ਭਾਈ ਅੰਮ੍ਰਿਤਪਾਲ ਸਿੰਘ ਨੇ ਕੀਤਾ ਵੱਡਾ ਐਲਾਨ

ਵਾਰਿਸ ਪੰਜਾਬ ਦੇ ਜੱਥੇਬੰਦੀ ਵਲੋਂ ਆਯੋਜਿਤ ਕਰੀਬ 10 ਦਿਨਾਂ ਤੱਕ ਚੱਲਣ ਵਾਲਾ ਕਾਫ਼ਲਾ, ਜਿਸ ਨੂੰ ‘ਖਾਲਸਾ ਵਹੀਰ’ ਦਾ ਨਾਮ ਦਿੱਤਾ ਗਿਆ ਹੈ ਸਿੱਖ ਆਗੂ ਅਮ੍ਰਿਤਪਾਲ ਸਿੰਘ ਦੀ ਅਗਵਾਈ ਵਿੱਚ ਅਕਾਲ ਤਖ਼ਤ ਤੋਂ ਤੁਰ ਪਿਆ ਹੈ। ਵਹੀਰ ਦੀ ਅਰਦਾਸ ਲਈ ਅਮ੍ਰਿਤਪਾਲ ਸਿੰਘ ਆਪਣੇ ਸਮਰਥਕਾਂ ਦੇ ਨਾਲ ਅਕਾਲ ਤਖ਼ਤ ਸਾਹਿਬ ਪਹੁੰਚੇ। ਉੱਥੇ ਉਨ੍ਹਾਂ ਨੇ ਅਰਦਾਸ ਕੀਤੀ। ਇਸ ਮਗਰੋਂ ਉਨ੍ਹਾਂ ਨੇ ਚਾਲੇ ਪਾਏ। ਅਮ੍ਰਿਤਪਾਲ ਸਿੰਘ ਅਗਵਾਈ ਵਿੱਚ ਸ਼ੁਰੂ ਹੋਏ ਇਸ ਕਾਫ਼ਲੇ ਵਿੱਚ ਵੱਡੀ ਗਿਣਤੀ ਲੋਕਾਂ ਨੇ ਹਿੱਸਾ ਲਿਆ। ਮੀਡੀਆ ਨਾਲ ਗੱਲ ਕਰਦਿਆਂ ਅਮ੍ਰਿਤਪਾਲ ਵਲੋਂ ਇਸ ਵਹੀਰ ਨੂੰ ਧਰਮ ਪ੍ਰਚਾਰ ਦਾ ਜ਼ਰੀਆ ਦੱਸਿਆ ਗਿਆ ਤੇ ਕਿਸੇ ਵੀ ਧਰਮ ਦੇ ਲੋਕ ਜੋ ਸਿੱਖ ਧਰਮ ਨੂੰ ਸਮਝਣਾ ਚਾਹੁੰਦੇ ਹੋਣ ਦਾ ਸਵਾਗਤ ਕਰਨ ਦੀ ਗੱਲ ਆਖੀ ਗਈ।

ਇਸ ਵਹੀਰ ਲਈ ਇਕ ਰੂਟ ਨਿਰਧਾਰਿਤ ਕਰਨ ਦੇ ਨਾਲ ਨਾਲ, ਹਿੱਸਾ ਲੈਣ ਵਾਲਿਆਂ ਲਈ ਕੁਝ ਹਦਾਇਤਾਂ ਵੀ ਜਥੇਬੰਦੀ ਵਲੋਂ ਜਾਰੀ ਕੀਤੀਆਂ ਗਈਆਂ ਸਨ। 1-2 ਦਸੰਬਰ ਤੱਕ ਚੱਲਣ ਵਾਲੇ ਇਹ ਮਾਰਚ ਵੱਖ-ਵੱਖ ਥਾਵਾਂ ‘ਤੇ ਰੁਕੇਗਾ। ਜੰਡਿਆਲਾ , ਡੱਡੂਆਣਾ, ਭੋਏਵਾਲ, ਮਹਿਤਾ ਚੌਕ, ਬਾਬਾ ਬਕਾਲਾ ਸਾਹਿਬ, ਮੀਆਂਵਿੰਡ, ਨਾਗੋਕੇ/ਖਡੂਰ ਸਾਹਿਬ, ਧੂੰਦਾ/ ਗੋਇੰਦਵਾਲ ਸਾਹਿਬ, ਨਵਾਂ ਸ਼ਹਿਰ ਤੇ ਰੋਪੜ ਤੋਂ ਹੁੰਦਾ ਹੋਇਆ ਸ਼੍ਰੀ ਅੰਨਦਪਰ ਸਾਹਿਬ ਜਾ ਕੇ ਰੁਕੇਗਾ। ਪੰਜਾਬ ਦੀ ਸਿਆਸਤ ਵਿੱਚ ਪਿਛਲੇ ਕੁਝ ਸਮੇਂ ਤੋਂ ਅਮ੍ਰਿਤਪਾਲ ਸਿੰਘ ਦਾ ਨਾਮ ਚਰਚਾ ਵਿੱਚ ਹੈ। ਕਈ ਵਾਰ ਉਹਨਾਂ ਨੂੰ ਆਪਣੀ ਤਿੱਖੀ ਬਿਆਨਬਾਜ਼ੀ ਕਾਰਨ ਅਲੋਚਨਾ ਦਾ ਸਾਹਮਣਾ ਵੀ ਕਰਨਾ ਪਿਆ ਹੈ।

