ਸਮਰਾਲਾ ਦੇ ਪਿੰਡ ਮੁਸਕਾਬਾਦ ਦੀ ਹੱਦ ‘ਚ ਬਾਇਓ ਗੈਸ ਪਲਾਂਟ ਲਗਾਉਣ ਦਾ ਵਿਰੋਧ ਤੇਜ਼ ਕਰ ਦਿੱਤਾ ਗਿਆ ਹੈ। ਆਲੇ-ਦੁਆਲੇ ਦੇ ਪਿੰਡਾਂ ਦੇ ਲੋਕਾਂ ਨੇ ਇਕੱਠੇ ਹੋ ਕੇ ਚੰਡੀਗੜ੍ਹ-ਲੁਧਿਆਣਾ ਨੈਸ਼ਨਲ ਹਾਈਵੇ ‘ਤੇ ਧਰਨਾ ਲਾ ਦਿੱਤਾ। ਇਸ ਕਾਰਨ ਇਧਰ ਆਉਣ ਵਾਲੇ ਲੋਕਾਂ ਨੂੰ ਭਾਰੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ। ਜੇਕਰ ਤੁਸੀਂ ਵੀ ਇਸ ਹਾਈਵੇਅ ਵੱਲ ਜਾ ਰਹੇ ਹੋ ਤਾਂ ਤੁਸੀਂ ਵੀ ਮੁਸ਼ਕਲ ‘ਚ ਫਸ ਸਕਦੇ ਹਨ। ਫਿਲਹਾਲ ਧਰਨੇ ਨੂੰ ਲੈ ਕੇ ਪਿੰਡਾਂ ਦੇ ਲੋਕਾਂ ਦਾ ਕਹਿਣਾ ਹੈ ਕਿ ਇਸ ਪਲਾਂਟ ਦੇ ਨਾਲ ਇਲਾਕੇ ਅੰਦਰ ਬਿਮਾਰੀਆਂ ਫੈਲਣਗੀਆਂ ਤੇ ਪ੍ਰਦੂਸ਼ਣ ਕਾਫੀ ਜ਼ਿਆਦਾ ਵੱਧ ਜਾਵੇਗਾ, ਜਿਸ ਨਾਲ ਉਨ੍ਹਾਂ ਦਾ ਜਿਊਣਾ ਮੁਸ਼ਕਲ ਹੋ ਜਾਵੇਗਾ।
ਧਰਨੇ ਦੌਰਾਨ ਪਿੰਡ ਮੁਸਕਾਬਾਦ ਦੇ ਸਰਪੰਚ ਮਾਲਵਿੰਦਰ ਸਿੰਘ ਨੇ ਕਿਹਾ ਕਿ ਇਸ ਪਲਾਂਟ ਦੇ ਬਣਨ ਨਾਲ ਉਨ੍ਹਾਂ ਦੇ ਇਲਾਕੇ ‘ਚ ਪ੍ਰਦੂਸ਼ਣ ਦਾ ਪੱਧਰ ਵਧੇਗਾ। ਉਨ੍ਹਾਂ ਦਾ ਪੂਰਾ ਇਲਾਕਾ ਗ੍ਰੀਨ ਜ਼ੋਨ ‘ਚ ਹੈ। ਪਲਾਂਟ ਤੋਂ ਪਾਣੀ ਪ੍ਰਦੂਸ਼ਿਤ ਹੋ ਜਾਵੇਗਾ। ਬਿਮਾਰੀਆਂ ਫੈਲਣ ਦਾ ਡਰ ਰਹੇਗਾ। ਕੁੱਝ ਦੂਰੀ ‘ਤੇ ਰਿਹਾਇਸ਼ੀ ਇਲਾਕਾ ਹੋਣ ਕਾਰਨ ਗੈਸ ਲੀਕ ਹੋਣ ਨਾਲ ਵੱਡਾ ਹਾਦਸਾ ਵਾਪਰ ਸਕਦਾ ਹੈ। ਇਸ ਕਾਰਨ ਉਹ ਕਿਸੇ ਵੀ ਕੀਮਤ ’ਤੇ ਪਲਾਂਟ ਨਹੀਂ ਲੱਗਣ ਦੇਣਗੇ। ਉਨ੍ਹਾਂ ਨੇ ਕਿਹਾ ਕਿ ਜੇਕਰ ਸਰਕਾਰ ਤਰੱਕੀ ਕਰਨਾ ਚਾਹੁੰਦੀ ਹੈ ਤਾਂ ਉਦਯੋਗਿਕ ਖੇਤਰ ‘ਚ ਅਜਿਹੇ ਪਲਾਂਟ ਲਾਏ ਜਾਣ। ਬਾਕੀ ਪਏ ਉਦਯੋਗ ਚਾਲੂ ਕੀਤੇ ਜਾਣ। ਇਹ ਤਾਂ ਲੋਕਾਂ ਨੂੰ ਮਾਰਨ ਦੀ ਨੀਤੀ ਹੈ।
ਇਸ ਦੇ ਨਾਲ ਹੀ ਸਰਪੰਚ ਨੇ ਕਿਹਾ ਕਿ ਜੇਕਰ ਪਲਾਂਟ ਦਾ ਕੰਮ ਪੂਰੀ ਤਰ੍ਹਾਂ ਬੰਦ ਕਰਾ ਕੇ ਇਸ ਨੂੰ ਸ਼ਿਫਟ ਨਾ ਕੀਤਾ ਗਿਆ ਤਾਂ ਪੱਕੇ ਤੌਰ ‘ਤੇ ਮੇਨ ਹਾਈਵੇਅ ਰੋਕ ਲਏ ਜਾਣਗੇ। ਇਸ ਦੇ ਨਾਲ ਹੀ ਕਿਸਾਨ ਆਗੂ ਹਰਦੀਪ ਸਿੰਘ ਗਿਆਸਪੁਰਾ ਨੇ ਕਿਹਾ ਕਿ ਕਿਸਾਨ ਜੱਥੇਬੰਦੀਆਂ ਲੋਕਾਂ ਦੇ ਨਾਲ ਹਨ। ਇਹ ਪਲਾਂਟ ਕਿਸੇ ਵੀ ਕੀਮਤ ‘ਤੇ ਲੱਗਣ ਨਹੀਂ ਦਿੱਤਾ ਜਾਵੇਗਾ। ਉਨ੍ਹਾਂ ਕਿਹਾ ਕਿ ਇੱਕ ਦਿਨ ਦਾ ਧਰਨਾ ਲਗਾ ਕੇ ਚਿਤਾਵਨੀ ਦਿੱਤੀ ਗਈ ਹੈ। ਜੇਕਰ ਪਲਾਂਟ ਦਾ ਕੰਮ ਬੰਦ ਨਾ ਕੀਤਾ ਗਿਆ ਤਾਂ ਪੱਕੇ ਤੌਰ ‘ਤੇ ਮੋਰਚਾ ਲਗਾਇਆ ਜਾਵੇਗਾ। ਪਿੰਡ ਵਾਸੀ ਨਿਰਮਲ ਸਿੰਘ ਨੇ ਵੀ ਪਲਾਂਟ ਲਗਾਉਣ ਦਾ ਵਿਰੋਧ ਕੀਤਾ ਅਤੇ ਕਿਹਾ ਕਿ ਪ੍ਰਸ਼ਾਸਨ ਨੂੰ ਪਲਾਂਟ ਦਾ ਕੰਮ ਬੰਦ ਕਰਾਉਣਾ ਚਾਹੀਦਾ।