
ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਰਘਬੀਰ ਸਿੰਘ ਵੱਲੋਂ 22 ਜਨਵਰੀ ਨੂੰ ਅਯੁੱਧਿਆ ਵਿੱਚ ਹੋਣ ਵਾਲੇ ਸ਼੍ਰੀ ਰਾਮ ਲੱਲਾ ਦੇ ਪ੍ਰਾਣ ਪ੍ਰਤਿਸ਼ਠਾ ਸਮਾਗਮ ਵਿੱਚ ਸ਼ਾਮਲ ਹੋਣ ਦਾ ਸੱਦਾ ਠੁਕਰਾ ਦਿੱਤਾ ਹੈ। ਜਥੇਦਾਰ ਰਘਬੀਰ ਸਿੰਘ ਵੱਲੋਂ ਇਸ ਨੂੰ ਰੱਦ ਕਰਨ ਨਾਲ ਉਨ੍ਹਾਂ ਦੇ ਸਮਾਗਮ ਵਿੱਚ ਸ਼ਾਮਲ ਹੋਣ ਦੀਆਂ ਸੰਭਾਵਨਾਵਾਂ ਘੱਟ ਗਈਆਂ ਹਨ। ਇਸ ਬਾਰੇ ਜਾਣਕਾਰੀ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਧਰਮ ਪ੍ਰਚਾਰ ਕਮੇਟੀ ਪੰਜਾਬ ਦੇ ਪ੍ਰਚਾਰਕ ਅੰਗਰੇਜ਼ ਸਿੰਘ ਨੇ ਇੰਟਰਨੈੱਟ ਮੀਡੀਆ ਫ਼ੇਸਬੁੱਕ ‘ਤੇ ਪੋਸਟ ਸਾਂਝੀ ਕਰ ਕੇ ਦਿੱਤੀ ਹੈ। ਜਿਸ ਤੋਂ ਬਾਅਦ ਉਨ੍ਹਾਂ ਨੇ ਗਲਤ ਜਾਣਕਾਰੀ ਲਈ ਸੋਸ਼ਲ ਮੀਡੀਆ ‘ਤੇ ਮੁਆਫ਼ੀ ਮੰਗੀ ਹੈਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਧਰਮ ਪ੍ਰਚਾਰ ਕਮੇਟੀ ਪੰਜਾਬ ਦੇ ਪ੍ਰਚਾਰਕ ਅੰਗਰੇਜ਼ ਸਿੰਘ ਨੇ ਸੋਸ਼ਲ ਮੀਡੀਆ ‘ਤੇ ਮੁਆਫ਼ੀ ਵਾਲੀ ਪੋਸਟ ਸਾਂਝੀ ਕਰਦਿਆਂ ਕਿਹਾ ਕਿ ਸ੍ਰੀ ਅਕਾਲ ਤਖ਼ਤ ਸਾਹਿਬ ਜਥੇਦਾਰ ਰਘਬੀਰ ਸਿੰਘ ਜੀ ਦੇ ਮੀਡੀਆ ਸਲਾਹਕਾਰ ਤਲਵਿੰਦਰ ਸਿੰਘ ਬੁੱਟਰ ਤੋਂ ਮਿਲੀ ਜਾਣਕਾਰੀ ਅਨੁਸਾਰ ਰਾਮ ਮੰਦਰ ਉਦਘਾਟਨ ‘ਚ ਸਿੰਘ ਸਾਹਿਬ ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਜੀ ਦੇ ਜਾਣ ਜਾਂ ਨਾ ਜਾਣ ਦਾ ਕੋਈ ਵਿਚਾਰ ਤੈਅ ਨਹੀਂ ਹੈ। ਗਲਤ ਮਿਲੀ ਜਾਣਕਾਰੀ ਦੀ ਪੋਸਟ ਪਾਉਣ ਲਈ ਮੈਂ ਸੰਗਤਾਂ ਤੋਂ ਖਿਮਾਂ ਦਾ ਜਾਚਕ ਹਾਂ।
