Home / ਦੁਨੀਆ ਭਰ / ਗੁਰੂ ਰਾਮਦਾਸ ਸਾਹਿਬ ਜੀ ਦੀ ਹੋਈ ਕਿਰਪਾ

ਗੁਰੂ ਰਾਮਦਾਸ ਸਾਹਿਬ ਜੀ ਦੀ ਹੋਈ ਕਿਰਪਾ

ਗੁਰੂ ਰਾਮਦਾਸ ਜੀ, ਜਿਨ੍ਹਾਂ ਦਾ ਬਚਪਨ ਦਾ ਨਾਮ ਭਾਈ ਜੇਠਾ ਸੀ, ਦਾ ਜਨਮ ਕੱਤਕ ਵਦੀ 2, ਸੰਮਤ 1591 ਬਿਕ੍ਰਮੀ (24 ਸਤੰਬਰ 1534 ਈ:) ਨੂੰ ਚੂਨਾ ਮੰਡੀ ਲਾਹੌਰ ਦੇ ਵਸਨੀਕ ਭਾਈ ਹਰਿਦਾਸ ਜੀ ਅਤੇ ਮਾਤਾ ਦਇਆ ਕੌਰ ਜੀ ਦੇ ਘਰ ਹੋਇਆ। ਪਲੇਠਾ ਪੁੱਤਰ ਹੋਣ ਕਰ ਕੇ ਇਨ੍ਹਾਂ ਦਾ ਨਾਂ ਭਾਈ ਜੇਠਾ ਜੀ ਹੋ ਗਿਆ। ਜਿਸ ਦਿਨ ਭਾਈ ਜੇਠਾ ਜੀ ਦਾ ਜਨਮ ਹੋਇਆ, ਉਸ ਸਮੇਂ ਗੁਰੂ ਨਾਨਕ ਦੇਵ ਜੀ ਦੀ ਦੁਨਿਆਵੀ ਉਮਰ ਲਗਭਗ 65 ਸਾਲ, ਸ੍ਰੀ ਗੁਰੂ ਅਮਰਦਾਸ ਜੀ ਦੀ 55 ਸਾਲ ਅਤੇ ਭਾਈ ਲਹਿਣਾ ਜੀ ਦੀ 30 ਸਾਲ ਸੀ। ਭਾਵੇਂ ਚਾਰੇ ਗੁਰੂ ਜਿਸਮਾਨੀ ਤੌਰ ਤੇ ਮੌਜੂਦ ਸਨ ਪਰ ਮਿਲਾਪ ਅਜੇ ਪਹਿਲੀ ਪਾਤਸ਼ਾਹੀ ਅਤੇ ਭਾਈ ਲਹਿਣਾ ਜੀ ਦਾ ਹੀ ਹੋਇਆ ਸੀ।