ਅਮ੍ਰਿਤਪਾਲ ਸਿੰਘ ਮਰਹੂਮ ਅਦਾਕਾਰ ਸੰਦੀਪ ਸਿੰਘ ਉਰਫ਼ ਦੀਪ ਸਿੱਧੂ ਵਲੋਂ ਬਣਾਈ ਗਈ ”ਵਾਰਸ ਪੰਜਾਬ ਦੇ” ਜਥੇਬੰਦੀ ਦੇ ਨਵੇਂ ਮੁਖੀ ਹਨ। ਉਨ੍ਹਾਂ ਦੀ ਦਸਤਾਰਬੰਦੀ ਜਥੇਬੰਦੀ ਦੀ ਪਹਿਲੀ ਵਰ੍ਹੇਗੰਢ ਮੌਕੇ 29 ਸਤੰਬਰ ਨੂੰ ਕੀਤੀ ਗਈ ਹੈ। ਅਮ੍ਰਿਤਪਾਲ ਨੇ ਕਿਹਾ ਕਿ ਪੁਰਾਣੀ ਰਿਵਾਇਤ ਦਾ ਪਾਲਣ ਕਰਦਿਆਂ ਅਸੀਂ ਪੜਾਅ ਦਰ ਪੜਾਅ ਸਫ਼ਰ ਕਰਾਂਗੇ ਤੇ ਇਸ ਦੌਰਾਨ ਅੰਮ੍ਰਿਤ ਛੁਕਾਉਣ ਦਾ ਕੰਮ ਵੀ ਜਾਰੀ ਰਹੇਗਾ। ਕਰੀਬ ਇੱਕ ਮਹੀਨਾ ਚੱਲਣ ਵਾਲੇ ਇਸ ਪ੍ਰੋਗਰਾਮ ਨੂੰ ਅੱਗੇ ਵਧਾਉਂਦਿਆਂ ਇਸ ਤੋਂ ਬਾਅਦ ਮਾਲਵੇ ਵਿੱਚ ਵੀ ਪ੍ਰਚਾਰ ਲਈ ਜਾਇਆ ਜਾਵੇਗਾ। ਅਮ੍ਰਿਤਪਾਲ ਨੇ ਕਿਹਾ ਕਿ ਇਸ ਦੌਰਾਨ ਜਿੰਨੇ ਵੀ ਨੌਜਵਾਨ ਅੰਮ੍ਰਿਤ ਛੱਕਣਗੇ ਉਹ ਨਸ਼ਿਆਂ ਤੋਂ ਦੂਰ ਜਾਣਗੇ ਤੇ ਇਹ ਸਮਾਜਿਕ ਬਦਲਾਅ ਦੀ ਨੀਂਹ ਹੀ ਹੈ। ਖਾਲਸਾ ਵਹੀਰ ਬਾਰੇ ਦੱਸਦਿਆਂ ਉਨ੍ਹਾਂ ਕਿਹਾ ਕਿ ਆਬਾਦੀ ਵਾਲੇ ਖੇਤਰਾਂ ਵਿੱਚ ਪੈਦਲ ਯਾਤਰਾ ਕੀਤੀ ਜਾਵੇਗੀ ਤੇ ਬਾਕੀ ਰਸਤਿਆਂ ’ਤੇ ਪੰਜ ਪਿਆਰਿਆਂ ਵਲੋਂ ਘੋੜਿਆਂ ’ਤੇ ਅਗਵਾਈ ਵਿੱਚ ਉਨ੍ਹਾਂ ਦੀ ਰਫ਼ਤਾਰ ਨਾਲ ਕਾਫ਼ਲਾ ਅੱਗੇ ਵਧੇਗਾ।