕੀਤੀ ਗਈ ਹੈ।
ਕਿਸਾਨ ਆਗੂ ਸਰਵਣ ਸਿੰਘ ਪੰਧੇਰ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਵੱਡੀ ਗਿਣਤੀ ਵਿੱਚ ਸ਼ੁਭਕਰਨ ਦੀ ਅੰਤਿਮ ਯਾਤਰਾ ਵਿੱਚ ਸ਼ਾਮਲ ਹੋਣ।ਉਨ੍ਹਾਂ ਨੇ ਕਿਹਾ, “ਕੇਂਦਰ ਸਰਕਾਰ ਦੀ ਨੀਤੀ ਅਤੇ ਨੀਅਤ ਦੋਵਾਂ ਵਿੱਚ ਖੋਟ ਆ ਚੁੱਕੀ ਹੈ। ਉਸ ਨੂੰ ਕਿਸਾਨਾਂ ਮਜ਼ਦੂਰਾਂ ਦੀ ਕੋਈ ਪਰਵਾਹ ਨਹੀਂ ਹੈ ਅਤੇ ਉਹ ਸਿਰਫ਼ ਸੱਤਾ ਹਾਸਲ ਕਰਨਾ ਚਾਹੁੰਦੀ ਹੈ।”ਵਕੀਲ ਨਵਕਿਰਨ ਸਿੰਘ ਨੇ ਸਵਾਲ ਚੁੱਕਿਆ ਕਿ ਜੇ ਕਿਸਾਨ ਸ਼ੁਭਕਰਨ ਦੇ ਕਤਲ ਦੇ ਸੰਬੰਧ ਵਿੱਚ ਇੱਕ ਐੱਫਆਈਆਰ ਦੀ ਮੰਗ ਕਰ ਰਹੇ ਹਨ ਤਾਂ ਉਹ ਗਲਤ ਹਨ?
ਉਨ੍ਹਾਂ ਨੇ ਕਿਹਾ, “ਕਿਸਾਨਾਂ ਉੱਪਰ ਬਿਨਾਂ ਕਿਸੇ ਭੜਕਾਹਟ ਦੇ ਗੋਲੀਬਾਰੀ ਦੇ ਇਲਜ਼ਮਾਂ ਦੀ ਹਾਈ ਕੋਰਟ ਦੇ ਸੇਵਾ ਮੁਕਤ ਜੱਜ ਤੋਂ ਜਾਂਚ ਦੀ ਮੰਗ ਕਰਨਾ ਜਾਇਜ਼ ਸੀ।””ਇਸ ਗੋਲੀ ਬਾਰੀ ਦੇ ਨਤੀਜੇ ਵਜੋਂ ਸ਼ੁਭਕਰਨ ਸਿੰਘ ਦੀ ਮੌਤ ਹੋਈ, ਕੁਝ ਕਿਸਾਨਾਂ ਦੀਆਂ ਅੱਖਾਂ ਦੀ ਰੋਸ਼ਨੀ ਚਲੀ ਗਈ ਬਹੁਤ ਸਾਰੇ ਜ਼ਖਮੀ ਹੋ ਗਏ। ਇਸ ਤੋਂ ਇਲਾਵਾ ਕਿਸਾਨਾਂ ਦੇ ਟਰੈਕਟਰਾਂ ਅਤੇ ਹੋਰ ਜਾਇਦਾਦਾਂ ਨੂੰ ਨੁਕਸਾਨ ਪਹੁੰਚਿਆ।”