new

ਭਾਈ ਜੇਠਾ ਜੀ ਅਜੇ ਬਚਪਨ ਦੀਆਂ ਦਹਿਲੀਜ਼ਾਂ ਤੇ ਹੀ ਵਿਚਰ ਰਹੇ ਸਨ ਕਿ ਪਹਿਲਾਂ ਮਾਤਾ ਜੀ ਅਤੇ ਫਿਰ ਪਿਤਾ ਸ੍ਰੀ ਹਰਿਦਾਸ ਜੀ ਇਸ ਦੁਨੀਆਂ ਤੋਂ ਕੂਚ ਕਰ ਗਏ। ਜਦ ਆਪ ਦੁਨਿਆਵੀ ਤੌਰ ‘ਤੇ ਯਤੀਮ ਹੋ ਗਏ ਤਾਂ ਆਪ ਜੀ ਦੀ ਨਾਨੀ ਆਪ ਨੂੰ ਅਪਣੇ ਪਿੰਡ ਬਾਸਰਕੇ ਲੈ ਆਈ। ਲਾਹੌਰ ਤੋਂ ਦੋਹਤੇ ਦੇ ਅਪਣੇ ਨਾਨਕੇ ਘਰ ਆਉਣ ਦੀ ਖ਼ਬਰ ਸਾਰੇ ਪਿੰਡ ਵਿਚ ਫੈਲ ਗਈ। ਪਿੰਡ ਦੇ ਬਹੁਤ ਸਾਰੇ ਨੇਕ ਪੁਰਸ਼ ਅਤੇ ਔਰਤਾਂ ਬਾਲਕ ਜੇਠੇ ਦਾ ਧੀਰ ਬਨ੍ਹਾਉਣ ਲਈ ਆਉਣ ਲੱਗੇ। ਇਨ੍ਹਾਂ ਧੀਰ ਬਨ੍ਹਾਉਣ ਵਾਲਿਆਂ ਵਿਚ (ਗੁਰੂ) ਅਮਰਦਾਸ ਜੀ ਵੀ ਸਨ। ਉਨ੍ਹਾਂ ਦੇ ਕੋਮਲ ਹਿਰਦੇ ‘ਤੇ ਭਾਈ ਜੇਠੇ ਦੀ ਦੁਖਦਾਈ ਸਥਿਤੀ ਦਾ ਡੂੰਘਾ ਅਸਰ ਹੋਇਆ। ਇਸ ਅਸਰ ਕਰ ਕੇ ਉਨ੍ਹਾਂ ਦੀ ਆਪਸੀ ਨੇੜਤਾ ਕਾਫ਼ੀ ਵਧਣ ਲੱਗ ਪਈ।ਭਾਈ ਜੇਠਾ ਜੀ ਅਪਣੇ ਨਾਨਕੇ ਘਰ ਰਹਿ ਕੇ ਘੁੰਙਣੀਆਂ ਵੇਚਣ ਦਾ ਕੰਮ ਕਰਦੇ ਸਨ ਅਤੇ ਇਨ੍ਹਾਂ ਦੀ ਵੱਟਕ ਨਾਲ ਅਪਣੀ ਅਤੇ ਨਾਨੀ ਜੀ ਦੀ ਉਦਰ-ਜਵਾਲਾ ਸ਼ਾਂਤ ਕਰਿਆ ਕਰਦੇ ਸਨ। ਇਸ ਸਮੇਂ ਦੌਰਾਨ (ਗੁਰੂ) ਅਮਰਦਾਸ ਜੀ ਜਦ ਕਦੇ ਖਡੂਰ ਸਾਹਿਬ ਤੋਂ ਬਾਸਰਕੇ ਆਉਂਦੇ ਤਾਂ ਉਹ ਭਾਈ ਜੇਠਾ ਜੀ ਨੂੰ ਜ਼ਰੂਰ ਮਿਲਦੇ ਅਤੇ ਘੰਟਿਆਂ ਬੱਧੀ ਦੁਨਿਆਵੀ ਅਤੇ ਇਲਾਹੀ ਗੱਲਾਂ ਹੁੰਦੀਆਂ ਰਹਿੰਦੀਆਂ।

