ਅਕਾਲੀ ਦਲ ਦੇ ਸੀਨੀਅਰ ਆਗੂ ਬਿਕਰਮ ਸਿੰਘ ਮਜੀਠੀਆ ਨੇ ਇਹ ਮੰਗ ਕੀਤੀ ਕਿ ਹਰਿਆਣਾ ਸਰਕਾਰ ਪੰਜਾਬ ਦੇ ਉਸ ਨੌਜਵਾਨ ਕਿਸਾਨ ਨੂੰ ਪਰਿਵਾਰ ਹਵਾਲੇ ਕਰੇ ਜਿਸ ਨੂੰ ਹਰਿਆਣਾ ਪੁਲਿਸ ਨੇ ਅਗਵਾ ਕੀਤਾ ਹੈ। ਉਨ੍ਹਾਂ ਨੇ ਇਲਜ਼ਾਮ ਲਗਾਇਆ ਕਿ ਪੁਲਿਸ ਨੇ ਇਸ ਨੌਜਵਾਨ ਨੂੰ ਗੰਭੀਰ ਜ਼ਖ਼ਮੀ ਕੀਤਾ ਹੈ। ਇਸ ਦੇ ਨਾਲ ਹੀ ਉਨ੍ਹਾਂ ਨੇ ਸੂਬੇ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਮਾਮਲਾ ਹਰਿਆਣਾ ਸਰਕਾਰ ਕੋਲ ਚੁੱਕਣ ਵਿੱਚ ਫੇਲ੍ਹ ਰਹਿਣ ਅਤੇ ਪਰਿਵਾਰ ਨੂੰ ਨਿਆਂ ਵਾਸਤੇ ਹਾਈ ਕੋਰਟ ਤੱਕ ਪਹੁੰਚ ਕਰਨ ਲਈ ਮਜਬੂਰ ਕਰਨ ਲਈ ਸਖਤ ਸ਼ਬਦਾਂ ‘ਚ ਨਿਖੇਧੀ ਕੀਤੀ।
ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਮਜੀਠੀਆ ਨੇ ਕਿਹਾ ਕਿ 30 ਸਾਲਾਂ ਦੇ ਅੰਮ੍ਰਿਤਧਾਰੀ ਗੁਰਸਿੱਖ ਕਿਸਾਨ ਪ੍ਰੀਤਪਾਲ ਸਿੰਘ ਨੂੰ ਹਰਿਆਣਾ ਪੁਲਿਸ ਨੇ ਖਨੌਰੀ ਤੋਂ ਉਸ ਵੇਲੇ ਅਗਵਾ ਕਰ ਲਿਆ ਸੀ ਜਦੋਂ ਉਹ ਲੰਗਰ ਵਰਤਾਉਣ ਲਈ ਗਿਆ ਸੀ ਅਤੇ ਟਰਾਲੀ ਵਿਚ ਬੈਠਾ ਸੀ। ਉਨ੍ਹਾਂ ਨੇ ਕਿਹਾ ਕਿ ਚਸ਼ਮਦੀਦ ਗਵਾਹਾਂ ਨੇ ਦੱਸਿਆ ਕਿ ਨੌਜਵਾਨਾਂ ਨੂੰ ਬੈਰੀਕੇਡ ਦੇ ਪਰਲੇ ਪਾਸੇ ਸੁੱਟ ਦਿੱਤਾ ਗਿਆ ਅਤੇ ਫਿਰ ਬੋਰੀ ‘ਚ ਪਾ ਕੇ ਬੁਰੀ ਤਰ੍ਹਾਂ ਕੁੱਟਿਆ ਮਾਰਿਆ ਜਿਸ ਕਾਰਨ ਉਸ ਦੀ ਇਕ ਲੱਤ ਟੁੱਟ ਗਈ ਜਬਾੜਾ ਤੇ ਨੱਕ ਵੀ ਟੁੱਟ ਗਏ ਤੇ ਹੋਰ ਗੰਭੀਰ ਸੱਟਾਂ ਵੱਜੀਆਂ।
ਬਿਕਰਮ ਮਜੀਠੀਆ ਜਿਨ੍ਹਾਂ ਨੇ ਪ੍ਰੀਤਪਾਲ ਦੇ ਪਿਤਾ ਦਵਿੰਦਰ ਸਿੰਘ ਦੇ ਨਾਲ ਰਲ ਕੇ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕੀਤਾ ਉਨ੍ਹਾਂ ਨੇ ਕਿਹਾ ਕਿ ਮਨੁੱਖੀ ਅਧਿਕਾਰਾਂ ਦੀ ਘੋਰ ਉਲੰਘਣਾ ਦੇ ਬਾਵਜੂਦ ਪ੍ਰੀਤਪਾਲ ਸਿੰਘ ਦੇ ਖਿਲਾਫ ਧਾਰਾ 307 IPC ਤਹਿਤ ਕੇਸ ਦਰਜ ਕਰ ਦਿੱਤਾ ਗਿਆ ਤੇ ਉਸਦਾ ਸਹੀ ਮੈਡੀਕਲ ਇਲਾਜ ਨਹੀਂ ਕੀਤਾ ਜਾ ਰਿਹਾ ਹਾਲਾਂਕਿ ਉਹ ਪੀ ਜੀ ਆਈ ਰੋਹਤਕ ਵਿਚ ਜੇਰੇ ਇਲਾਜ ਹੈ। ਉਹਨਾਂ ਕਿਹਾ ਕਿ ਹਰਿਆਣਾ ਸਰਕਾਰ ਪੀੜਤ ਪਰਿਵਾਰ ਦੀਆਂ ਅਪੀਲਾਂ ਨਹੀਂ ਸੁਣ ਰਹੀ ਤੇ ਉਸਨੂੰ ਸੁਪਰ ਸਪੈਸ਼ਲਟੀ ਹਸਪਤਾਲ ਨਹੀਂ ਲਿਜਾਣ ਦਿੱਤਾ ਜਾ ਰਿਹਾ ਤੇ ਨਾ ਹੀ ਉਸ ਖਿਲਾਫ ਦਰਜ ਐਫ ਆਈ ਆਰ ਦੀ ਕਾਪੀ ਦਿੱਤੀ ਜਾ ਰਹੀ ਹੈ।