ਕੀ ਸੀ ਪੰਜਾਬ ਦੇ ਪ੍ਰਚਾਰਕ ਅੰਗਰੇਜ਼ ਸਿੰਘ ਦੀ ਪਹਿਲੀ ਪੋਸਟ —-ਪ੍ਰਚਾਰਕ ਅੰਗਰੇਜ਼ ਸਿੰਘ ਨੇ ਪੋਸਟ ਵਿਚ ਕਿਹਾ ਹੈ ਕਿ ਸਿੱਖ ਕੌਮ ਦੀਆਂ ਭਾਵਨਾਵਾਂ ਨੂੰ ਮੱਦੇਨਜ਼ਰ ਰੱਖਦਿਆ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਰਘਬੀਰ ਸਿੰਘ ਨੇ ਰਾਮ ਮੰਦਰ ਦੇ ਉਦਘਾਟਨੀ ਸਮਾਗਮ ਦੌਰਾਨ ਅਯੁੱਧਿਆ ਜਾਣ ਦਾ ਪ੍ਰੋਗਰਾਮ ਰੱਦ ਕਰ ਦਿੱਤਾ ਹੈ। ਹਾਲਾਂ ਕਿ ਇਸ ਦਾ ਕਾਰਨ ਇਹ ਦੱਸਿਆ ਜਾ ਰਿਹਾ ਹੈ ਕਿ ਉਹਨਾਂ ਨੂੰ ਕਿਸੇ ਅਧਿਕਾਰਕ ਸੰਸਥਾ ਜਾਂ ਵਿਅਕਤੀ ਵਿਸ਼ੇਸ਼ ਵੱਲੋਂ ਇਹ ਸੱਦਾ ਨਹੀਂ ਦਿੱਤਾ ਗਿਆ। ਰਾਮ ਮੰਦਰ ਦੀ ਇਮਾਰਤ ਉਸ ਜਗ੍ਹਾ ਬਣਾਈ ਗਈ ਹੈ ਜਿੱਥੇ ਪਹਿਲਾਂ ਬਾਬਰੀ ਮਸਜਿਦ ਦੀ ਇਮਾਰਤ ਸੀ ਜਿਸ ਨੂੰ ਭਾਰਤੀ ਜਨਤਾ ਪਾਰਟੀ, ਆਰਐੱਸਐੱਸ ਅਤੇ ਵਿਸ਼ਵ ਹਿੰਦੂ ਪ੍ਰੀਸ਼ਦ ਦੀ ਅਗਵਾਈ ‘ਚ ਅੱਤਵਾਦੀਆਂ ਨੇ ਢਾਹ ਦਿੱਤਾ ਸੀ। ਗਿਆਨੀ ਰਘਬੀਰ ਸਿੰਘ ਦੇ ਅਯੁੱਧਿਆ ਨਾ ਜਾਣ ਬਾਰੇ ਜਾਣਕਾਰੀ ਸ੍ਰੀ ਅਕਾਲ ਤਖ਼ਤ ਸਾਹਿਬ ਸਕੱਤਰੇਤ ਨੇ ਦਿੱਤੀ ਹੈ।

ਉਨ੍ਹਾਂ ਪੁਸ਼ਟੀ ਕੀਤੀ ਹੈ ਕਿ ਉਨ੍ਹਾਂ ਨੂੰ ਇਹ ਸੂਚਨਾ ਸ੍ਰੀ ਅਕਾਲ ਤਖ਼ਤ ਸਕੱਤਰੇਤ ਤੋਂ ਮਿਲੀ ਹੈ। ਜਿਸ ਤੋਂ ਬਾਅਦ ਜਥੇਦਾਰ ਗਿਆਨੀ ਰਘਬੀਰ ਸਿੰਘ ਦੇ ਮੀਡੀਆ ਸਲਾਹਕਾਰ ਤਲਵਿੰਦਰ ਸਿੰਘ ਬੁੱਟਰ ਨੇ ਕਿਹਾ ਕਿ ਸ੍ਰੀ ਅਕਾਲ ਤਖ਼ਤ ਸਾਹਿਬ ਵੱਲੋਂ ਅਜਿਹਾ ਕੋਈ ਬਿਆਨ ਜਾਰੀ ਨਹੀਂ ਕੀਤਾ ਗਿਆ। ਉਨ੍ਹਾਂ ਇਸ ਪੋਸਟ ਦੀ ਪੁਸ਼ਟੀ ਨਾ ਕਰਦਿਆਂ ਸਿਰਫ਼ ਇੰਨਾ ਹੀ ਕਿਹਾ ਹੈ ਕਿ ਫਿਲਹਾਲ ਉਹ ਅਧਿਕਾਰਤ ਤੌਰ ’ਤੇ ਕੋਈ ਟਿੱਪਣੀ ਕਰਨ ਤੋਂ ਅਸਮਰੱਥ ਹਨ, ਕਿਉਂਕਿ ਜਥੇਦਾਰ ਨੇ ਸੱਦਾ ਪ੍ਰਵਾਨ ਕੀਤਾ ਹੈ ਜਾਂ ਨਹੀਂ, ਉਨ੍ਹਾਂ ਨੂੰ ਇਸ ਬਾਰੇ ਜਥੇਦਾਰ ਵੱਲੋਂ ਕੋਈ ਜਾਣਕਾਰੀ ਨਹੀਂ ਦਿੱਤੀ ਗਈ ਹੈ।
ਜ਼ਿਕਰਯੋਗ ਹੈ ਕਿ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਰਘਬੀਰ ਸਿੰਘ ਦੇ ਮੀਡੀਆ ਸਲਾਹਕਾਰ ਤਲਵਿੰਦਰ ਸਿੰਘ ਬੁੱਟਰ ਨੇ ਕਿਹਾ ਕਿ ਸ੍ਰੀ ਅਕਾਲ ਤਖ਼ਤ ਸਾਹਿਬ ਸਕੱਤਰੇਤ ਦੇ ਧਿਆਨ ਵਿਚ ਆਇਆ ਹੈ ਕਿ ਸੋਸ਼ਲ ਮੀਡੀਆ ‘ਤੇ ਕੁਝ ਲੋਕ ਸ੍ਰੀ ਅਕਾਲ ਤਖ਼ਤ ਸਾਹਿਬ ਸਕੱਤਰੇਤ ਦੇ ਹਵਾਲੇ ਨਾਲ ਰਾਮ ਮੰਦਰ ਉਦਘਾਟਨ ਦੇ ਮੁੱਦੇ ‘ਤੇ ਤਰ੍ਹਾਂ-ਤਰ੍ਹਾਂ ਦਾ ਗੁੰਮਰਾਹਕੁੰਨ ਪ੍ਰਚਾਰ ਕਰ ਰਹੇ ਹਨ। ਅਜਿਹੇ ਲੋਕ ਸ੍ਰੀ ਅਕਾਲ ਤਖ਼ਤ ਸਾਹਿਬ ਵਲੋਂ ਕਿਸੇ ਵੀ ਤਰ੍ਹਾਂ ਦੀ ਬਿਆਨਬਾਜ਼ੀ ਕਰਨ ਲਈ ਅਧਿਕਾਰਤ ਨਹੀਂ ਹਨ ਅਤੇ ਇਸ ਤਰ੍ਹਾਂ ਦੀਆਂ ਅਪੁਸ਼ਟ ਅਫ਼ਵਾਹਾਂ ਫੈਲਾਉਣ ਦਾ ਮਕਸਦ ਕੇਵਲ ਤੇ ਕੇਵਲ ਪੰਥ ਵਿਚ ਦੁਬਿਧਾਵਾਂ ਪੈਦਾ ਕਰਨਾ ਹੈ।
ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਸਿੰਘ ਸਾਹਿਬਾਨ ਵਲੋਂ ਸਿੱਖ ਸਿਧਾਂਤਾਂ, ਪਰੰਪਰਾਵਾਂ ਅਤੇ ਗੁਰਬਾਣੀ ਫ਼ਲਸਫ਼ੇ ਤੋਂ ਸੇਧ ਲੈਂਦਿਆਂ ਕਿਸੇ ਵੀ ਆਦੇਸ਼, ਸੰਦੇਸ਼, ਹੁਕਮਨਾਮਾ ਅਤੇ ਪੰਥਕ ਗੁਰਮਤੇ ਦੀ ਸੂਚਨਾ ਅਧਿਕਾਰਤ ਤੌਰ ‘ਤੇ ਸਕੱਤਰੇਤ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜ਼ਿੰਮੇਵਾਰ ਅਧਿਕਾਰੀਆਂ ਵਲੋਂ ਹੀ ਜਾਰੀ ਕੀਤੀ ਜਾਂਦੀ ਹੈ। ਸੰਗਤਾਂ ਅਤੇ ਪੱਤਰਕਾਰ ਭਾਈਚਾਰਾ ਗੁੰਮਰਾਹਕੁੰਨ ਅਫ਼ਵਾਹਾਂ ਤੋਂ ਸੁਚੇਤ ਰਹਿਣ ਅਤੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਹਵਾਲੇ ਨਾਲ ਕੋਈ ਵੀ ਖ਼ਬਰ/ ਸੂਚਨਾ ਪ੍ਰਸਾਰਿਤ ਕਰਨ ਤੋਂ ਪਹਿਲਾਂ ਸ੍ਰੀ ਅਕਾਲ ਤਖ਼ਤ ਸਾਹਿਬ ਸਕੱਤਰੇਤ ਤੋਂ ਉਸ ਦੀ ਅਧਿਕਾਰਤ ਪ੍ਰਮਾਣਿਕਤਾ ਤੇ ਪੁਸ਼ਟੀ ਕਰਨੀ ਜ਼ਰੂਰੀ ਸਮਝੀ ਜਾਵੇ। 
Punjabi In World Punjabi In World is a Web News Channel about Punjab and Punjabis residing in the different parts of the world. It covers news about People of Punjab, Politics, Sikh Religion, Village Sports, Punjabi Entertainment and International affairs that interest Punjabi.