ਜਦ ਗੋਂਦੇ ਖਤਰੀ ਦੀ ਬੇਨਤੀ ਤੇ ਸ੍ਰੀ ਗੁਰੂ ਅਮਰਦਾਸ ਜੀ ਨੇ ਦਰਿਆ ਬਿਆਸ ਦੇ ਕੰਢੇ ਗੋਇੰਦਵਾਲ ਸਾਹਿਬ ਨਗਰ ਵਸਾਇਆ ਤਾਂ ਉਨ੍ਹਾਂ ਦੇ ਕਈ ਰਿਸ਼ਤੇਦਾਰ ਅਤੇ ਸਨੇਹੀ ਵੀ ਗੋਇੰਦਵਾਲ ਸਾਹਿਬ ਆ ਗਏ।ਗੁਰੂ ਦਰਸ਼ਨਾਂ ਦੀ ਤਾਂਘ ਭਾਈ ਜੇਠਾ ਜੀ ਨੂੰ ਵੀ ਇਥੇ ਲੈ ਆਈ। ਉਸ ਵਕਤ ਉਨ੍ਹਾਂ ਦੀ ਉਮਰ ਲਗਭਗ 12 ਕੁ ਸਾਲ ਦੀ ਸੀ। ਅਵਸਥਾ ਭਾਵੇਂ ਅਜੇ ਬਾਲਪਨ ਵਾਲੀ ਹੀ ਸੀ ਪਰ ਸ੍ਰੀ ਗੁਰੂ ਅਮਰਦਾਸ ਜੀ ਦੇ ਪ੍ਰਭਾਵ ਸਦਕਾ ਸੂਝ ਵਿਚ ਪਕਿਆਈ ਆ ਰਹੀ ਸੀ। ਇਸ ਪਕਿਆਈ ਸਦਕਾ ਸ੍ਰੀ ਗੁਰੂ ਨਾਨਕ ਸਾਹਿਬ ਦੇ ਦਰਬਾਰ ਦੀ ਰੰਗਤ ਭਾਈ ਜੇਠਾ ਜੀ ‘ਤੇ ਖ਼ੂਬ ਚੜ੍ਹਨ ਲੱਗੀ। ਸ੍ਰੀ ਗੁਰੂ ਅਮਰਦਾਸ ਜੀ ਨੇ ਭਾਈ ਜੇਠਾ ਜੀ ਨੂੰ 10-12 ਸਾਲ ਅਪਣੀ ਨਿਗਰਾਨੀ ਵਿਚ ਰਖਿਆ ਅਤੇ ਉਨ੍ਹਾਂ ਸਾਰੇ ਗੁਣਾਂ ਨੂੰ ਵਾਚਿਆ ਸੀ ਜੋ ਕਿਸੇ ਉਚੇਚੀ ਜ਼ਿੰਮੇਵਾਰੀ ਨੂੰ ਨਿਭਾਉਣ ਲਈ ਜ਼ਰੂਰੀ ਹੁੰਦੇ ਹਨ। ਗੁਰੂ ਸਾਹਿਬ ਨੇ ਇਨ੍ਹਾਂ ਗੁਣਾਂ ਦੀ ਕਦਰ ਕਰਦਿਆਂ 22 ਫੱਗਣ ਸੰਮਤ 1610 ਨੂੰ ਅਪਣੀ ਲਾਡਲੀ ਸਪੁੱਤਰੀ ਬੀਬੀ ਭਾਨੀ ਜੀ ਦਾ ਵਿਆਹ ਭਾਈ ਜੇਠਾ ਜੀ ਨਾਲ ਕਰ ਦਿਤਾ। ਇਸ ਬਖ਼ਸ਼ਿਸ਼ ਨਾਲ ਭਾਈ ਜੇਠਾ ਜੀ ਗੁਰੂ-ਦਰਬਾਰ ਦੇ ਨਾਲ-ਨਾਲ ਗੁਰੂ-ਪਰਵਾਰ ਦੇ ਅੰਗ ਬਣ ਗਏ।

newhttps://punjabiinworld.com/wp-admin/options-general.php?page=ad-inserter.php#tab-4
Advertisement

Check Also

H-1B ਵੀਜ਼ਾ ਤੇ ਗ੍ਰੀਨ ਕਾਰਡ ਨੂੰ ਲੈਕੇ ਚੰਗੀ ਖ਼ਬਰ

ਅਮਰੀਕੀ ਰਾਸ਼ਟਰਪਤੀ ਜੋਅ ਬਾਈਡੇਨ ਐੱਚ-1ਬੀ ਵੀਜ਼ਾ ਪ੍ਰਕਿਰਿਆ, ਗ੍ਰੀਨ ਕਾਰਡ ਬੈਕਲਾਗ ਅਤੇ ਇਮੀਗ੍ਰੇਸ਼ਨ ਪ੍ਰਣਾਲੀ ਨਾਲ ਜੁੜੇ …

error: Content is protected !!